ਵਿਆਹ ਦੇ ਬੰਧਨ ਚ, ਬੱਝੇ ਪੀਐਸਯੂ ਦੇ ਪ੍ਰਧਾਨ ਰੰਧਾਵਾ ਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ 

Advertisement
Spread information

..ਇਹ ਪੰਧ ਲਮੇਰਾ ਜਿੰਦਗੀ ਦਾ, ਇਕੱਠਿਆਂ ਹੋ ਤੁਰਨਾ ਪੈਣਾ ਹੈ,,,

.. ਰੰਧਾਵਾ ਤੇ ਕੋਟਲਾ ਨੇ ਇੱਕ ਸੁਰ ਹੋ ਕਿ ਕਿਹਾ,, ਬਰਾਬਰੀ ਦੀ ਗੱਲ ਕਰਨਾ, ਬਾਗੀ ਹੋਣਾ ਹੈ, ਤਾਂ ਉਨ੍ਹਾਂ ਨੂੰ ਬਾਗੀ ਹੋਣ ’ਤੇ ਮਾਣ,,,

ਅਸ਼ੋਕ ਵਰਮਾ  ਬਠਿੰਡਾ,2 ਮਈ2020

ਇਹ ਪੰਧ ਲਮੇਰਾ ਜਿੰਦਗੀ ਦਾ ਇਕੱਠਿਆਂ ਹੋ ਤੁਰਨਾ ਪੈਣਾ ਹੈ। ਸੰਘਰਸ਼ ਦੇ ਪਿੜ ਚ, ਬਿਖੜੇ ਪੈਂਡੇ ਤੇ ਜਦੋਜਹਿਦ ਕਰਦੇ 2 ਇਨਕਲਾਬੀ ਸਾਥੀ ਹੁਣ ਜਿੰਦਗੀ ਦੇ ਪੰਧ ਤੇ ਵੀ ਇਕੱਠਿਆਂ ਚੱਲਣ ਦਾ ਨਿਰਣਾ ਕਰਕੇ ਵਿਆਹ ਦੇ ਬੰਧਨ ਚ, ਬੱਝ ਗਏ। ਇਨਕਲਾਬੀ ਆਗੂਆਂ ਰਣਵੀਰ ਸਿੰਘ ਰੰਧਾਵਾ ਅਤੇ ਹਰਦੀਪ ਕੌਰ ਕੋਟਲਾ ਨੇ ਸਾਦਾ ਢੰਗ ਨਾਲ ਵਿਆਹ ਕਰਾ ਲਿਆ ਹੈ। ਰਣਵੀਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੈ ਜਦੋਂਕਿ ਹਰਦੀਪ ਕੌਰ ਹੁਣ ਪੰਜਾਬ ਸਟੂਡੈਂਟਸ ਯੂਨੀਅਨ ’ਚ ਸੀਨੀਅਰ ਮੀਤ ਪ੍ਰਧਾਨ ਹੈ। ਦੋਵੇਂ ਹੀ ਸਮਾਜੀ ਗੰਦ ਨੂੰ ਸਾਫ ਕਰਨ ਅਤੇ ਬਰਾਬਰੀ ਲਈ ਘਰੋਂ ਤੁਰੇ ਹੋਏ ਹਨ। ਇਹ ਵਿਆਹ ਕਰਕੇ ਦੋਵਾਂ ਨੇ ਸਮਾਜਿਕ ਰੀਤੀ ਰਿਵਾਜ਼ਾਂ ਨੂੰ ਵੀ ਤਿਲਾਂਜਲੀ ਦਿੱਤੀ ਹੈ। ਉਨ੍ਹਾਂ ਦਾ ਵਿਆਹ ਪੂਰੀ ਤਰ੍ਹਾਂ ਸਾਦਾ ਹੋਣ ਦੇ ਬਾਵਜੂਦ ਇਸ ’ਚ ਕਾਫੀ ਕੁਝ ਖਾਸ ਵੀ ਰਿਹਾ। ਕੋਈ ਬੈਂਡ ਵਾਜਾ ਨਹੀਂ ਵੱਜਿਆ ਤੇ ਕੋਈ ਫਾਲਤੂ ਰਸਮਾਂ ਨਹੀਂ ਕੀਤੀਆਂ । ਬੱਸ ਵਿਚਾਰਾਂ ਦੇ ਮੇਲ ਨੇ ਇਸ ਵਿਆਹ ਨੂੰ ਨੇਪਰੇ ਚਾੜ੍ਹਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਰਣਵੀਰ ਅਤੇ ਹਰਦੀਪ ਨੇ ਇੱਕ ਦੂਜੇ ਦੇ ਹਾਰ ਪਾਕੇ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ ਹੈ। ਵਿਆਹ ’ਚ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਕੋਈ ਧੂਮ ਧੜੱਕਾ ਸੀ। ਰਣਵੀਰ ਰੰਧਾਵਾ ਅਤੇ ਹਰਦੀਪ ਕੌਰ ਇਸ ਵੇਲੇ ਇਨਕਲਾਬੀ ਸਫਾਂ ਦੇ ਮੋਹਰੀ ਆਗੂ ਹਨ।

Advertisement

                    ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਮਿਹਰ ਸਿੰਘ ਦੀ ਹਰਦੀਪ ਕੌਰ ਕੋਟਲਾ ਦੱਸਦੀ ਹੈ ਕਿ ਜਦੋਂ ਉਸ ਨੇ ਗਦਰੀ ਬਾਬਿਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਪੜ੍ਹਿਆ ਤਾਂ ਉਸ ਨੂੰ ਘਰ ਦੀ ਦਹਿਲੀਜ ਰੋਕ ਨਾ ਸਕੀ। ਉਸ ਦਾ ਕਹਿਣਾ ਸੀ ਕਿ ਮਾਪਿਆਂ ਨੇ ਰੋਕ ਟੋਕ ਕੀਤੀ । ਪਰ ਉਸ ਨੇਂ ਸੰਘਰਸ਼ੀ ਪਿੜ ’ਨਹੀਂ ਛੱਡਿਆ ਸੀ। ਉਹ ਦੱਸਦੀ ਹੈ ਕਿ ਉਸਨੂੰ ਘਰੇ ਬਹੁਤ ਕੁਝ ਸੁਣਨਾ ਪਿਆ। ਔਰਬਿਟ ਦੇ ਮੋਗਾ ਕਾਂਡ ਮੌਕੇ ਪੂਰੇ 92 ਦਿਨ ਜੇਲ੍ਹ ’ਚ ਰਹੀ। ਥਾਣੇ ਕਚਹਿਰੀ ਦਾ ਹੁਣ ਉਸ ਨੂੰ ਖ਼ੌਫ ਨਹੀਂ ਰਿਹਾ। ਹਰਦੀਪ ਦੱਸਦੀ ਹੈ ਕਿ ਉਸ ਨੇ ਤਾਂ ਕੈਨੇਡਾ ਦੀ ਫੈਮਿਲੀ ਕੇਸ ਦੀ ਲੱਗੀ ਫਾਈਲ ਨੂੰ ਵੀ ਠੋਕਰ ਮਾਰ ਦਿੱਤੀ। ਉਸ ਨੇ ਕਿਹਾ ਕਿ ਮਾਤਾ ਪਿਤਾ ਨਾਲ ਵੀ ਸਬੰਧ ਖਰਾਬ ਹੋ ਗਏ ,ਫਿਰ ਵੀ ਉਸ ਦਾ ਸਫਰ ਨਹੀਂ ਰੁਕਿਆ ਹੈ। ਹਰਦੀਪ ਕੌਰ ਲੜਕੀਆਂ ਨੂੰ ਲਾਮਬੰਦ ਕਰ ਰਹੀ ਹੈ ਅਤੇ ਹੱਕਾਂ ਦੀ ਲੜਾਈ ਦੌਰਾਨ ਸੰਘਰਸ਼ ’ਚ ਉੱਤਰੀ ਹੈ। ਉਹ ਆਖਦੀ ਹੈ ਕਿ ਲੜਾਈ ਸਮਾਜੀ ਵਿਤਕਰਾ ਖਤਮ ਕਰਨ ਦੀ ਹੈ । ਜਿਥੇ ਕੁੜੀ ਹੋਣਾ ਗੁਨਾਹ ਬਣ ਗਿਆ ਹੈ। ਹਰਦੀਪ ਕੌਰ ਨੇ ਆਖਿਆ ਕਿ ਲੜਕੀ ਹੋਣਾ ਇਕੱਲਾ ਪਰਿਵਾਰ ਸਾਂਭਣਾ ਨਹੀਂ, ਸਮਾਜ ਤੇ ਦੇਸ਼ ਸਾਂਭਣਾ ਵੀ ਛੋਟਾ ਫਰਜ਼ ਨਹੀਂ ਹੈ । ਜਿਸ ਤੇ ਹੁਣ ਦੋਵੇਂ ਜੀਅ ਪਹਿਰਾ ਦੇਣਗੇ ਕਿਉਂਕਿ ਦੋਵਾਂ ਨੂੰ ਅਸਲ ਮੰਜਿਲ ਦਾ ਪਤਾ ਹੈ।
                   ਰਣਵੀਰ ਸਿੰਘ ਰੰਧਾਵਾ ਬਰਨਾਲਾ ਜਿਲ੍ਹੇ ਦੇ ਪਿੰਡ ਕੁਰੜ ਛਾਪਾ ਦਾ ਵਸਨੀਕ ਹੈ। ਅਸਲ ’ਚ ਰਣਵੀਰ ਦੇ ਦਾਦੇ ਦਾ ਭਰਾ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਲਹਿਰ ਨਾਲ ਉਸ ਵੇਲੇ ਜੁੜਿਆ ਜਦੋਂ ਪੰਜਾਬ ’ਚ ਖੱਬੇ ਪੱਖੀਆਂ ਦੀ ਚੜ੍ਹਤ ਸੀ। ਪ੍ਰੀਵਾਰ ’ਚ ਸੰਘਰਸ਼ਾਂ ਅਤੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਾਰਨ ਰਣਵੀਰ ਦੇ ਪਿਤਾ ਤੇ ਵੀ ਖੱਬੇ ਪੱਖੀ ਲਹਿਰ ਦਾ ਪ੍ਰਭਾਵ ਪਿਆ। ਜਦੋਂ ਕਮਿਊਨਿਸਟ ਆਗੂ ਪਿੰਡਾਂ ’ਚ ਲੋਕਾਂ ਨੂੰ ਚੇਤੰਨ ਕਰਨ ਲਈ ਡਰਾਮੇ ਕਰਦੇ ਤਾਂ ਉਨ੍ਹਾਂ ਦੇ ਘਰੋਂ ਲੰਗਰ ਅਤੇ ਮੰਜਾ ਬਿਸਤਰਾ ਜਾਂਦਾ ਸੀ।               ਇੰਨ੍ਹਾਂ ਡਰਾਮਿਆਂ ’ਚ ਜਾਂਦਿਆਂ ਰਣਵੀਰ ਨੂੰ ਵੀ ਲੋਕ ਪੱਖੀ ਸੰਘਰਸ਼ਾਂ ਦੀ ਚੇਟਕ ਲੱਗ ਗਈ। ਇਸੇ ਦੌਰਾਨ ਹੀ ਪਿੰਡ ’ਚ ਨੌਜਵਾਨ ਭਾਰਤ ਸਭਾ ਦੀ ਟੀਮ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਬੰਧਤ ਡਰਾਮਾ ਖੇਡ੍ਹਣ ਲਈ ਆਈ ਸੀ। ਡਰਾਮਾ ਦੇਖਣ ਉਪਰੰਤ ਉਸ ਨੇ ਸਭਾ ਦੀ ਇਨਕਲਾਬੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਦਿਆਰਥੀਆਂ ਨਾਲ ਚਟਾਨ ਬਣ ਕੇ ਖੜ੍ਹਿਆ ਅਤੇ ਸੂਬਾ ਪ੍ਰਧਾਨ ਬਣਿਆ। ਜਦੋਂ ਵੀ ਕਿਸੇ ਨਾਲ ਅਨਿਆਂ ਹੁੰਦਾ ਤਾਂ ਰਣਵੀਰ ਹਮੇਸ਼ਾ ਮੋਹਰੀ ਸਫਾਂ ’ਚ ਖਲੋਤਾ ਦਿਖਾਈ ਦਿੰਦਾ ਹੈ। ਉਸ ਨੂੰ ਇਨਕਲਾਬਾਂ ਨਾਲ ਸਬੰਧਤ ਸਾਹਿਤ ਪੜ੍ਹਨ ਦਾ ਸ਼ੌਕ ਹੈ ਜੋ ਉਸ ਨੇ ਜਾਰੀ ਰੱਖਿਆ ਹੋਇਆ ਹੈ।
ਸ਼ਾਦੀ ਚ, ਬਦਲੀ ਵਿਚਾਰਾਂ ਦੀ ਸਮਾਨਤਾ 
             ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਜਿੰਦਗੀ ਦੇ ਪੰਧ ਤੇ ਪਹਿਲਾਂ ਕਦਮ ਧਰ ਰਹੀ ਜੋੜੀ ਨੇ ਕਿਹਾ ਕਿ ਇਹ ਸ਼ਾਦੀ ਅਸਲ ’ਚ ਵਿਚਾਰਾਂ ਦੇ ਸਮਾਨਤਾ ਦੀ ਹੈ। ਉਨ੍ਹਾਂ ਆਖਿਆ ਕਿ ਉਹ ਪੂਰੀ ਤਰ੍ਹਾਂ ਸਮਾਜਿਕ ਤੇ ਸਾਦਾ ਸਮਾਗਮ ਰੱਖਣ ਦੇ ਹੱਕ ਵਿੱਚ ਪਹਿਲਾਂ ਹੀ ਸਨ। ਉਨ੍ਹਾਂ ਆਖਿਆ ਕਿ ਜੇਕਰ ਕਰੋਨਾ ਵਾਇਰਸ ਦਾ ਪ੍ਰਛਾਵਾਂ ਨਾਂ ਹੁੰਦਾ ਤਾਂ ਵੀ ਉਨ੍ਹਾਂ ਨੇ ਇਵੇਂ ਹੀ ਵਿਆਹ ਬੰਧਨ ’ਚ ਬੱਝਣਾ ਸੀ । ਜਿਸ ਕਰਕੇ ਵਿਆਹ ਨੂੰ ਪੂਰੀ ਤਰ੍ਹਾਂ ਗਾਜੇ ਵਾਜੇ ਤੋਂ ਪਾਸੇ ਰੱਖਿਆ ਹੈ। ਉਸ ਨੇ ਕਿਹਾ ਕਿ ਬਰਾਬਰੀ ਦਾ ਸਮਾਜ ਹੀ ਮੁਕਤੀ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਬਰਾਬਰੀ ਦੀ ਗੱਲ ਕਰਨਾ, ਬਾਗੀ ਹੋਣਾ ਹੈ, ਤਾਂ ਉਨ੍ਹਾਂ ਨੂੰ ਬਾਗੀ ਹੋਣ ’ਤੇ ਮਾਣ ਹੈ।

Advertisement
Advertisement
Advertisement
Advertisement
Advertisement
error: Content is protected !!