ਜੁਮੈਟੋ ਨੇ ਕੋਵਿਡ-19 ਕਾਰਨ ਆਪਣੇ ਮਾਪੇ ਗੁਆਉਣ ਵਾਲੇ 60 ਬੱਚਿਆਂ ਨੂੰ ਦਿੱਤੇ ਟੈਬ, ਸਟੇਸ਼ਨਰੀ ਤੇ ਇੱਕ ਸਾਲ ਦਾ ਰਾਸ਼ਨ
ਪਟਿਆਲਾ, 9 ਸਤੰਬਰ (ਰਾਜੇਸ਼ ਗੋਤਮ)
ਕੋਰੋਨਾ ਮਹਾਂਮਾਰੀ ਕਾਰਨ ਆਪਣੇ ਮਾਪੇ ਜਾਂ ਮਾਤਾ-ਪਿਤਾ ‘ਚੋਂ ਕਿਸੇ ਇੱਕ ਨੂੰ ਗੁਆਉਣ ਵਾਲੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਉਦਮ ਸਦਕਾ ਜੁਮੈਟੋ ਨੇ ਆਪਣੇ ਪ੍ਰਾਜੈਕਟ ਫੀਡਿੰਗ ਇੰਡੀਆ ਬਾਇ ਜੁਮੈਟੋ ਤਹਿਤ ਜ਼ਿਲ੍ਹੇ ਦੇ ਅਜਿਹੇ 60 ਬੱਚਿਆਂ ਨੂੰ ਸੈਮਸੰਗ ਕੰਪਨੀ ਦਾ ਟੈਬਲੇਟ, ਸਟੇਸ਼ਨਰੀ ਬੈਗ, ਰਾਸ਼ਨ ਕਿਟ ਅਤੇ 12 ਮਹੀਨੇ ਲਈ ਜੀਓ ਦਾ ਇੰਟਰਨੈਟ ਡਾਟਾ ਪੈਕ ਪ੍ਰਦਾਨ ਕੀਤਾ ਹੈ।
ਇਨ੍ਹਾਂ ਬੱਚਿਆਂ ਨੂੰ ਇਹ ਟੈਬਲੇਟ ਤੇ ਹੋਰ ਸਮਾਨ ਪ੍ਰਦਾਨ ਕਰਨ ਅਤੇ ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਜੁਮੈਟੋ ਤੋਂ ਗੌਤਮ ਤੇ ਆਕ੍ਰਿਤੀ ਸਮੇਤ ਜੀਓ ਤੋਂ ਜਸਪ੍ਰੀਤ ਸਿੰਘ ਤੇ ਧੀਰਜ ਅਰੋੜਾ ਵੀ ਮੌਜੂਦ ਸਨ।
ਦੋਵੇਂ ਵਿਧਾਇਕਾਂ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹਾ ਉਦਮ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੁਮੈਟੋ ਨੇ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਨਿਭਾਉਂਦਿਆਂ ਚੰਗਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਅਤੇ ਉਹ ਖ਼ੁਦ ਇਨ੍ਹਾਂ ਬੱਚਿਆਂ ਦੇ ਹਮੇਸ਼ਾ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਭਾਵੇਂ ਇਨ੍ਹਾਂ ਬੱਚਿਆਂ ਦੇ ਗਏ ਮਾਪੇ ਤਾਂ ਵਾਪਸ ਨਹੀਂ ਆ ਸਕਦੇ ਪ੍ਰੰਤੂ ਅਜਿਹੀ ਸਹਾਇਤਾ ਨਾਲ ਇਨ੍ਹਾਂ ਬੱਚਿਆਂ ਦੀ ਅਗਲੇਰੀ ਪੜ੍ਹਾਈ ਹੋਰ ਸੌਖੀ ਹੋ ਜਾਵੇਗੀ ਅਤੇ ਇਹ ਆਪਣਾ ਭਵਿੱਖ ਸੁਨਹਿਰਾ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਟੈਬ ਵਿੱਚ ਅਨਅਕੈਡਮੀ ਦਾ ਸਾਵਟਵੇਅਰ ਵੀ ਹੈ, ਜੋ ਕਿ ਬੱਚਿਆਂ ਦੀ ਪੜ੍ਹਾਈ ਲਈ ਮਦਦਗਾਰ ਹੋਵੇਗਾ।
ਡੀ.ਸੀ.ਪੀ.ਓ ਸ਼ਾਇਨਾ ਕਪੂਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇਨ੍ਹਾਂ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਲਈ ਇਨ੍ਹਾਂ ਨੂੰ ਨਵੀਂ ਤਕਨੀਕ ਨਾਲ ਜੋੜਨ ਦੇ ਮੰਤਵ ਨਾਲ ਹੀ ਫੀਡਿੰਗ ਇੰਡੀਆ ਬਾਇ ਜੁਮੈਟੋ ਅਤੇ ਐਜੂਕੇਟ ਇੰਡੀਆ ਇਨੀਸ਼ੇਟਿਵ ਤਹਿਤ ਇਨ੍ਹਾਂ ਬੱਚਿਆਂ ਨੂੰ ਇਹ ਸਮਾਨ ਪ੍ਰਦਾਨ ਕੀਤਾ ਗਿਆ ਹੈ।
One thought on “ਜੁਮੈਟੋ ਨੇ ਕੋਵਿਡ-19 ਕਾਰਨ ਆਪਣੇ ਮਾਪੇ ਗੁਆਉਣ ਵਾਲੇ 60 ਬੱਚਿਆਂ ਨੂੰ ਦਿੱਤੇ ਟੈਬ, ਸਟੇਸ਼ਨਰੀ ਤੇ ਇੱਕ ਸਾਲ ਦਾ ਰਾਸ਼ਨ”
Comments are closed.