ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਦਾ ਸੀ ਹਰਪ੍ਰੀਤ ਸਿੰਘ
ਰਿਚਾ ਨਾਗਪਾਲ , ਪਟਿਆਲਾ 30 ਜੁਲਾਈ 2022
ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਇੱਕ ਵਿਅਕਤੀ ਥਾਣਾ ਸ਼ੰਭੂ ਦੀ ਪੁਲਿਸ ਨੇ ਗਿਰਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਅਨਸਰਾਂ ਦੀ ਤਲਾਸ਼ ਵਿੱਚ ਗਸ਼ਤ ਕਰਨ ਲਈ ਬਾਹੱਦ ਪਿੰਡ ਮਹਿਮਦਪੁਰ ਮੋਜੂਦ ਸੀ। ਪੁਲਿਸ ਨੂੰ ਇਤਲਾਹ ਮਿਲੀ ਕਿ ਹਰਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਨੇੜੇ ਜੋਤੀ ਮਾਡਲ ਸਕੂਲ ਕੋਟਕਪੁਰਾ ਜਿਲ੍ਹਾ ਫਰੀਦਕੋਟ , ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਬਸਤੀ ਬਾਵਾ ਖੇਲ ਜਲੰਧਰ ਅਤੇ ਵਿਜੇ ਕੁਮਾਰ ਪੁੱਤਰ ਦਲਵੀਰ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ , ਬਾਹਰਲੇ ਰਾਜਾਂ ਤੋ ਅਸਲਾ/ਐਮੂਨੀਸ਼ਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਗੈਂਗਾਂ ਦੇ ਮੈਬਰਾਂ ਅਤੇ ਹੋਰ ਅਪਰਾਧੀਆਂ ਨੂੰ ਸਪਲਾਈ ਕਰਦੇ ਹਨ । ਜਿਨ੍ਹਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮੁਕੱਦਮੇ ਦਰਜ ਹਨ। ਭਰੋਸੇਮੰਦ ਇਤਲਾਹ ਦੇ ਅਧਾਰ ਤੇ ਪੁਲਿਸ ਨੇ ਜਾਲੀ ਨੰਬਰ ਪਲੇਟ ਵਾਲੇ ਮੋਟਰਸਾਇਕਲ ਨੰਬਰ PB-04R-1073 ਪਰ ਸਵਾਰ ਹੋ ਕੇ ਜਾ ਰਹੇ, ਦੋਸ਼ੀ ਹਰਪ੍ਰੀਤ ਸਿੰਘ ਨੂੰ ਰੁਕਣ ਲਈ ਇਸ਼ਾਰਾ ਕੀਤਾ। ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਹਰਪ੍ਰੀਤ ਸਿੰਘ ਦੇ ਕਬਜੇ ਵਿੱਚੋਂ 13 ਪਿਸਤੌਲ 32 ਬੋਰ ਸਮੇਤ ਮੈਗਜੀਨ, 10 ਮੈਗਜੀਨ ਵੱਖਰੇ ਅਤੇ 10 ਜਿੰਦਾ ਕਾਰਤੂਸ ਬ੍ਰਾਮਦ ਕਰਕੇ, ਉਸ ਨੂੰ ਗਿਰਫਤਾਰ ਕਰ ਲਿਆ। ਥਾਣਾ ਸ਼ੰਭੂ ਦੇ ਐਸ.ਐਚ.ਉ. ਨੇ ਕਿਹਾ ਕਿ ਜਲਦ ਹੀ, ਬਾਕੀ ਹੋਰ ਨਾਮਜ਼ਦ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।