ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਨੂੰ ਸੰਗਰੂਰ ‘ਚ ਚਿਤਾਵਨੀ ਰੈਲੀ ਦਾ ਐਲਾਨ
* ਜੁਲਾਈ ਦੇ ਪਹਿਲੇ ਹਫਤੇ ਮੁੜ ਹੋਵੇਗੀ ਸਰਕਾਰ ਦੀ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ
ਪਰਦੀਪ ਕਸਬਾ , ਚੰਡੀਗੜ੍ਹ 8 ਜੂਨ 2022
ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਸੰਘਰਸ਼ ਦੇ ਰਾਹ ਪਈਆ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ਼ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਤੋਂ ਬਾਅਦ ਅੱਜ ਪੰਚਾਇਤ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉੱਚ ਅਧਿਕਾਰੀਆਂ ਵੱਲੋਂ ਮਜ਼ਦੂਰ ਆਗੂਆਂ ਨਾਲ ਪੰਜਾਬ ਭਵਨ ਵਿਖੇ ਮੁੜ ਮੀਟਿੰਗ ਕਰਕੇ ਮਜ਼ਦੂਰ ਮਸਲਿਆਂ ਦੇ ਸਾਰਥਿਕ ਹੱਲ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਵੱਲੋਂ ਕੱਲ੍ਹ 9 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਦਾ ਪ੍ਰੋਗਰਾਮ ਬਦਲਕੇ ਦਾਣਾ ਮੰਡੀ ਵਿਖੇ ਚਿਤਾਵਨੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ।
ਇਹ ਜਾਣਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਜਿਹੜੇ ਪਿੰਡਾਂ ‘ਚ ਸਸਤੇ ਭਾਅ ਪੰਚਾਇਤੀ ਜ਼ਮੀਨ ਠੇਕੇ ‘ਤੇ ਦੇਣ ਦੇ ਮਾਮਲੇ ਨੂੰ ਲੈਕੇ ਚੱਲ ਰਹੇ ਰੌਲੇ ਕਾਰਨ ਰੁਕੀਆਂ ਹੋਈਆਂ ਬੋਲੀਆਂ ਦਾ ਮਸਲਾ ਮਜ਼ਦੂਰਾਂ ਦੇ ਪੱਖ ‘ਚ ਜਲਦੀ ਹੱਲ ਕਰਨ, ਡੰਮੀ ਬੋਲੀਆਂ ਦੀ ਪੜਤਾਲ ਦੌਰਾਨ ਗ਼ਲਤ ਹੋਈਆਂ ਬੋਲੀਆਂ ਪੜਤਾਲ ਦੇ ਆਧਾਰ ‘ਤੇ ਰੱਦ ਕਰਨ, ਮਜ਼ਦੂਰਾਂ ਦੇ ਦਿਹਾੜੀ ਰੇਟ ‘ਚ ਵਾਧੇ ਲਈ ਲੇਬਰ ਮਹਿਕਮੇ, ਮਾਲ ਮਹਿਕਮੇ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ‘ਚ
ਜਲਦੀ ਕਮੇਟੀ ਦਾ ਗਠਨ ਕਰਨ, ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਕੇ ਸਸਤੇ ਕਰਜ਼ੇ ਦੇਣ ਲਈ ਵਿਭਾਗ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ , ਪੰਚਾਇਤੀ ਜ਼ਮੀਨਾਂ ਸੁਸਾਇਟੀ ਬਣਾਕੇ ਮਜ਼ਦੂਰਾਂ ਨੂੰ ਸਸਤੇ ਭਾਅ ਪਟੇ ‘ਤੇ ਦੇਣ ਬਾਰੇ ਫੈਸਲਾ ਕਰਨ ਲਈ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਬਣਾਕੇ ਮਜ਼ਦੂਰਾਂ ਦਾ ਪੱਖ ਸੁਣਨ ਉਪਰੰਤ ਫੈਸਲਾ ਲਿਆ ਜਾਵੇਗਾ।
ਉਹਨਾਂ ਝੋਨਾ ਲਵਾਈ ਦੇ ਰੇਟਾਂ ਨੂੰ ਲੈਕੇ ਕੁਝ ਪਿੰਡਾਂ ‘ਚ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਕਰਨ ਦੇ ਐਲਾਨਾਂ ਤੁਰੰਤ ਰੋਕਣ ਅਤੇ ਡਿਪਟੀ ਕਮਿਸ਼ਨਰਾਂ ਨਾਲ ਮਜ਼ਦੂਰ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਵਾਕੇ ਰੇਟਾਂ ‘ਚ ਵਾਧੇ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਪਰ ਝੋਨਾ ਲਵਾਈ ਦਾ ਰੇਟ ਛੇ ਹਜ਼ਾਰ ਰੁਪਏ ਕਰਨ ਅਤੇ ਇਸ ਤੋਂ ਘੱਟ ਮਿਲਣ ਵਾਲੇ ਰੇਟ ਦੀ ਭਰਪਾਈ ਸਰਕਾਰ ਵੱਲੋਂ ਕਰਨ ਦੇ ਮਸਲੇ ‘ਤੇ ਕੋਈ ਸਹਿਮਤੀ ਨਾ ਬਣ ਸਕੀ।
ਪੰਚਾਇਤ ਮੰਤਰੀ ਵੱਲੋਂ ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਚੱਲ ਰਹੇ ਕਾਰਜ ਆਉਂਦੇ ਦਿਨਾਂ ‘ਚ ਸਾਰੇ ਜ਼ਿਲ੍ਹਿਆਂ ‘ਚ ਸ਼ੁਰੂ ਕਰਨ ਅਤੇ ਮਜ਼ਦੂਰਾਂ ਨੂੰ ਕੱਟੇ ਪਲਾਟਾਂ ਦਾ ਕਬਜ਼ਾ ਕਾਨੂੰਨ ਅਨੁਸਾਰ ਦੇਣ ਦਾ ਵੀ ਭਰੋਸਾ। ਪੰਚਾਇਤ ਮੰਤਰੀ ਵੱਲੋਂ ਮਜ਼ਦੂਰ ਮਸਲਿਆਂ ਦੇ ਨਿਪਟਾਰੇ ਲਈ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮੁੜ ਮੀਟਿੰਗ ਕਰਕੇ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਸ਼ਮੀਰ ਸਿੰਘ ਘੁੱਗਸੋਰ, ਬਿੱਕਰ ਸਿੰਘ ਹਥੋਆ ਤੇ ਧਰਮਪਾਲ ਨਮੋਲ ਵੀ ਮੌਜੂਦ ਸਨ।
ਮਜ਼ਦੂਰ ਆਗੂਆਂ ਨੇ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਦਾਣਾ ਮੰਡੀ ਵਿਖੇ ਸੰਗਰੂਰ ਵਿਖੇ ਪੁੱਜਣ ਦਾ ਸੱਦਾ ਦਿੱਤਾ। ਉਹਨਾਂ ਸਾਂਝੇ ਸੰਘਰਸ਼ ਤੋਂ ਬਾਹਰ ਰਹਿ ਗਈਆਂ ਮਜ਼ਦੂਰ ਜਥੇਬੰਦੀਆਂ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ।