ਪਾਣੀ ਦੇ ਗੰਭੀਰ ਹੋ ਰਹੇ ਸੰਕਟ ਲਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਨੀਤੀਆਂ ਜਿੰਮੇਵਾਰ-ਪਰਮਿੰਦਰ ਹੰਡਿਆਇਆ
ਕਿਸਾਨ ਪਹਿਲਾਂ ਹੀ ਪਾਣੀ ਦੀ ਸੰਜਮ ਨਾਲ ਵਰਤੋਂ ਕਰ ਰਹੇ-ਗੁਰਦੇਵ ਮਾਂਗੇਵਾਲ
ਹਰਿੰਦਰ ਨਿੱਕਾ , ਬਰਨਾਲਾ 8 ਮਈ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਪ੍ਰਧਾਨ ਪਰਮਿੰਦਰ ਹੰਡਿਆਇਆ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵਿਚਾਰੇ ਗਏ ਮਸਲਿਆਂ ਬਾਰੇ ਬਲਾਕ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਪਰਮਿੰਦਰ ਹੰਡਿਆਇਆ ਨੇ ਬਲਾਕ ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਨੀਵਾਂ ਚਲਿਆ ਗਿਆ ਹੈ। ਪਾਣੀ ਸਾਡੀ ਕੁਦਰਤੀ ਦਾਤ ਹੈ। ਇਸ ਨੂੰ ਲੰਬੇ ਸਮੇਂ ਲਈ ਸਾਂਭ ਕੇ ਰੱਖਣਾ ਸਭਨਾਂ ਦੀ ਸਾਂਝੀ ਜਿੰਮੇਵਾਰੀ ਹੈ। ਵਾਤਾਵਰਣ ਬਚਾਉਣ ਅਤੇ ਖਾਦਾਂ ਸਪਰੇਆਂ ਦੀ ਘੱਟ ਵਰਤੋਂ ਕਰਨ ਦਾ ਹੋਕਾ ਦਿੱਤਾ।
ਮੀਟਿੰਗ ਦੌਰਾਨ ਸਮੂਹ ਪਿੰਡ ਇਕਾਈਆਂ ਤੋਂ ਪਿੰਡਾਂ ਵਿੱਚੋਂ ਇਕੱਤਰ ਹੋਇਆ ਛਿਮਾਹੀ ਫੰਡ ਜਮ੍ਹਾਂ ਕਰਵਾਇਆ ਗਿਆ। ਜਿਲ੍ਹਾ ਆਗੂ ਗੁਰਦੇਵ ਮਾਂਗੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਘੜੰਮ ਚੌਧਰੀਆਂ ਵੱਲੋਂ ਝੋਨਾ ਲਵਾਈ ਦੀ ਲੇਬਰ ਅਤੇ ਦਿਹਾੜੀ ਪ੍ਰਤੀ ਪਵਾਏ ਜਾ ਰਹੇ ਮਤਿਆਂ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਨਾਲ ਹੀ ਕਿਸਾਨ ਮਜਦੂਰਾਂ ਨੂੰ ਅਪੀਲ ਕੀਤੀ ਅਜਿਹੇ ਮਸਲੇ ਪ੍ਰੇਮਭਾਵ/ਸਹਿਮਤੀ ਨਾਲ ਬੈਠਕੇ ਨਿਜੱਠੇ ਜਾਣ। ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਕਣਕ, ਝੋਨੇ ਦੇ ਬਦਲਵਾਂ ਕੁਦਰਤ/ਲੋਕ ਪੱਖੀ ਖੇਤੀ ਨੀਤੀ ਹੱਲ ਕੱਢਣ ਦੀ ਵੀ ਮੰਗ ਕੀਤੀ ਗਈ। ਕਿਉਂਕਿ ਮੌਜੂਦਾ ਖੇਤੀ ਨੀਤੀ ਸਾਮਰਾਜੀ ਸੰਸਥਾਵਾਂ ਵੱਲੋਂ ਅੰਨ੍ਹਾ ਮੁਨਾਫ਼ਾ ਕਮਾਉਣ ਦੀ ਹੋੜ ਵਿੱਚੋਂ ਲਿਆਂਦੀ ਗਈ ਹੈ।
ਸਰਕਾਰ ਨੂੰ ਅਪੀਲ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਜੋ ਉਦਯੋਗ ਨਹਿਰੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰ ਰਹੇ ਨੇ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਆਉਣ ਵਾਲੀ 20 ਜੂਨ ਪਾਣੀ ਅਤੇ ਵਾਤਾਵਰਣ ਬਚਾਓ ਸੰਬੰਧੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਵਾਰੇ ਵੀ ਚਰਚਾ ਕੀਤੀ ਗਈ। ਇਸ ਸਮੇਂ ਸਿਕੰਦਰ ਸਿੰਘ ਭੂਰੇ, ਦਰਸ਼ਨ ਸਿੰਘ ਮਹਿਤਾ, ਗੋਪਾਲ ਹਮੀਦੀ, ਸਹਿਬ ਸਿੰਘ ਬਡਬਰ, ਗੁਰਪਿਆਰ ਸਿੰਘ ਅਸਪਾਲ ਕਲਾਂ,ਇੰਦਰਪਾਲ ਸਿੰਘ ਬਰਨਾਲਾ,ਮੇਜਰ ਸਿੰਘ ਸੰਘੇੜਾ ਨੇ ਝੋਨੇ ਦਾ ਸੀਜ਼ਨ ਬਹੁਤ ਨੇੜੇ ਹੋਣ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਅਧਿਕਾਰੀਆਂ ਨੂੰ 12 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਜੋਰਦਾਰ ਮੰਗ ਕੀਤੀ।