ਮਾਨਸਿਕ ਪ੍ਰੇਸ਼ਾਨੀ ਝੱਲਣ ਵਾਲਿਆਂ ਦੀ ਤੰਦਰੁਸਤੀ ਲਈ ਚੁੱਕਿਆ ਕਦਮ-ਸਾਕਸ਼ੀ ਸਾਹਨੀ
ਯੂਨੀਵਰਸਿਟੀ ਦੇ ਮਾਹਿਰ ਬਿਰਧ ਆਸ਼ਰਮਾਂ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਸੰਸਥਾਵਾਂ, ਨਸ਼ਾ ਮੁਕਤੀ ਕੇਂਦਰਾਂ ਤੇ ਓਟ ਸੈਂਟਰਾਂ ਵਿਖੇ ਕਰਨਗੇ ਕਾਊਂਸਲਿੰਗ
ਰਾਜੇਸ਼ ਗੋਤਮ , ਪਟਿਆਲਾ 30 ਜੂਨ 2022
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਜ਼ਿਲ੍ਹੇ ‘ਚ ਵੱਖ-ਵੱਖ ਸੰਸਥਾਵਾਂ ਵਿਖੇ ਮਾਨਸਿਕ ਤੰਦਰੁਸਤੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇਸ ਸਮਝੌਤੇ ਤਹਿਤ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਅਧਿਆਪਕ, ਖੋਜ਼ਾਰਥੀ ਤੇ ਵਿਦਿਆਰਥੀ ਜ਼ਿਲ੍ਹੇ ਅੰਦਰਲੇ ਬਿਰਧ ਆਸ਼ਰਮਾਂ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਸੰਸਥਾਵਾਂ, ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਸੈਂਟਰਾਂ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਕਿ ਇੱਥੇ ਰਹਿਣ ਵਾਲੇ ਤੇ ਇਲਾਜ ਕਰਵਾਉਣ ਵਾਲਿਆਂ ਦੀ ਮਾਨਸਿਕ ਸਿਹਤਯਾਬੀ ਲਈ ਯਤਨ ਕੀਤੇ ਜਾ ਸਕਣ।
ਇਹ ਸਮਝੌਤਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ. ਨਵਜੋਤ ਕੌਰ ਦਰਮਿਆਨ ਸਹੀਬੱਧ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਝੌਤਾ ਜ਼ਿਲ੍ਹੇ ਅੰਦਰਲੇ ਬਿਰਧ ਆਸ਼ਰਮਾਂ ‘ਚ ਇਕੱਲੇਪਣ ਦੀ ਸਮੱਸਿਆ ਨਾਲ ਜੂਝਦੇ ਹੋਏ ਮਾਨਸਿਕ ਪ੍ਰੇਸ਼ਾਨੀ ਦੇ ਸ਼ਿਕਾਰ ਬਜ਼ੁਰਗਾਂ, ਵਿਸ਼ੇਸ਼ ਲੋੜਾਂ ਵਾਲੇ ਸਕੂਲਾਂ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਸਮੇਤ ਨਸ਼ਾ ਮੁਕਤੀ ਕੇਂਦਰਾਂ ਅਤੇ ਓਟ ਸੈਂਟਰਾਂ ਵਿਖੇ ਨਸ਼ਾ ਛੱਡਣ ਲਈ ਦਾਖਲ ਹੋਣ ਵਾਲੇ ਮਰੀਜਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਾਨਸਿਕ ਤਣਾਅ ਦੇ ਮਰੀਜਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਵਾਚਦੇ ਹੋਏ ਯੂਨੀਵਰਸਿਟੀ ਦੇ ਮਾਹਰ ਕਾਊਂਸਲਿੰਗ ਪ੍ਰਤੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਸਮਝੌਤੇ ਤਹਿਤ ਉਨ੍ਹਾਂ ਦੇ ਅਧਿਆਪਕ, ਖੋਜ਼ਾਰਥੀ ਤੇ ਵਿਦਿਆਰਥੀ ਵੱਲੋਂ ਕੀਤੀ ਕਾਊਂਸਲਿੰਗ ਜਿੱਥੇ ਮਾਨਸਿਕ ਤਣਾਅ ਦੇ ਸ਼ਿਕਾਰ ਵਿਅਕਤੀਆਂ ਤੇ ਮਰੀਜਾਂ ਦੀ ਬਿਹਤਰ ਜਿੰਦਗੀ ਲਈ ਅਹਿਮ ਸਾਬਤ ਹੋਵੇਗੀ ਉਥੇ ਹੀ ਇਹ ਕਾਰਜ ਅਕਾਦਮਿਕ ਪੱਧਰ ‘ਤੇ ਵੀ ਇਹ ਕਦਮ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ ਅਤੇ ਡੀ.ਡੀ.ਐਫ. ਪ੍ਰਿਆ ਸਿੰਘ ਵੀ ਮੌਜੂਦ ਸਨ।