ਅਕਾਲੀ, ਕਾਂਗਰਸ ਦਾ ਸਫਰ ਤੈਅ ਕਰਕੇ , ਰਾਜੀਵ ਲੂਬੀ ਨੇ ਹੁਣ ਫੜ੍ਹਿਆ ਝਾੜੂ
ਹਰਿੰਦਰ ਨਿੱਕਾ , ਬਰਨਾਲਾ 10 ਜੂਨ 2022
ਭਾਂਵੇ ਇਸ ਨੂੰ ਸੱਤਾ ਦੀ ਲਾਲਸਾ ਸਮਝੋ , ਜਾਂ ਫਿਰ ਰਾਜਨੀਤੀ ਦੇ ਬਦਲਦੇ ਰੰਗ-ਢੰਗ , ਯਾਨੀ ਕਾਂਗਰਸ ਪਾਰਟੀ ਦੇ ਐਕਟਿੰਗ ਜਿਲ੍ਹਾ ਪ੍ਰਧਾਨ ਤੇ ਬਰਨਾਲਾ ਕਲੱਬ ਦੇ ਸਾਬਕਾ ਸੈਕਟਰੀ ,ਐਡਵੋਕੇਟ ਰਾਜੀਵ ਲੂਬੀ ਨੇ ਆਪਣੇ ਛੋਟੇ ਜਿਹੇ ਰਾਜਨੀਤਕ ਸਫਰ ਦੌਰਾਨ , ਤਿੰਨ ਪਾਰਟੀਆਂ ਵਿੱਚ ਗੇੜਾ ਦੇ ਦਿੱਤਾ ਹੈ। ਸੂਬੇ ਦੀ ਸੱਤਾ ਬਦਲਦਿਆਂ ਹੀ ਹੁਣ ਰਾਜੀਵ ਲੂਬੀ , ਕਾਂਗਰਸ ਨੂੰ ਛੱਡ ਕੇ ਆਪ ਦੇ ਘੋੜੇ ਤੇ ਸਵਾਰ ਹੋ ਗਏ ਹਨ । ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ, ਲੂਬੀ ਦੀ ਸ਼ਮੂਲੀਅਤ ਨਾਲ, ਆਪ ਨੂੰ ਵੱਡਾ ਹੁਲਾਰਾ ਮਿਲਣ ਦਾ ਦਾਅਵਾ ਕੀਤਾ ਹੈ।
ਧੰਨ ਐਂ , ਉਹ ਲੋਕ ਜੋ ਪਜਾਮੇ ਤੋਂ ਪਹਿਲਾਂ ਪਾਰਟੀ ਬਦਲ ਲੈਂਦੇ ਨੇ,,
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਰਾਜਨੀਤਕ ਆਗੂਆਂ ਦੀ ਦਲਬਦਲੀ ਤੇ ਬੜੀ ਵਿਅੰਗਮਈ ਪ੍ਰਤੀਕਿਰਿਆ ਦਿੱਤੀ ਹੈ , ਮੱਖਣ ਸ਼ਰਮਾ ਨੇ ਕਿਹਾ ਕਿ ਧੰਨ ਐਂ ਉਹ ਲੋਕ, ਜੋ ਪਜਾਮੇ ਤੋਂ ਪਹਿਲਾਂ ਪਾਰਟੀ ਬਦਲ ਲੈਂਦੇ ਨੇ । ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਦਲਬਦਲੂਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਇੱਕ ਤੋਂ ਬਾਅਦ, ਦੂਜੀ ਤੇ ਦੂਜੀ ਤੋਂ ਬਾਅਦ ਤੀਜੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ, ਕਿਸੇ ਦੇ ਵੀ ਵਫਾਦਾਰ ਨਹੀਂ ਹੋ ਸਕਦੇ। ਸ਼ਰਮਾ ਨੇ ਦਲਬਦਲੂਆਂ ਬਾਰੇ ਇੱਕ ਹੋਰ ਗੁੱਝੀ, ਟਿੱਪਣੀ ਕਰਦਿਆਂ ਕਿਹਾ ਕਿ ਕੁੱਝ ਲੀਡਰ ਤਾਂ ਸੱਤਾਧਾਰੀ ਪਾਰਟੀਆਂ ਵਿੱਚ ਸੱਤਾ ਦਾ ਸੁੱਖ ਭੋਗਣ ਲਈ, ਡੈਪੂਟੇਸ਼ਨ ਤੇ ਹੀ ਜਾਂਦੇ ਨੇ ,ਤੇ ਡੈਪੂਟੇਸ਼ਨ ਖਤਮ ਹੁੰਦਿਆਂ,ਫਿਰ ਹੋਰ ਪਾਰਟੀ ਬਦਲ ਲੈਂਦੇ ਹਨ।
ਦਲਬਦਲੀ ਵਾਲੇ ਆਗੂਆਂ ਬਾਰੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਲੋਟਾ ਨੇ ਕਿਹਾ ਕਿ ਕੁੱਝ ਲੋਕਾਂ ਅੰਦਰ, ਸੱਤਾ ਦੀ ਭੁੱਖ ਇੱਨ੍ਹੀਂ ਪ੍ਰਬਲ ਹੁੰਦੀ ਹੈ,ਕਿ ਜਿਵੇਂ ਪਾਣੀ ਬਿਨਾਂ ਮੱਛੀ ਨਹੀਂ ਰਹਿ ਸਕਦੀ, ਉਵੇਂ ਹੀ ਦਲਬਦਲੂ ਆਗੂ ਸੱਤਾਧਾਰੀ ਧਿਰ ਤੋਂ ਬਿਨਾਂ ਨਹੀਂ ਰਹਿ ਸਕਦੇ। ਸੱਤਾ ਖੁੱਸ ਜਾਣ ਤੋਂ ਬਾਅਦ, ਉਹ ਸੱਤਾ ਤੇ ਕਾਬਿਜ਼ ਦੂਜੀ ਧਿਰ ਨਾਲ ਜਾਣ, ਵਿੱਚ ਭੋਰਾ ਵੀ ਝਿਜਕ ਨਹੀਂ ਮੰਨਦੇ। ਉਨਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਚੰਗੀਆਂ ਨੇ, ਪਰੰਤੂ ਲੀਡਰ ਨੂੰ ਵਿਚਾਰਧਾਰਾ ਦੇ ਅਧਾਰ ਤੇ ਪਾਰਟੀ ਚੁਣਨੀ ਚਾਹੀਂਦੀ ਹੈ, ਐਂਵੇਂ, ਨਿੱਤ ਨਿੱਤ ਪਾਰਟੀਆਂ ਬਦਲਕੇ , ਲੋਕਾਂ ‘ਚ ਮਜਾਕ ਦੇ ਪਾਤਰ ਨਹੀਂ ਬਣਨਾ ਚਾਹੀਦਾ।
ਰਾਜੀਵ ਲੂਬੀ ਦਾ ਰਾਜਨੀਤਕ ਸਫਰ
ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਐਡਵੋਕੇਟ ਰਾਜੀਵ ਲੂਬੀ ਨੇ ਸ੍ਰੋਮਣੀ ਅਕਾਲੀ ਦਲ ਦੀ ਤੱਕੜੀ ਫੜੀ , ਅਕਾਲੀ ਦਲ ਤੋਂ ਸੱਤਾ ਖੁੱਸੀ ਤਾਂ ਫਿਰ ਲੋਕ ਸਭਾ ਚੋਣ 2019 ਵੇਲੇ ਉਨਾਂ ਸੱਤਾਧਾਰੀ ਕਾਂਗਰਸ ਦਾ ਹੱਥ ਫੜਿਆ। ਵਿਧਾਨ ਸਭਾ ਚੋਣਾਂ ਤੱਕ, ਉਹ ਕਾਂਗਰਸ ਵਿੱਚ ਹੀ ਰਹੇ ਜਦੋਂ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਸੱਤਾ ਤੇ ਕਾਬਿਜ ਹੋ ਗਈ, ਹੁਣ ਉਨਾਂ ਝਾੜੂ ਫੜ੍ਹ ਕੇ ਇਨਕਲਾਬ ਲਿਆਉਣ ਵੱਲ ਰਾਜਨੀਤਕ ਸਫਰ ਦੀ ਅਗਲੀ ਪੁਲਾਂਘ ਭਰੀ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਕਿੰਨ੍ਹਾ ਸਮਾਂ ਝਾੜੂ ਫੜ੍ਹਕੇ ਰੱਖਣਗੇ, ਜਾਂ ਫਿਰ ਕੋਈ ਹੋਰ ਨਵਾਂ ਬਦਲ ਚੁਣਨਗੇ। ਵਰਨਣਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਅੱਜ ਰਾਜੀਵ ਲੂਬੀ ਦੇ ਪਾਲਾ ਬਦਲਣ ਨੂੰ ਲੈ ਕੇ ,ਲੋਕ ਤਰਾਂ ਤਰਾਂ ਦੇ ਤੰਜ ਕਸ ਰਹੇ ਹਨ।