ਰਘਵੀਰ ਹੈਪੀ , ਬਰਨਾਲਾ, 27 ਸਤੰਬਰ 2022
ਗੁਪਤਾ ਟਾਇਰ ਦੇ ਮਾਲਿਕ ਰਾਜੀਵ ਗੁਪਤਾ ਵੱਲੋਂ ਕਥਿਤ ਤੌਰ ਤੇ ਉਧਾਰ ਟਾਇਰ ਖਰੀਦ ਕਰਨ ਵਾਲੇ ਖਿਲਾਫ ਦਾਇਰ ਕੀਤੇ ਚੈਂਕ ਬਾਊਂਸ ਦੇ ਕੇਸ ‘ਚੋਂ ਮਾਨਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਵਿਜੈ ਸਿੰਘ ਡੱਡਵਾਲ ਦੀ ਅਦਾਲਤ ਨੇ ਨਰਿੰਦਰ ਜੈਨ ਪੁੱਤਰ ਮਹਿੰਦਰ ਪਾਲ ਜੈਨ ਵਾਸੀ ਬਰਨਾਲਾ ਨੂੰ ਬਾ-ਇੱਜਤ ਬਰੀ ਕਰ ਦਿੱਤਾ ਹੈ । ਇਸ ਕੇਸ ਵਿੱਚ ਗੁਪਤਾ ਟਾਇਰ ਦੇ ਮਾਲਕ ਵੱਲੋਂ 1,06,000/- ਦੇ ਚੈਕ ਦੇ ਬਾਊਂਸ ਹੋਣ ਦਾ ਕੇਸ ਦਾਇਰ ਕੀਤਾ ਗਿਆ ਸੀ। ਜਿਸ ਮੁਤਾਬਿਕ ਗੁਪਤਾ ਟਾਇਰ ਦੇ ਮਾਲਕ ਰਾਜੀਵ ਗੁਪਤਾ ਤੋਂ ਨਰਿੰਦਰ ਜੈਨ ਨੇ ਉਧਾਰ ਟਾਈਰ ਖਰੀਦ ਕੇ ਉਸ ਦੇ ਪੈਸਿਆ ਬਦਲੇ ਚੈਕ ਦਿੱਤਾ ਗਿਆ ਸੀ ਜੋ ਬੈਂਕ ਵਿੱਚ ਬਾਊਂਸ ਹੋ ਗਿਆ। ਚੈਕ ਬਾਊਂਸ (ਡਿਸਆਨਰ) ਉਪਰੰਤ ਗੁਪਤਾ ਟਾਇਰ ਦੇ ਮਾਲਕ ਨੇ 1,06,000/- ਰੁ: ਦੇ ਚੈਕ ਬਾਊਂਸ (ਡਿਸਆਨਰ) ਕਰ ਦਿੱਤੇ ਜਾਣ ਦਾ ਕੇਸ ਨਰਿੰਦਰ ਜੈਨ ਵਾਸੀ ਬਰਨਾਲਾ ਦੇ ਬਰਖਿਲਾਫ ਅਦਾਲਤ ਵਿੱਚ ਦਾਇਰ ਕੀਤਾ ਗਿਆ।
ਨਰਿੰਦਰ ਜੈਨ ਨੇ ਅਪਣੇ ਵਕੀਲ ਕੁਲਵੰਤ ਗੋਇਲ ਰਾਹੀਂ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਉਸ ਨੇ ਕਦੇ ਵੀ ਕੋਈ ਟਾਇਰ ਉਧਾਰ ਨਹੀਂ ਖਰੀਦੇ ਅਤੇ ਨਾ ਹੀ ਕਦੇ ਉਸ ਨੇ ਇਨ੍ਹਾਂ ਨੂੰ ਕੋਈ ਅਜਿਹਾ ਚੈਕ ਦਿੱਤਾ ਹੈ । ਉਕਤ ਚੈਕ ਗੁਪਤਾ ਟਾਇਰ ਦੇ ਮਾਲਕ ਨੇ ਕਿਸੇ ਗੈਰ ਕਾਨੂੰਨੀ ਢੰਗ ਨਾਲ ਹਾਸਲ ਕਰਕੇ ਝੂਠਾ ਕੇਸ ਦਾਇਰ ਕੀਤਾ ਹੈ। ਮਾਨਯੋਗ ਅਦਾਲਤ ਵਿੱਚ ਰਾਜੀਵ ਗੁਪਤਾ ਤੋਂ ਕਰਾਸ ਕਰਦਿਆਂ ਐਡਵੋਕੇਟ ਕੁਲਵੰਤ ਗੋਇਲ ਨੇ ਕਈ ਤਰਾਂ ਦੇ ਸੁਆਲ ਕਰਕੇ, ਸਾਰੀ ਸੱਚਾਈ ਸਾਹਮਣੇ ਲਿਆਦੀ ਤੇ ਮਾਨਯੋਗ ਅਦਾਲਤ ਵਿੱਚ ਦਲੀਲ ਦਿੱਤੀ ਕਿ ਗੁਪਤਾ ਟਾਇਰ ਦਾ ਮਾਲਕ ਰਾਜੀਵ ਗੁਪਤਾ ਆਪਣੇ ਵੱਲੋਂ ਨਰਿੰਦਰ ਜੈਨ ਨੂੰ ਵੇਚੇ ਟਾਇਰ ਸਾਬਤ ਹੀ ਨਹੀਂ ਕਰ ਸਕਿਆ। ਰਾਜੀਵ ਗੁਪਤਾ ਤਾਂ ਕਹਿੰਦਾ ਹੈ ਨਰਿੰਦਰ ਜੈਨ ਕਦੇ ਉਸ ਦੀ ਦੁਕਾਨ ਤੇ ਖੁਦ ਟਾਇਰ ਲੈਣ ਨਹੀਂ ਆਇਆ , ਬਲਕਿ ਉਹ ਫੋਨ ਤੇ ਹੀ ਟਾਇਰ ਮੰਗਵਾਉਦਾ ਸੀ। ਪਰ ਇਸ ਵਾਰੇ ਵੀ ਗੁਪਤਾ ਟਾਇਰ ਦਾ ਮਾਲਕ ਕੋਈ ਸਹੀ ਵੇਰਵੇ ਅਤੇ ਟਾਇਰ ਵੇਚਣ ਬਾਰੇ ਕੋਈ ਗਵਾਹ ਜਾਂ ਬਿਲ ਵੀ ਪੇਸ਼ ਨਹੀਂ ਕਰ ਸਕਿਆ ।
ਇਸ ਤੋਂ ਇਲਾਵਾ ਗੁਪਤਾ ਟਾਇਰ ਦੇ ਮਾਲਕ ਨੇ ਅਦਾਲਤ ਵਿੱਚ ਇਹ ਵੀ ਮੰਨਿਆ ਕਿ ਉਸ ਨੇ ਇਹ ਚੈਕ 2015 ਵਿੱਚ ਲਿਆ ਸੀ ਤੇ ਕੇਸ 2017 ਵਿੱਚ ਕੀਤਾ ਹੈ। ਜਿਸ ਦਾ ਉਸ ਨੇ ਆਪਣੇ ਕੇਸ ਵਿੱਚ ਕਿੱਧਰੇ ਵੀ ਕੋਈ ਜਿਕਰ ਤੱਕ ਨਹੀਂ ਕੀਤਾ । ਇਸ ਲਈ ਨਰਿੰਦਰ ਜੈਨ ਦੇ ਖਿਲਫ ਚੈਕ ਬਾਊਂਸ ਦਾ ਕੇਸ ਨਹੀਂ ਬਣਦਾ। ਮਾਨਯੋਗ ਜੱਜ ਸਾਹਿਬ ਨੇ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਨਰਿੰਦਰ ਜੈਨ ਵਾਸੀ ਬਰਨਾਲਾ ਨੂੰ ਚੈਕ ਬਾਊਂਸ ਦੇ ਕੇਸ ਵਿੱਚੋਂ ਬਾ ਇੱਜਤ ਬਰੀ ਕਰਨ ਦਾ ਹੁਕਮ ਫੁਰਮਾਇਆ।