ਕੋਈ ਦਰਦੀ ਦਿਸਦਾ ਨਾ, ਕੀਹਨੂੰ ਦਿਲ ਦਾ ਦਰਦ ਸੁਣਾਈਏ,,,
ਹਰਿੰਦਰ ਨਿੱਕਾ , ਬਰਨਾਲਾ 7 ਜੂਨ 2022
42 °C ਤਾਪਮਾਨ , ਅੰਬਰੋਂ ਵਰ੍ਹਦੀ ਲੋਅ ਤੇ ਤਪਦੀ ਸੜ੍ਹਕ, ਨਾ ਕੋਈ ਟੈਂਟ , ਨਾ ਦਰੀ ਅਤੇ ਨਾ ਹੀ ਕੋਈ ਪਾਣੀ, ਪੱਖਾ ਜਾਂ ਕੂਲਰ ਤਾਂ ਬੜੀ ਦੂਰ ਦੀ ਗੱਲ ਹੈ । ਅਜਿਹਾ ਮੰਜਰ ਸੋਚ ਕੇ ਵੀ, ਹਰ ਕਿਸੇ ਦਾ ਕਲੇਜਾ ਮੂੰਹ ਨੂੰ ਆਉਂਦੈ , ਪਰ ਕਦੇ ਸੋਚ ਕੇ ਦੇਖਿਆ ਹੈ ਕਿ ਅਜਿਹੀ ਹਾਲਤ ਵਿੱਚ ਕਿਵੇਂ, ਖੜ੍ਹਿਆ ਜਾ ਸਕਦਾ ਹੈ। ਇਹ ਦ੍ਰਿਸ਼ ਕਿਸੇ ਬਾਹਰੀ ਦੁਨੀਆਂ ਦਾ ਨਹੀਂ, ਸਗੋਂ ਸਾਡੇ ਸ਼ਹਿਰ ਦੇ ਨਾਗਰਿਕ ਅਤੇ ਸੂਬੇ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਕੋਠੀ ਦੇ ਬਾਹਰ ਡਿਊਟੀ ਤੇ ਤਾਇਨਾਤ ਰਹਿੰਦੀ ਪੁਲਿਸ ਤੇ ਪੈਰਾ ਮਿਲਟਰੀ ਦੇ ਜਵਾਨਾਂ ਅਕਸਰ ਦੇਖਣ ਨੂੰ ਮਿਲਦਾ ਹੈ। ਜਿਹੜੇ, ਚੰਮ ਵਰਗੀ ਮੋਟੀ ਵਰਦੀ ਪਾ ਕੇ ਸੁਬ੍ਹਾ ਤੋਂ ਹੀ ਇੱਕ ਲੱਤ ਦੇ ਭਾਰ, ਖੜ੍ਹੇ ਰਹਿਣ ਨੂੰ ਮਜਬੂਰ ਹਨ। ਨਾ ਸਰਕਾਰ ਅਤੇ ਨਾ ਹੀ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀ ,ਗਰਮੀ ਦੀ ਮਾਰ ਸਹਿ ਰਹੇ, ਮੁਲਾਜਮਾਂ ਦੇ ਦਰਦ ਦੀ ਦਾਰੂ ਬਣਨ ਵੱਲ ਕੋਈ ਧਿਆਨ ਦਿੰਦੇ ਹਨ। ਬੇਵੱਸੀ ਦੇ ਆਲਮ ਵਿੱਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ, ਜਿਵੇਂ ਕਿਵੇਂ, ਜਿੱਥੇ ਹੀ, ਥੋਡ੍ਹੀ ਛਾਂ ਮਿਲਦੀ ਹੈ, ਉੱਥੇ ਹੀ ਦੋ ਪਲ ਆਰਾਮ ਕਰ ਲੈਂਦੇ ਹਨ।
ਖਬਰ ਵਿੱਚ ਪ੍ਰਕਾਸ਼ਿਤ ਤਸਵੀਰਾਂ ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ, ਮੀਤ ਹੇਅਰ ਦੀ ਕੋਠੀ ਕੋਲ, ਸੁਰੱਖਿਆ ਯਕੀਨੀ ਬਣਾਉਣ ਲਈ, ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀਆਂ ਹਨ। ਪੈਰਾ ਮਿਲਟਰੀ ਫੋਰਸ ਦਾ ਕੋਈ, ਇੱਥੇ ਆਪਣਾ ਨਹੀਂ ਹੈ, ਜਿਸ ਤੋਂ ਕੋਈ ਦਰੀ , ਪਾਣੀ ਜਾਂ ਹੋਰ ਪ੍ਰਬੰਧ ਕਰਵਾ ਸਕਣ। ਉਨਾਂ ਨੂੰ ਪਾਣੀ ਦੀ ਘੁੱਟ ਲਈ ਵੀ, ਦੂਸਰਿਆਂ ਦੇ ਹੱਥਾਂ ਵੱਲ ਤੱਕਣਾ ਪੈਂਦਾ ਹੈ। ਲੱਗਭੱਗ ਇਹੋ ਜਿਹੀ ਹਾਲਤ ਵਿੱਚ ਡਿਊਟੀ ਦੇਣੀ ਪੈਂਦੀ ਹੈ, ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਜਿਸ ਨੂੰ ਜਿੱਥੇ ਵੀ, ਥੋੜ੍ਹੀ ਠੰਡੀ ਹਵਾ ਦਾ ਬੁੱਲਾਂ ਆਉਂਦਾ ਲੱਗਦਾ ਹੈ, ਜਾਂ ਕੋਈ ਛਾਂ ਦਿਖਾਈ ਦਿੰਦੀ ਹੈ, ਉੱਥੇ ਹੀ, ਜਿਵੇਂ ਕਿਵੇਂ, ਬੈਠਣ ਦਾ ਹੀਲਾ ਵਸੀਲਾ ਕਰ ਲੈਂਦੇ ਹਨ।
ਪੈਰਾ ਮਿਲਟਰੀ ਫੋਰਸ ਦੇ ਇੱਕ ਜੁਆਨ ਨੇ ਦਬੀ ਜੁਬਾਨ ਵਿੱਚ ਕਿਹਾ ਕਿ , ਹਮ ਭੀ ਤੋਂ ਇਨਸਾਨ ਹੈਂ, ਕੋਈ ਜਾਨਵਰ ਤੋ ਨਹੀਂ, ਹਮੇਂ ਭੀ ਗਰਮੀ ਮਹਿਸੂਸ ਤੋ ਹੋਤੀ ਹੀ ਹੈ, ਪ੍ਰਸ਼ਾਸ਼ਨ ਕੋ, ਡਿਊਟੀ ਸੇ ਪਹਿਲੇ , ਪਾਣੀ ਔਰ ਛਾਇਆ ,ਅਥਵਾ ਬੈਠਣੇ ਕੀ ਵਿਵਸਥਾ ਤੋ ਕਰ ਹੀ ਦੇਣੀ ਚਾਹਿਏ, ਜਬ ਕੋਈ ਪ੍ਰਦਰਸ਼ਨਕਾਰੀ ਪਹੁੰਚੇਗਾ, ਤਬ ਤੋ ਹਮ, ਖੁਦ ਬ ਖੁਦ, ਡਿਊਟੀ ਸੰਭਾਲ ਹੀ ਲੇਂਗੇ। ਪੰਜਾਬ ਪੁਲਿਸ ਦੀ ਇੱਕ ਸਿਪਾਹੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮੰਤਰੀ ਦੀ ਕੋਠੀ ਵੱਲ ਵੱਧਣ ਤੋਂ ਰੋਕਣਾ, ਸਾਡੀ ਡਿਊਟੀ ਦਾ ਹਿੱਸਾ ਹੈ, ਜਿਸ ਵਿੱਚ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ, ਕੋਤਾਹੀ ਨਹੀਂ ਕਰਦਾ। ਪਰੰਤੂ, ਅਸੀਂ ਵੀ ਇਨਸਾਨ ਹਾਂ, ਗਰਮੀ, ਸਰਦੀ, ਦੁੱਖ ਤੇ ਸੁੱਖ ਦਾ ਅਹਿਸਾਸ ਸਾਨੂੰ ਵੀ ਹੁੰਦਾ ਹੈ।
ਇੱਕ ਏ.ਐਸ.ਆਈ. ਨੇ ਕਿਹਾ, ਯਾਰ ਅਸੀਂ ਤਾਂ ਆਪਣੇ ਦੁੱਖ ਬਾਰੇ, ਕਿਸੇ ਨੂੰ ਬੋਲ ਕੇ ਵੀ ਨਹੀਂ ਦੱਸ ਸਕਦੇ, ਕੋਈ ਜੁਬਾਨ ਖੋਲ੍ਹ ਦੇਵੇ ਤਾਂ ਝੱਟ ਡਿਸਪਲਨਰੀ ਐਕਸ਼ਨ, ਤਿਆਰ ਹੈ। ਲੰਬਾ ਹੌਂਕਾ ਭਰਦਿਆਂ, ਇੱਕ ਹੋਰ ਮਹਿਲਾ ਅਧਿਕਾਰੀ ਨੇ ਕਿਹਾ ਕਿ ਅਸੀਂ ਵੀ ਪੜ੍ਹੇ ਲਿਖੇ ਹਾਂ, ਪਤਾ ਨਹੀਂ, ਕਿਹੜੇ ਵੇਲੇ, ਮਹਿਕਮੇ ਵਿੱਚ ਭਰਤੀ ਹੋ ਗਏ। ਇਹ ਤਾਂ ਪਤਾ ਹੀ ਨਹੀਂ ਸੀ ਕਿ ਆਹ ਦਿਨ ਵੀ ਦੇਖਣੇ ਪੈਣਗੇ। ਇੱਕ ਹੋਰ ਏ.ਐਸ.ਆਈ. ਨੇ ਕਿਹਾ ਕਿ ਸਾਨੂੰ ਵੀ ਬਦਲਾਅ ਦਾ ਬੜਾ ਚਾਅ ਚੜ੍ਹਿਆ ਹੋਇਆ ਸੀ, ਬਈ ਆਹ ਆਮ ਘਰਾਂ ਦੇ ਪੁੱਤ ,ਜਦੋਂ ਸੱਤਾ ਵਿੱਚ ਆਉਣਗੇ, ਸਾਡੇ ਦਰਦ ਨੂੰ ਸਮਝਦਿਆਂ, ਸਾਡਾ ਦੁੱਖ ਘਟਾਉਣ ਦੀ ਕੋਈ ਕੋਸ਼ਿਸ਼ ਕਰਨਗੇ। ਪਰ, ਇਤਨਾ ਅੱਛਾ, ਨਸੀਬ ਕਹਾਂ,,। ਵਰਣਨਯੋਗ ਹੈ ਕਿ ਸਾਡੇ ਦੇਸ਼ ਅੰਦਰ, ਪਸ਼ੂਆਂ ਤੇ ਅੱਤਿਆਚਾਰ ਰੋਕੂ ਐਕਟ ਵੀ ਬਣਿਆ ਹੋਇਆ ਹੈ, ਜਿਸ ਅਨੁਸਾਰ ਧੁੱਪ ਵਿੱਚ ਕਿਸੇ ਪਸ਼ੂ ਤੋਂ ਵੀ ਕੰਮ ਨਹੀਂ ਲਿਆ ਜਾ ਸਕਦਾ, ਇਸ ਤੋਂ ਇਲਾਵਾ ਪਸ਼ੂਆਂ ਲਈ ਵੀ ਕੰਮ ਦੇ ਘੰਟੇ ਨਿਸਚਿਤ ਕੀਤੇ ਗਏ ਹਨ। ਪਰੰਤੂ ਲੱਗਦਾ ਇਹ ਹੈ ਕਿ ਪੁਲਿਸ ਮੁਲਾਜਮਾਂ ਲਈ ਨਾ ਤਾਂ ਕੋਈ ਕੰਮ ਦੇ ਘੰਟੇ ਨਿਸਚਿਤ ਹਨ ਅਤੇ ਨਾ ਹੀ, ਡਿਊਟੀ ਦੌਰਾਨ, ਉਨਾਂ ਨਾਲ ਹੋ ਰਹੇ ਗੈਰਮਨੁੱਖੀ ਵਿਵਹਾਰ ਦੀ ਸੁਣਵਾਈ, ਕਿਸੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈ।