ਬਰਨਾਲਾ ਦੇ ਡਾਕਟਰ ਨੂੰ ‘ ਗੋਲਡੀ ਬਰਾੜ’ ਦਾ ਆਇਆ ਫੋਨ! , ਪੁਲਿਸ ਮੁਸਤੈਦ
ਜੇ.ਐਸ. ਚਹਿਲ ,ਬਰਨਾਲਾ 7 ਜੂਨ 2022
ਪ੍ਰਸਿੱਧ ਪੰਜਾਬੀ ਗਾਇਕ ‘ਸਿੱਧੂ ਮੂਸੇ ਵਾਲਾ’ ਕਤਲ ਦੀ ਕਥਿਤ ਜ਼ਿੰਮੇਵਾਰੀ ਲੈਣ ਵਾਲੇ ‘ ਗੈਂਗਸਟਰ ਗੋਲਡੀ ਬਰਾੜ’ ਵਲੋਂ ਬਰਨਾਲਾ ਜ਼ਿਲੇ ਦੇ ਇੱਕ ਡਾਕਟਰ ਨੂੰ ਕਥਿਤ ਧਮਕੀ ਭਰਿਆ ਫੋਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੇੜਲੇ ਪਿੰਡ ਉੱਗੋਕੇ ਦੇ ਰਹਿਣ ਵਾਲੇ ਡਾਕਟਰ ਜਗਸੀਰ ਸਿੰਘ ਨੇ ਪੁਲਿਸ ਥਾਣਾ ਸ਼ਹਿਣਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਵੇਰ ਸਮੇਂ ਕਿਸੇ ਅਗਿਆਤ ਨੰਬਰ ਤੋਂ ਉਸ ਨੂੰ ਫੋਨ ਆਇਆ। ਉਹਨਾ ਵਲੋਂ ਫੋਨ ਚੱਕਣ ਤੇ ਅੱਗੋਂ ਬੰਦੇ ਨੇ ਕਿਹਾ ਕਿ ਮੈਂ ‘ਗੋਲਡੀ ਬਰਾੜ’ ਬੋਲਦਾ ਹਾਂ। ਕੀ ਤੂੰ ਗੋਲਡੀ ਬਰਾੜ ਬਾਰੇ ਸੁਣਿਆ ਹੈ? ਉਸ ਵਲੋਂ ਗੋਲਡੀ ਦੇ ਨਾਮ ਬਾਰੇ ਅਗਿਆਨਤਾ ਪ੍ਰਗਟਾਉਣ ਤੇ ਅੱਗੋਂ ਫੋਨ ਕਰਨ ਵਾਲੇ ਨੇ ਕਿਹਾ ਕਿ ਅਸੀਂ ਹੀ ਸਿੱਧੂ ਮੂਸੇਵਾਲਾ ਮਾਰਿਆ ਹੈ। ਜਿਸ ਤੋਂ ਬਾਅਦ ਉਸ ਨੇ ਅੱਗੋਂ ਤਲਖ਼ੀ ਨਾਲ ਗੱਲ ਕਰਨ ਤੇ ਅਣਪਛਾਤੇ ਵਿਅਕਤੀ ਨੇ ਫੋਨ ਕੱਟ ਦਿੱਤਾ। ਉਹਨਾ ਪੁਲਿਸ ਥਾਣਾ ਸ਼ਹਿਣਾ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਆਪਣੇ ਜਾਨ-ਮਾਲ ਦੀ ਰਾਖੀ ਕਰਨ ਅਤੇ ਇੰਨਸਾਫ਼ ਦੀ ਮੰਗ ਕੀਤੀ ਹੈ।
ਜਦੋਂ ਇਸ ਸੰਬੰਧੀ ਪੁਲਿਸ ਥਾਣਾ ਸ਼ਹਿਣਾ ਦੇ ਇੰਚਾਰਜ ਸਬ-ਇੰਸਪੈਕਟਰ ਬਲਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਦੱਸਿਆ ਕਿ ਡਾਕਟਰ ਜਗਸੀਰ ਸਿੰਘ ਵਲੋਂ ਦਿੱਤੀ ਸ਼ਿਕਾਇਤ ਚ ਦਰਜ਼ ਨੂੰ ਦੀ ਜਾਂਚ ਪੜਤਾਲ ਤੋਂ ਬਾਅਦ ਉਕਤ ਨੰਬਰ ਦੀ ਲੋਕੇਸ਼ਨ ਜਲੰਧਰ ਸ਼ਹਿਰ ਦੀ ਸੀ। ਲੋਕੇਸ਼ਨ ਦੇ ਆਧਾਰ ਤੇ ਪੁਲਿਸ ਪਾਰਟੀ ਉਕਤ ਜਗਾ ਤੇ ਪਹੁੰਚੀ ਤਾਂ ਉਸ ਜਗ੍ਹਾ ਤੇ ਜੋ ਵਿਅਕਤੀ ਰਹਿ ਰਿਹਾ ਸੀ , ਉਸ ਦਾ ਨਾਮ ਸਰਬਜੀਤ ਸਿੰਘ ਹੈ ਅਤੇ ਉਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ। ਉਹਨਾ ਦੱਸਿਆ ਕਿ ਪਹਿਲਾਂ ਵੀ ਉਸੇ ਨੰਬਰ ਤੋਂ ਫਿਰੋਜਪੁਰ ਦੇ ਕਿਸੇ ਵਿਅਕਤੀ ਨੂੰ ਵੀ ਫੋਨ ਕਾਲ ਆਈ ਸੀ।ਜਿਸ ਸਬੰਧੀ ਪੀੜਤ ਨੇ 112 ਨੰਬਰ ਤੇ ਸੂਚਿਤ ਕੀਤਾ ਹੋਇਆ ਸੀ। ਐਸ ਐਚ ਓ ਨੇ ਕਿਹਾ ਕਿ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਦੀ ਸ਼ਨਾਖਤ ਕਰਕੇ, ਉਸਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ।