ਸੋਮ ਪ੍ਰਕਾਸ਼ ਨੇ ਕਿਹਾ ,ਜੇਕਰ ਪੰਜਾਬ ਸਰਕਾਰ ਚਾਹੇ ਤਾਂ ਕੇਂਦਰ’ ਸਿੱਧੂ ਮੂਸੇਵਾਲਾ’ ਕੇਸ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਲਈ ਤਿਆਰ
ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪੈਦਾ ਕੀਤਾ ‘ਜੰਗਲ ਰਾਜ’
ਜੇ.ਐਸ. ਚਹਿਲ,ਬਰਨਾਲਾ ,6 ਜੂਨ 2022
ਪੰਜਾਬ ਦੇ ਵਿਸ਼ਵ ਪ੍ਰਸਿੱਧ ਕਲਾਕਾਰ ਸੁਭਦੀਪ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਹੈ।ਇਹ ਪ੍ਰਗਟਾਵਾ ਕੇਂਦਰੀ ਕਮਰਸ ਅਤੇ ਇੰਡਸਟਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੇਵਲ ਸਿੰਘ ਢਿੱਲੋਂ ਦੇ ਘਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰ ਵਾਰਤਾ ਦੌਰਾਨ ਕੀਤਾ।ਉਹਨਾ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੂੰਨ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ। ਉਹਨਾ ਕਿਹਾ ਕਿ ਬੀਤੇ ਕਰੀਬ ਦੋ ਮਹੀਨਿਆਂ ਦੌਰਾਨ ਪੰਜਾਬ ਅੰਦਰ ਬਹੁਤ ਸਾਰੀਆਂ ਨਾਮਵਰ ਹਸਤੀਆਂ ਅਤੇ ਹੋਰਨਾਂ ਲੋਕਾਂ ਦੇ ਹੋਏ ਸ਼ਰੇਆਮ ਕਤਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਨਾ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀ ਸੀਬੀਆਈ ਜਾਂ ਐਨ ਆਈ ਏ ਤੋਂ ਜਾਂਚ ਕਰਵਾਉਣ ਲਈ ਤਿਆਰ ਹੈ।ਪਰ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕੇਂਦਰ ਨਾਲ ਰਾਬਤਾ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਲਈ ਪੰਜਾਬ ਸਰਕਾਰ ਦਾ ਸਹਿਮਤ ਹੋਣਾ ਜ਼ਰੂਰੀ ਹੈ।
ਪੰਜਾਬ ਅੰਦਰ ਗਵਰਨਰੀ ਰਾਜ਼ ਲਾਗੂ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਹਰ ਨਾਗਰਿਕ ਦੀ ਜਾਨ-ਮਾਲ ਦੀ ਰਾਖੀ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜੇਕਰ ਪੰਜਾਬ ਸਰਕਾਰ ਆਪਣੇ ਲੋਕਾਂ ਦੀ ਜਾਨ-ਮਾਲ ਰਾਖੀ ਕਰਨ ਤੋਂ ਅਸਮਰਥ ਦਿਖਾਈ ਦਿੰਦੀ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਤੇ ਦਖਲ ਦੇਣ ਲਈ ਮਜਬੂਰ ਹੋਣਾ ਪਵੇਗਾ । ਉਹਨਾ ਕਿਹਾ ਕੇਦਰ ਸਰਕਾਰ ਵੱਲੋਂ ਪੰਜਾਬ ਦੇ ਹਾਲਾਤਾਂ ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਜੇਕਰ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਮੈਨਟੇਨ ਰੱਖਣ ਚ ਅਸਫ਼ਲ ਰਹਿੰਦੀ ਹੈ ਤਾਂ ਇਸ ਬਾਰੇ ਵਿਚਾਰ ਕਰਨਾ ਪੈ ਸਕਦਾ ਹੈ।
ਪੰਜਾਬ ਦੇ ਮੌਜੂਦਾ ਵਿੱਤੀ ਹਾਲਾਤਾਂ ਤੇ ਗੱਲ ਕਰਦਿਆਂ ਉਹਨਾ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਬੇਹੱਦ ਡਾਵਾਂਡੋਲ ਹੈ। ਪੰਜਾਬ ਦੇ ਆਰਥਿਕ ਹਾਲਤਾਂ ਨੂੰ ਮੁੜ ਸਥਿਰ ਕਰਨ ਲਈ ਕੇਂਦਰ ਸਰਕਾਰ ਦਾ ਸਹਿਯੋਗ ਜ਼ਰੂਰੀ ਹੈ। ਉਹਨਾ ਸੰਗਰੂਰ ਲੋਕ ਸਭਾ ਹਲਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਵਧ ਚੜ੍ਹ ਕੇ ਸਾਥ ਦੇਣ ਤਾਂ ਜੋ ਸੰਗਰੂਰ ਅੰਦਰ ਵੱਡੇ ਕੇਂਦਰੀ ਪ੍ਰੋਜੈਕਟਾਂ ਦਾ ਰਾਹ ਪੱਧਰਾ ਹੋ ਸਕੇ| ਇਸ ਮੌਕੇ ਦਲਜੀਤ ਸਿੰਘ ਸਹੋਤਾ ,ਭਾਜਪਾ ਦੇ ਸੂਬਾਈ ਆਗੂ ਧੀਰਜ ਦੱਧਾਹੂਰ ,ਜਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ , ਸਾਬਕਾ ਪ੍ਰਧਾਨ ਗੁਰਮੀਤ ਬਾਵਾ ,ਪੰਜਾਬ ਲੋਕ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ ,ਭਦੌੜ ਹਲਕੇ ਤੋਂ ਚੋਣ ਲੜ ਚੁੱਕੇ ਕੌਸਲਰ ਧਰਮ ਸਿੰਘ ਫੌਜੀ ,ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ,ਭਾਜਪਾ ਯੂਥ ਵਿੰਗ ਦੇ ਸੂਬਾਈ ਆਗੂ ਨੀਰਜ਼ ਜਿੰਦਲ ,ਜਗਮੇਲ ਸਿੰਘ ਜੱਗਾ ਮਾਨ , ਰੂਪੀ ਕੌਰ , ਹਰਵਿੰਦਰ ਕੌਰ, ਸੋਹਣ ਲਾਲ ਮਿੱਤਲ , ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਜੀਵਨ ਕੁਮਾਰ , ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ ,ਰਾਜੇਸ਼ ਕੁਮਾਰ ਬਬਲੂ ਆਦਿ ਹੋਰ ਆਗੂ ਵੀ ਮੌਜੂਦ ਸਨ।
Advertisement