ਰਘਵੀਰ ਹੈਪੀ , ਬਰਨਾਲਾ, 8 ਜੂਨ 2022
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਤੇ ਮਹਿਲ ਕਲਾਂ ਅਧੀਨ ਚੋਣ ਅਮਲੇ ਦੀ ਪਹਿਲੀ ਰਿਹਰਸਲ ਅੱਜ ਕਰਵਾਈ ਗਈ।
ਜ਼ਿਲਾ ਚੋਣ ਅਫਸਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਅੱਜ ਤਿੰਨੇ ਵਿਧਾਨ ਸਭਾ ਹਲਕਿਆਂ ਅਧੀਨ ਚੋਣ ਅਮਲੇ ਦੀ ਪਹਿਲੀ ਰਿਹਰਸਲ ਸਹਾਇਕ ਰਿਟਰਨਿੰਗ ਅਫਸਰਾਂ ਦੀ ਦੇਖ-ਰੇਖ ਹੇਠ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੇ ਚੋਣ ਅਮਲੇ ਦੀ ਰਿਹਰਸਲ ਸੈਕਰਡ ਹਾਰਟ ਸਕੂਲ ਰਾਏਕੋਟ ਰੋਡ ਬਰਨਾਲਾ, ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਅਮਲੇ ਦੀ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਬਰਨਾਲਾ ਤੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਚੋਣ ਅਮਲੇ ਦੀ ਰਿਹਰਸਲ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਹੋਈ। ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਚੋਣ ਅਮਲੇ ਨਾਲ ਸਬੰਧਤ ਪ੍ਰੋਜ਼ਾਈਡਿੰਗ ਅਧਿਕਾਰੀਆਂ, ਸਹਾਇਕ ਪ੍ਰੋਜ਼ਾਈਡਿੰਗ ਅਧਿਕਾਰੀਆਂ ਤੇ ਪੋਲਿੰਗ ਅਫ਼ਸਰਾਂ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲਾ ਚੋਣ ਅਫਸਰ ਨੇ ਸਬੰਧਤ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜਾਉਣ ਦੀ ਹਦਾਇਤ ਕੀਤੀ ਤੇ ਚੋਣ ਸਟਾਫ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਆਖਿਆ।