ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਬੋਗਸ ਖਰੀਦ ਤੇ ਦੂਜੇ ਰਾਜਾਂ ਤੋਂ ਅਣਅਧਿਕਾਰਤ ਝੋਨਾ ਲਿਆਉਣ ਤੋਂ ਰੋਕਣ ਲਈ ਉਡਣ ਦਸਤੇ ਗਠਿਤ
ਪਟਿਆਲਾ, 2 ਅਕੂਤਬਰ (ਰਾਜੇਸ਼ ਗੌਤਮ)
ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਜੂਦਾ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਝੋਨੇ ਜਾਂ ਚੌਲਾਂ ਦੀ ਬੋਗਸ ਖਰੀਦ/ ਗ਼ੈਰ ਕਾਨੂੰਨੀ ਰੀਸਾਇਕਲਿੰਗ ਕਰਨ ਦੇ ਖਦਸ਼ਿਆਂ ਦੇ ਮੱਦੇਨਜ਼ਰ ਉਡਣ ਦਸਤੇ ਗਠਿਤ ਕੀਤੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਾਪਤ ਹਦਾਇਤਾਂ ਮੁਤਾਬਕ ਦੂਜੇ ਰਾਜਾਂ ਤੋਂ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਐਸ.ਡੀ.ਐਮਜ਼ ਦੀ ਅਗਵਾਈ ਹੇਠ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਇਹ ਹੁਕਮ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਜ਼ਿਲ੍ਹਾ ਮੰਡੀ ਅਫ਼ਸਰ, ਸਹਾਇਕ ਕਮਿਸ਼ਨਰ, ਕਰ ਅਤੇ ਆਬਕਾਰੀ ਵਿਭਾਗ / ਜੀ.ਐਸ.ਟੀ. ਵਿੰਗ, ਪਟਿਆਲਾ, ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵੀ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਉਡਣ ਦਸਤੇ ਹਰ ਮਾਰਕੀਟ ਕਮੇਟੀ ਪੱਧਰ ਉਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ/ਚਾਵਲ ਦੀ ਚੈਕਿੰਗ ਕਰਨਗੇ ਅਤੇ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੌਰ ਉਤੇ ਰੋਜ਼ਾਨਾ ਸ਼ਾਮ ਜਾਂ ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰ ਕਾਨੂੰਨੀ ਝੋਨੇ ਅਤੇ ਚਾਵਲ ਦੇ ਪਾਏ ਜਾਣ ਵਾਲੇ ਟਰੱਕ ਜਾਂ ਗੁਦਾਮ ਜਬਤ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣਗੇ।