ਸੈਂਟਰਲ ਯੂਨੀਵਰਸਿਟੀ ਵਿਖੇ ਸੀਯੂਈਟੀ (ਪੀਜੀ) – 2022 ਰਾਹੀਂ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ 30 ਸਤੰਬਰ, 2022 ਤੋਂ ਸ਼ੁਰੂ ਹੋਵੇਗੀ
ਬਠਿੰਡਾ, 27 ਸਤੰਬਰ (ਲੋਕੇਸ਼ ਕੌਂਸਲ)
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ 44 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ, 3 ਪੀਜੀ ਡਿਪਲੋਮਾ ਅਤੇ 4 ਸਰਟੀਫਿਕੇਟ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ ਪ੍ਰਕਿਰਿਆ 30 ਸਤੰਬਰ ਤੋਂ ਸ਼ੁਰੂ ਹੋਵੇਗੀ। ਯੂਨੀਵਰਸਿਟੀ ਨੇ ਸੋਮਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਸੀਯੂਈਟੀ (ਪੀਜੀ) – 2022 ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਇਹ ਘੋਸ਼ਣਾ ਕੀਤੀ।
ਇਸ ਨੋਟੀਫਿਕੇਸ਼ਨ ਦੇ ਤਹਿਤ, ਜੋ ਉਮੀਦਵਾਰ ਸੀਯੂਈਟੀ (ਪੀਜੀ) – 2022 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਅਤੇ ਅਕਾਦਮਿਕ ਸੈਸ਼ਨ 2022-23 ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ, ਉਹਨਾਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਆਨਲਾਈਨ ਕਾਉਂਸਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ 30 ਸਤੰਬਰ 2022 ਤੋਂ 3 ਅਕਤੂਬਰ 2022 ਤੱਕ ਯੂਨੀਵਰਸਿਟੀ ਦੀ ਵੈੱਬਸਾਈਟ www.cup.edu.in ‘ਤੇ ਰਜਿਸਟਰ ਕਰਨਾ ਹੋਵੇਗਾ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀਯੂਈਟੀ (ਪੀਜੀ) – 2022 ਦੀ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਆਨਲਾਈਨ ਕਾਉਂਸਲਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਹੈ ਕਿਉਂਕਿ ਯੂਨੀਵਰਸਿਟੀ ਨੇ ਲਗਾਤਾਰ ਪਿਛਲੇ ਚਾਰ ਸਾਲਾਂ ਵਿੱਚ ਐਨ.ਆਈ.ਆਰ.ਐਫ. ਰੈਂਕਿੰਗ ਵਿੱਚ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸ ਯੂਨੀਵਰਸਿਟੀ ਦਾ ਧਿਆਨ ਵਿਦਿਆਰਥੀ ਕੇਂਦਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤ ਦੇ ਉਭਰਦੇ ਖੋਜਾਰਥੀਆਂ ਨੂੰ ਵਧੀਆ ਖੋਜ ਵਾਤਾਵਰਣ ਪ੍ਰਦਾਨ ਕਰਨ ‘ਤੇ ਕੇਂਦਰਿਤ ਹੈ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ. ਪੀ. ਗਰਗ ਨੇ ਦੱਸਿਆ ਕਿ ਇਸ ਸਾਲ 2 ਲੱਖ ਤੋਂ ਵੱਧ ਬਿਨੈਕਾਰਾਂ ਨੇ ਸੀਯੂਈਟੀ (ਪੀਜੀ) – 2022 ਦੀਆਂ ਅਰਜ਼ੀਆਂ ਜਮ੍ਹਾਂ ਕਰਦੇ ਹੋਏ ਉਚੇਰੀ ਪੜ੍ਹਾਈ ਕਰਨ ਲਈ ਆਪਣੀ ਪਸੰਦ ਦੀ ਸੂਚੀ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਵਿਕਲਪ ਵਜੋਂ ਚੁਣਿਆ ਹੈ। ਉਨ੍ਹਾਂ ਕਿਹਾ ਕਿ 30 ਸਤੰਬਰ ਤੋਂ 3 ਅਕਤੂਬਰ ਤੱਕ ਨਿਰਧਾਰਤ ਸੀਯੂਪੀਬੀ ਔਨਲਾਈਨ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਛੋਟੀ ਮਿਆਦ ਦੇ ਕੋਰਸਾਂ ਲਈ ਪਹਿਲੀ ਔਨਲਾਈਨ ਕਾਉਂਸਲਿੰਗ 5 ਤੋਂ 13 ਅਕਤੂਬਰ 2022 ਤੱਕ ਮਲਟੀਪਲ ਰਾਊਂਡਜ਼ ਵਿੱਚ ਕਰਵਾਈ ਜਾਵੇਗੀ।
ਔਨਲਾਈਨ ਕਾਉਂਸਲਿੰਗ ਦੇ ਹਰ ਰਾਊਂਡ ਵਿੱਚ, ਉਮੀਦਵਾਰਾਂ ਨੂੰ ਕਿਸੇ ਇੱਕ ਪ੍ਰੋਗਰਾਮ ਲਈ ਆਪਣੀ ਤਰਜੀਹ ਨੂੰ ਲਾਕ ਕਰਨ ਦਾ ਮੌਕਾ ਦਿੱਤਾ ਜਾਵੇਗਾ। ਲਾਕਡ ਵਿਕਲਪਾਂ ਵਿੱਚੋਂ ਹਰੇਕ ਪ੍ਰੋਗਰਾਮ ਲਈ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਸੀਟਾਂ ਦੀ ਉਪਲਬਧਤਾ ਦੇ ਆਧਾਰ ‘ਤੇ ਫੀਸ ਦੇ ਭੁਗਤਾਨ ‘ਤੇ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ।
ਔਨਲਾਈਨ ਕਾਉਂਸਲਿੰਗ ਪ੍ਰਕਿਰਿਆ ਦੌਰਾਨ, ਯੂਨੀਵਰਸਿਟੀ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ 1381 ਸੀਟਾਂ ਅਤੇ ਸੱਤ ਪੀਜੀ ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਵਿੱਚ 105 ਸੀਟਾਂ ‘ਤੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗੀ। ਯੂਨੀਵਰਸਿਟੀ ਵਿੱਚ ਵੱਖ-ਵੱਖ ਅਕਾਦਮਿਕ ਵਿਸ਼ਿਆਂ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ, ਵਿੱਚ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ; ਸਾਈਬਰ ਸਕਿਉਰਟੀ; ਗਣਿਤ; ਅੰਕੜਾ ਵਿਗਿਆਨ; ਭੌਤਿਕ ਵਿਗਿਆਨ; ਰਸਾਇਣ ਵਿਗਿਆਨ; ਅਪਲਾਈਡ ਕੈਮਿਸਟਰੀ; ਥਿਓਰੈਟੀਕਲ ਅਤੇ ਕੰਪਿਊਟੇਸ਼ਨਲ ਕੈਮਿਸਟਰੀ; ਬਾਇਓਇਨਫ਼ਾਰਮੈਟਿਕਸ; ਕੰਪਿਊਟੇਸ਼ਨਲ ਫਿਜਿਕਸ; ਬੌਟਨੀ; ਜ਼ੂਆਲੋਜੀ; ਬਾਇਓਕੈਮਿਸਟਰੀ; ਮਾਈਕਰੋਬਾਇਓਲੋਜੀ; ਜਿਓਲੋਜੀ; ਵਾਤਾਵਰਣ ਵਿਗਿਆਨ ਅਤੇ ਟੈਕਨਾਲੋਜੀ; ਫ਼ੂਡ ਸਾਇੰਸ ਅਤੇ ਟੈਕਨਾਲੋਜੀ; ਮੈਡੀਸਨਲ ਕੈਮਿਸਟਰੀ; ਮੋਲੀਕਿਉਲਰ ਮੈਡੀਸਨ; ਹਿਊਮਨ ਜੈਨੇਟਿਕਸ; ਫਾਰਮਾਸਿਉਟੀਕਲ ਕੈਮਿਸਟਰੀ; ਫਾਰਮਾਕੋਗਨੋਸੀ; ਫਾਰਮਾਕੋਲੋਜੀ; ਇਕਨਾਮਿਕਸ; ਸ਼ੋਸ਼ਿਆਲੋਜੀ; ਹਿਸਟਰੀ; ਸਾਇਕਾਲੋਜੀ; ਅੰਗਰੇਜ਼ੀ; ਹਿੰਦੀ; ਪੰਜਾਬੀ; ਪੋਲੀਟੀਕਲ ਸਾਇੰਸ; ਪੌਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼; ਐਜੂਕੇਸ਼ਨ; ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ; ਜੌਗਰਾਫ਼ੀ; ਐਗਰੀਬਿਜ਼ਨਸ; ਫ਼ਿਜ਼ੀਕਲ ਐਜੂਕੇਸ਼ਨ; ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ; ਪਰਫਾਰਮਿੰਗ ਆਰਟਸ – ਥੀਏਟਰ; ਮਿਊਜ਼ਿਕ; ਫਾਈਨ ਆਰਟਸ (ਪੇਂਟਿੰਗ); ਕਾਨੂੰਨ ਅਤੇ ਵਣਜ (ਕਾਮਰਸ) ਵਿਸ਼ੇ ਸ਼ਾਮਲ ਹਨ।
ਪਹਿਲੀ ਔਨਲਾਈਨ ਕਾਉਂਸਲਿੰਗ ਪ੍ਰਕਿਰਿਆ ਵਿੱਚ ਯੂਨੀਵਰਸਿਟੀ ਦੁਆਰਾ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਲਈ ਪੰਜਾਬੀ ਅਨੁਵਾਦ; ਨਿਊਰਲ ਨੈੱਟਵਰਕ ਅਤੇ ਡੀਪ ਲਰਨਿੰਗ; ਫ੍ਰੈਂਚ; ਕੰਪਿਊਟੇਸ਼ਨਲ ਲਿੰਗੁਇਸਟਿਕਸ; ਜੀਓ-ਇਨਫੋਰਮੈਟਿਕਸ; ਡੈਟਾ ਸਾਇੰਸਜ਼ ਫ਼ਾਰ ਬਾਇਓ-ਇਨਫ਼ਾਰਮੈਟਿਕਸ ਅਤੇ ਹਿੰਦੀ ਟਰਾਂਸਲੇਸ਼ਨ ਵਿਸ਼ਿਆਂ ਵਿੱਚ ਪੀਜੀ ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਵਿੱਚ ਦਾਖਲੇ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ।