ਤਪਾ ਸ਼ਹਿਰ ਦਾ ਇੱਕ ਮੈਡੀਕਲ ਸਟੋਰ ਵਾਲਾ ਵੀ ਹੋਇਆ ਰਫੂ ਚੱਕਰ
ਡਰੱਗ ਤਸਕਰ ਕਰਦੇ ਰਹੇ ਨੇ , ਕਾਲੀ ਨਾਗਨੀ ਦਾ ਵੀ ਕਾਰੋਬਾਰ ?
ਪੁਲਿਸ ਨੂੰ ਅਦਾਲਤ ਤੋਂ ਫਿਰ ਮਿਲਿਆ 2 ਦੋਸ਼ੀਆਂ ਦਾ 3 ਦਿਨ ਦਾ ਪੁਲਿਸ ਰਿਮਾਂਡ
ਹਰਿੰਦਰ ਨਿੱਕਾ , ਬਰਨਾਲਾ 25 ਜੂਨ 2022
ਇੱਕ ਹਫਤਾ ਪਹਿਲਾਂ ਭਾਰੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ/ ਕੈਪਸੂਲਾਂ ਅਤੇ ਡਰੱਗ ਮਨੀ ਸਣੇ ਪੁਲਿਸ ਦੁਆਰਾ ਗਿਰਫਤਾਰ ਪ੍ਰਭਾਵਸ਼ਾਲੀ ਡਰੱਗ ਤਸਕਰਾਂ ਦਾ ਲੱਗਦੈ , ਸੀਆਈਏ ਪੁਲਿਸ ਨੇ ਪ੍ਰਭਾਵ / ਦਬਾਅ ਮੰਨ ਲਿਆ ਹੈ। ਇਸੇ ਲਈ ਤਾਂ 5 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਪੁਲਿਸ 2 ਡਰੱਗ ਤਸਕਰਾਂ ਤੋਂ ਸਿਰਫ 4400 ਨਸ਼ੀਲੀਆਂ ਗੋਲੀਆਂ ਹੀ ਬਰਾਮਦ ਕਰਵਾ ਸਕੀ ਹੈ। ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ,ਇਲਾਕਾ ਮਜਿਸਟ੍ਰੇਟ ਦੀ ਅਦਾਲਤ ਤੋਂ ਪੁਲਿਸ ਨੇ ਦੁਬਾਰਾ ਫਿਰ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਹੁਣ ਪੁਲਿਸ ,ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ,ਕੋਈ ਵੱਡਾ ਮਾਅਰਕਾ ਮਾਰ ਸਕੇਗੀ, ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ, ਕਿਉਂਕਿ 5 ਦਿਨ ਦੇ ਰਿਮਾਂਡ ਵਿੱਚ ਵੀ, ਜੇਕਰ ਪੁਲਿਸ ਕੋਈ ਵੱਡੀ ਰਿਕਵਰੀ ਨਹੀਂ ਕਰ ਸਕੀ ਤਾਂ ਫਿਰ ਹੁਣ, 3 ਦਿਨ ਦੇ ਰਿਮਾਂਡ ਵਿੱਚ ਹੋਰ ਕਿਹੜਾ ਕੱਦੂ ‘ਚ ਤੀਰ ਮਾਰਿਆ ਜਾ ਸਕਦਾ ਹੈ। ਪੁਲਿਸ ਦੀ ਢਿੱਲੀ ਕਾਰਗੁਜਾਰੀ ਦਾ ਨਤੀਜਾ ਇਹ ਹੈ ਕਿ ਉਕਤ ਤਸਕਰਾਂ ਨਾਲ ਜੁੜਿਆ ਇੱਕ ਤਪਾ ਸ਼ਹਿਰ ਦਾ ਮੈਡੀਕਲ ਸਟੋਰ ਵਾਲਾ, ਵੀ ਰਫੂ ਚੱਕਰ ਹੋ ਗਿਆ ਹੈ। ਜਿਸ ਨੂੰ ਪੁਲਿਸ ਗਿਰਫਤ ਵਾਲੇ ਤਸਕਰ ਨਸ਼ਾ ਸਪਲਾਈ ਕਰਦੇ ਰਹੇ ਹਨ।
ਡਰੱਗ ਤਸਕਰ,ਕਰਦੇ ਰਹੇ ਕਾਲੀ ਨਾਗਨੀ ਦਾ ਸਫਾਈ ਨਾਲ ਧੰਦਾ ?
ਬੇਸ਼ੱਕ ਪੁਲਿਸ ਹਾਲੇ ਤੱਕ, ਦੋਵੇਂ ਗਿਰਫਤਾਰ ਡਰੱਗ ਤਸਕਰਾਂ ਨਵਦੀਪ ਗੋਇਲ ਉਰਫ ਟੋਨੀ ਅਤੇ ਬਿੰਦਰ ਸਿੰਘ ਮਠਾੜੂ ਵਾਸੀ ਬਰਨਾਲਾ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ, ਉਨਾਂ ਦੇ ਦੂਰ ਦੂਰ ਤੱਕ ਫੈਲੇ ਨੈਟਵਰਕ ਦਾ ਪਾਜ਼ ਉਧੇੜਨ ਅਤੇ ਸਪਲਾਈ ਲਾਈਨ ਤੱਕ ਪਹੁੰਚਣ ਵਿੱਚ ਨਾਕਾਮ ਸਾਬਿਤ ਹੋਈ ਹੈ। ਪਰੰਤੂ ,ਉਕਤ ਦੋਵੇਂ ਤਸਕਰਾਂ ਬਾਰੇ ਲੋਕਾਂ ਦੀ ਚੁੰਝ ਚਰਚਾ ਤੋਂ ਕਾਫੀ ਹੋਰ ਖੁਲਾਸੇ ਵੀ ਸਾਹਮਣੇ ਆ ਰਹੇ ਹਨ। ਚੁੰਝ ਚਰਚਾ ਅਨੁਸਾਰ, ਤਸਕਰ ,ਬੜੀ ਸਫਾਈ ਨਾਲ, ਕਾਲੀ ਨਾਗਨੀ ਯਾਨੀ ਅਫੀਮ ਤਸਕਰੀ ਦਾ ਕਾਲਾ ਕਾਰੋਬਾਰ ਵੀ ਕਰ ਰਹੇ ਹਨ। ਪਰੰਤੂ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ, ਪੁਲਿਸ ਦਾ ਅਖਤਿਆਰ ਕੀਤਾ ਨਰਮ ਰੁਖ,ਤਸਕਰਾਂ ਨੂੰ ਸੰਜੀਵਨੀ ਦੇ ਰਿਹਾ ਹੈ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਰਸੂਖਦਾਰ ਤਸਕਰਾਂ ਦੀ ਮੱਦਦਗਾਰ, ਨਿਆਂਇਕ ਅਧਿਕਾਰੀ ਤੇ ਪੁਲਿਸ ਅਧਿਕਾਰੀ ,ਭਾਂਵੇ ਤਸਕਰਾਂ ਨੂੰ ਪੁਲਿਸ ਦੀ ਗਿਰਫਤਾਰੀ ਤੋਂ ਤਾਂ ਨਹੀਂ ਬਚਾਅ ਸਕੇ,ਪਰੰਤੂ ਰਸੂਖਦਾਰਾਂ ਦੇ ਕਥਿਤ ਪ੍ਰਭਾਵ ਦਾ ਹੀ ਇਹ ਅਸਰ ਹੈ ਕਿ ਪੁਲਿਸ ਦੀ ਨਜ਼ਰ ਏ ਇਨਾਇਤ ,ਇੱਨ੍ਹਾ ਤਸਕਰਾਂ ਤੋਂ ਤਸਕਰੀ ਨਾਲ ਜੁੜੇ ਡੂੰਘੇ ਰਾਜ ਉਗਲਵਾਉਣ ਵਿੱਚ ਫਿਲਹਾਲ ਅਸਮਰੱਥ ਹੈ। ਉੱਧਰ ਇਹ ਕਨਸੋਅ ਵੀ ਮਿਲ ਰਹੀ ਹੈ ਕਿ ਤਸਕਰਾਂ ਨੂੰ ਸਖਤੀ ਨਾਲ ਪੁੱਛਗਿੱਛ ਲਈ, ਅਮ੍ਰਿਤਸਰ ਇੰਟੈਰੋਗੇਸ਼ਨ ਸੈਂਟਰ ਵੀ ਲਿਜਾਣ ਦੀਆਂ ਤਿਆਰੀਆਂ ਅੰਦਰੋ-ਅੰਦਰ ਹੋ ਰਹੀਆਂ ਹਨ। ਵਰਨਣਯੋਗ ਹੈ ਕਿ ਸੀਆਈਏ ਪੁਲਿਸ ਦੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਿਊ ਗੋਇਲ ਮੈਡੀਕਲ ਏਜੰਸੀ (ਸਾਹਮਣੇ ਬੱਸ ਸਟੈਂਡ) ਦੇ ਮਾਲਿਕ ਨਵਦੀਪ ਗੋਇਲ ਉਰਫ ਟੋਨੀ ਅਤੇ ਕੱਚਾ ਕਾਲਜ ਰੋਡ ਤੇ ਸਥਿਤ BOI ਬੈਂਕ ਦੇ ਸਾਹਮਣੇ (Hailex ਫਰਮਾ) ਦੇ ਮਾਲਿਕ ਬਿੰਦਰ ਸਿੰਘ ਮਠਾੜੂ ਨੂੰ ਗਿਰਤਫਾਰ ਕੀਤਾ ਹੋਇਆ ਹੈ।