ਏ.ਐਸ. ਅਰਸ਼ੀ, ਚੰੜੀਗੜ੍ਹ, 4 ਜੂਨ 2022
ਪੰਜਾਬ ਅੰਦਰ ਭਾਜਪਾ ਨੂੰ ਪੈਰਾਂ ਸਿਰ ਖੜ੍ਹੀ ਕਰਨ ਲਈ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ 4 ਸਾਬਕਾ ਕਾਂਗਰਸੀ ਮੰਤਰੀ ਅਤੇ 2 ਸਾਬਕਾ ਵਿਧਾਇਕ , ਸੂਬੇ ‘ਚ ਡਿੱਕ ਡੋਲੇ ਖਾਂਦੀ ਭਾਜਪਾ ਦੀ ਬੇੜੀ ਦਾ ਚੱਪੂ ਬਣ ਗਏ। ਪੰਜਾਬ ਕਾਂਗਰਸ ਦੇ ਕੱਦਾਵਰ ਆਗੂ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ,ਰਾਜ ਕੁਮਾਰ ਵੇਰਕਾ ,ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਸਾਬਕਾ ਸੀਪੀਐਸ ਤੇ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਮੌਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਦੇ ਕੱਦਾਵਰ ਆਗੂਆਂ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦੇਣ ਨਾਲ, ਜਿੱਥੇ ਭਾਜਪਾ ਨੂੰ ਮਜਬੂਤੀ ਮਿਲੇਗੀ, ਉੱਥੇ ਹੀ ਕਾਂਗਰਸ ਪਾਰਟੀ ਨੂੰ ਰਾਜਸੀ ਨੁਕਸਾਨ ਵੀ ਝੱਲਣਾ ਪਵੇਗਾ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਾਰਿਆਂ ਨੂੰ ਪਾਰਟੀ ਦੀ ਮੈਂਬਰਸ਼ਿਪ ਅਤੇ ਪਾਰਟੀ ਦਾ ਸਿਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਸ੍ਰੀ ਸ਼ਾਹ ਨੇ ਸਾਰਿਆਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਅਤੇ ਉਨਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ, ਜੀ ਜਾਨ ਨਾਲ ਮਿਹਨਤ ਕਰਨਗੇ। ਕਾਂਗਰਸ ਪਾਰਟੀ ਅੰਦਰ ਹੋਈ, ਵੱਡੀ ਉੱਥਲ ਪੁੱਥਲ ਲਈ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਕਤ ਕਾਂਗਰਸੀ ਆਗੂਆਂ ਦੇ ਸਹਾਰੇ, ਪੰਜਾਬ ਅੰਦਰ ਕਮਲ ਦਾ ਫੁੱਲ ਖਿੜਨ ਦੀ ਬਜਾਏ, ਮੁਰਝਾ ਜਰੂਰ ਜਾਵੇਗਾ, ਵੜਿੰਗ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਨੂੰ ਪਾਰਟੀ ਨੇ ਵੱਡਾ ਮਾਨ ਦਿੱਤਾ, ਹੁਣ ਇੱਨ੍ਹਾ ਦੇ ਚਲੇ ਜਾਣ ਨਾਲ, ਲੰਬੇ ਸਮੇਂ ਤੋਂ, ਉਨਾਂ ਦੇ ਹਲਕਿਆਂ ਵਿੱਚ ਨਜਰਅੰਦਾਜ ਕੀਤੇ ਗਏ, ਪਾਰਟੀ ਅਗੂਆਂ ਨੂੰ ਵਧੇਰੇ ਮੌਕੇ ਮਿਲਣਗੇ, ਜੋ ਕਾਂਗਰਸ ਦੀ ਮਜਬੂਤੀ ਲਈ, ਚੰਗਾ ਹੀ ਹੋਵੇਗਾ। ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਦੇ ਵੱਡੀ ਗਿਣਤੀ ਵਿੱਚ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਏ ਗਏ ਸਨ, ਜਿੰਨਾਂ ਦਾ ਆਪ ਨੂੰ ਕੋਈ ਨੁਕਸਾਨ ਨਹੀਂ ਹੋਇਆ,ਸਗੋਂ ਲੋਕਾਂ ਨੇ ਆਪ ਨੂੰ ਵੱਡੀ ਲੀਡ ਨਾਲ ਸੱਤਾ ਸੌਂਪ ਦਿੱਤੀ, ਇਸੇ ਤਰਾਂ ਹੀ ਕਾਂਗਰਸੀ ਆਗੂਆਂ ਦੇ ਪਾਰਟੀ ਛੱਡ ਜਾਣ ਨਾਲ, ਭਾਜਪਾ ਨੂੰ ਨਹੀਂ, ਬਲਕਿ ਕਾਂਗਰਸ ਪਾਰਟੀ ਨੂੰ ਹੀ ਫਾਇਦਾ ਹੋਵੇਗਾ। ਹਲਕਾ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ, ਕੇਵਲ ਸਿੰਘ ਢਿੱਲੋਂ ਦੇ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਨਾਲ, ਬਰਨਾਲਾ ਹਲਕੇ ਅੰਦਰ ਉਨਾਂ ਦੇ ਸਮਰਥਕਾਂ ਦੇ ਚਿਹਰੇ ਖਿੜ੍ਹ ਗਏ ਹਨ, ਕੇਵਲ ਸਿੰਘ ਢਿੱਲੋਂ ਦੇ ਭਾਜਪਾ ਅਚ ਸ਼ਾਮਿਲ ਹੋਣ ਤੋਂ ਬਾਅਦ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਲਈ, ਢਿੱਲੋਂ ਦੇ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਕਿਆਸਰਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੇਵਲ ਸਿੰਘ ਢਿੱਲੋਂ ਨੇ ਫਿਲਹਾਲ, ਸੰਗਰੂਰ ਜਿਮਨੀ ਚੋਣ ਨਾ ਲੜਨ ਦਾ ਫੈਸਲਾ ਕਰ ਲਿਆ ਹੈ। ਨਤੀਜਾ ਕੁੱਝ ਵੀ ਹੋਵੇ, ਜਿਮਨੀ ਚੋਣ ਅੰਦਰ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਦਾ ਭਾਜਪਾ ਉਮੀਦਵਾਰ ਨੂੰ ਕਾਫੀ ਫਾਇਦਾ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਬਤੌਰ ਕਾਂਗਰਸੀ ਉਮੀਦਵਾਰ, ਤਿੰਨ ਲੱਖ ਤੋਂ ਵੱਧ ਵੋਟਾਂ ਲੈ ਗਏ ਸਨ, ਜਦੋਂਕਿ ਉਨਾਂ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਅੰਦਰ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ, ਮੁਸ਼ਕਿਲ ਨਾਲ ਹੀ ਇੱਕ ਲੱਖ ਤੋਂ ਕੁੱਝ ਵੱਧ ਵੋਟਾਂ ਲੈ ਸਕੇ ਸਨ।