ਨਸ਼ਾ ਛੁਡਾਊ ਕੇਂਦਰ ਤੇ ਵੱਜੀ ਰੇਡ ਨੂੰ ਬਰੇਕ ਲਾਉਣ ਦੀ ਤਿਆਰੀ
ਪ੍ਰਸ਼ਾਸ਼ਨ ਦੀ ਤੜਾਮ ਕੱਸਣ ਤੇ ਲੱਗਿਆ ਜੱਜ !
ਹਰਿੰਦਰ ਨਿੱਕਾ , ਬਰਨਾਲਾ, 13 ਜੁਲਾਈ 2022
ਲੰਘੀ ਕੱਲ੍ਹ ਦੇਰ ਸ਼ਾਮ , ਬਰਨਾਲਾ ਦੇ ਇੱਕ ਮਨੋਰੋਗ ਅਤੇ ਨਸ਼ਾ ਛੁਡਾਊ ਹਸਪਤਾਲ ਤੇ ਮਾਰੀ ਰੇਡ ਤੋਂ ਬਾਅਦ ਹਸਪਤਾਲ ਦੇ ਮਾਲਿਕ ਦਾ ਇੱਕ ਬਾਹਰੀ ਜਿਲ੍ਹੇ ਵਿਖੇ ਪੋਸਟਡ ਐਡੀਸ਼ਨਲ ਸੈਸ਼ਨ ਜੱਜ, ਆਪਣੇ ਰੁਤਬੇ ਦਾ ਪ੍ਰਭਾਵ ਵਰਤ ਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਤੜਾਮ ਕੱਸਣ ਤੇ ਲੱਗਿਆ ਹੋਇਆ ਹੈ। ਨਤੀਜੇ ਵਜੋਂ, ਹਸਪਤਾਲ ‘ਚ ਕਈ ਘੰਟੇ ਲਗਾਤਾਰ ਕੀਤੀ ਫਰੋਲਾ-ਫਰਾਲੀ ਅਤੇ ਜਾਂਚ ਪੜਤਾਲ ਤੋਂ ਬਾਅਦ, ਸਾਹਮਣੇ ਆਈਆਂ ਬੇਨਿਯਮੀਆਂ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵੇਚੀਆਂ ਜਾਂਦੀਆਂ ਨਸ਼ੀਲੀਆਂ ਦਵਾਈਆਂ ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਜ਼ਾਰੀ ਹਨ। ਰਸੂਖਦਾਰ ਅਤੇ ਮਾਲਦਾਰ ਹਸਪਤਾਲ ਸੰਚਾਲਕ ਦੇ ਰੁਤਬੇ ਦੀ ਵਜ੍ਹਾ ਕਾਰਣ, ਰੇਡ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਜਾਂਚ ਪੜਤਾਲ ਦੀ ਕੋਈ ਰਿਪੋਰਟ , ਪ੍ਰਸ਼ਾਸ਼ਨ ਵੱਲੋਂ ਮੀਡੀਆ ਨੂੰ ਨਹੀਂ ਦਿੱਤੀ ਗਈ। ਪਤਾ ਲੱਗਿਆ ਹੈ ਕਿ ਉਕਤ ਹਸਪਤਾਲ ਦੀ ਪਹਿਲਾਂ ਇੰਸਪੈਕਸ਼ਨ ਕੀਤੀ ਗਈ ਸੀ । ਇੰਸਪੈਕਸ਼ਨ ਦੌਰਾਨ ਸਾਹਮਣੇ ਆਈਆਂ ਕਥਿਤ ਗੜਬੜੀਆਂ ਤੋਂ ਬਾਅਦ ਪੰਜ ਮੈਂਬਰੀ ਇੱਕ ਟੀਮ ਨੇ ਰੇਡ ਕੀਤੀ ਸੀ। ਟੀਮ ਵਿੱਚ ਵੱਖ ਵੱਖ ਵਿਭਾਗਾਂ ਦੇ ਤਿੰਨ ਅਧਿਕਾਰੀ ਅਤੇ ਦੋ ਹੋਰ ਕਰਮਚਾਰੀ ਵੀ ਸ਼ਾਮਿਲ ਸਨ। ਪੁਲਿਸ ਮੁਲਾਜਮਾਂ ਦੀ ਟੀਮ ਵੀ ਅਲੱਗ ਤੌਰ ਤੇ ਉੱਥੇ ਮੌਜੂਦ ਸੀ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਹਸਪਤਾਲ ਦਾ ਕਰੀਬੀ ਜੱਜ, ਰੇਡ ਤੋਂ ਬਾਅਦ ਹੀ, ਵੱਖ ਵੱਖ ਅਧਿਕਾਰੀਆਂ ਨੂੰ ਫੋਨ ਤੇ ਘੰਟੀਆਂ ਵਜਾ ਕੇ, ਹਸਪਤਾਲ ਸੰਚਾਲਕ ਦੇ ਗੁਣਾਂ ਦਾ ਵਿਖਿਆਨ ਕਰਦਾ ਰਿਹਾ ਅਤੇ ਅਫਸਰਾਂ ਦੇ ਕੰਨਾਂ ਵਿੱਚ ਇਹ ਵੀ, ਭੂਕਾਂ ਮਾਰਦਾ ਰਿਹਾ ਕਿ ਹਸਪਤਾਲ ਸੰਚਾਲਕ, ਸ਼ੁਕਰਾਨਾ ਕਰਨ ਤੇ ਵੇਲੇ ਕੁਵੇਲੇ ਹਜ਼ਰਾਨਾ ਭਰਨ ਤੋਂ ਵੀ ਪਿੱਛੇ ਨਹੀਂ ਹਟਦਾ।
ਹੁਣ ਲੋਕਾਂ ਦੀਆਂ ਨਜ਼ਰਾਂ ਸਮੇਂ ਦੇ ਗਰਭ ਵਿੱਚ ਲੁਕਿਆ, ਸੱਚ, ਸਾਹਮਣੇ ਆਉਣ ਤੇ ਟਿਕੀਆਂ ਹੋਈਆਂ ਹਨ। ਹਸਪਤਾਲ ‘ਚ ਵੇਲੇ ਕੁਵੇਲੇ, ਗੇੜਾ- ਫੇੜਾ ਮਾਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ, ਨਿਰਪੱਖਤਾ ਨਾਲ ਪੜਤਾਲ ਕੀਤੀ ਗਈ ਅਤੇ ਇਮਾਨਦਾਰੀ ਨਾਲ, ਹਸਪਤਾਲ ਦੀਆਂ ਬੇਨਿਯਮੀਆਂ ਤੇ ਗੈਰਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਦਵਾਈਆਂ ਦਾ ਸੱਚ ਹੂਬਹੂ ਬਾਹਰ ਆਇਆ ਤਾਂ ਫਿਰ ਇਹ ਮਾਮਲਾ, ਕਰੀਬ 2 ਵਰ੍ਹੇ ਪਹਿਲਾਂ ਬਰਨਾਲਾ ਪੁਲਿਸ ਦੁਆਰਾ ਬੇਨਕਾਬ ਕੀਤੇ, ਸ਼ਹਿਰ ਦੇ ਵੱਡੇ ਸਫੈਦਪੋਸ਼ ਡਰੱਗ ਤਸਕਰ ਦੇ ਕਾਰਨਾਮਿਆਂ ਨੂੰ ਵੀ ਬੌਣਾ ਸਾਬਿਤ ਕਰ ਦੇਵੇਗਾ।