ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਪਰਮੋਟ ਕਰ ਰਿਹਾ ਪ੍ਰਬੰਧ ਸਿੱਧੂ ਦੀ ਮੌਤ ਲਈ ਜਿੰਮੇਵਾਰ
ਹਰਿੰਦਰ ਨਿੱਕਾ , ਬਰਨਾਲਾ 30 ਮਈ 2022
ਲੰਘੀ ਕੱਲ੍ਹ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ ਨੇ ਕਿਹਾ ਕਿ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਨੇ ਸਿੱਧੂ ਮੂਸੇ ਵਾਲਾ ਨੂੰ ਆਪਣਾ ਨਿਸ਼ਾਨਾ ਬਣਾਕੇ ਉਸ ਦੇ ਜ਼ਿੰਦਗੀ ਜਿਉਣ ਦੇ ਹੱਕ ਨੂੰ ਖੋਹ ਲਿਆ ਹੈ । ਇਹ ਘਿਨਾਉਣੀ, ਨਿੰਦਣਯੋਗ ਤੇ ਬੁਜ਼ਦਿਲੀ ਵਾਲੀ ਕਾਰਵਾਈ ਹੈ। ਅਜਿਹਾ ਕਰਨ ਦੀ ਕਦਾਚਿਤ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸੇ ਵੀ ਵਿਅਕਤੀ/ ਸੰਸਥਾ ਦੇ ਸਿੱਧੂ ਮੂਸੇ ਵਾਲਾ ਜਾਂ ਕਿਸੇ ਹੋਰ ਨਾਲ ਵਿਚਾਰ ਦੇ ਪੱਧਰ’ਤੇ ਮੱਤਭੇਦ ਹੋ ਸਕਦੇ ਹਨ। ਆਗੂਆਂ ਨੇ ਕਿਹਾ ਕਿ ਤਰਕ,ਦਲੀਲ ਅਤੇ ਸੰਵਾਦ ਨਾਲ ਸਮਝਿਆ ਸਮਝਾਇਆ ਜਾ ਸਕਦਾ ਹੈ। ਇੱਕ ਦੂਜੇ ਦੇ ਵਿਚਾਰਾਂ ਪ੍ਰਤੀ ਸਹਿਮਤੀ/ਅਸਿਹਮਤੀ ਪ੍ਰਗਟਾਈ ਜਾ ਸਕਦੀ ਹੈ। ਵਿਚਾਰਾਂ ਵਿੱਚੋਂ ਹੀ ਸੱਭਿਆਚਾਰਕ ਗਾਇਕੀ ਜਨਮ ਲੈਂਦੀ ਹੈ। ਅਜਿਹੀ ਗਾਇਕੀ/ਸੱਭਿਆਚਾਰ ਨੂੰ ਪੈਦਾਵਾਰੀ ਖੇਤਰ ਦੀ ਮੁਨਾਫੇ ਦੀ ਹੋੜ ਵਿੱਚ ਲੱਗੀ ਮੰਡੀ ਪ੍ਰਫੁੱਲਿਤ ਕਰਦੀ ਹੈ। ਅਜਿਹਾ ਕਰਨ ਪਿੱਛੇ ਮੁਨਾਫ਼ਾ ਕਮਾਉਣ ਦੇ ਨਾਲ ਨਾਲ ਬੇਰੁਜ਼ਗਾਰੀ ਦੇ ਦੈਂਤ ਦਾ ਸਾਹਮਣਾ ਕਰ ਰਹੀ ਨੌਜਵਾਨੀ ਨੂੰ ਫੁਕਰਪੰਥੀ ਸੱਭਿਆਚਾਰ ਦੇ ਲੜ ਲਾਕੇ ਉਨ੍ਹਾਂ ਦੇ ਜ਼ਿੰਦਗੀ ਦੇ ਬੁਨਿਆਦੀ ਮਸਲਿਆਂ ਤੋਂ ਲਾਂਭੇ ਕਰਨਾ ਵੀ ਹੁੰਦਾ ਹੈ। ਇਸ ਕਤਲ ਦੇ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਹੋਣੀ ਚਾਹੀਦੀ ਹੈ। ਦੋਸ਼ੀ ਅਤੇ ਸਾਜਿਸ਼ ਘਾੜੇ ਸਾਹਮਣੇ ਆਉਣੇ ਚਾਹੀਦੇ ਹਨ। ਹਾਕਮ ਧਿਰ ਨੂੰ ਇਸ ਕਤਲ ਤੋਂ ਬਰੀ ਨਹੀਂ ਕੀਤਾ ਜਾ ਸਕਦਾ।
ਸਿੱਧੂ ਮੂਸੇ ਵਾਲੇ ਦਾ ਅੰਤ ਬਹੁਤ ਬੁਰਾ ਹੋਇਆ। ਜਿਸ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਮੂਸੇ ਸਿੱਧੂ ਵਾਲੇ ਨੇ ਸ਼ਰੇਆਮ ਆਪਣੀਆਂ ਐਲਬਮਾਂ ਰਾਹੀਂ ਪਰਮੋਟ ਕੀਤਾ, ਉਹੀ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਸਿੱਧੂ ਮੂਸੇ ਵਾਲਾ ਲਈ ਇਸ ਦੁਨੀਆਂ ਤੋਂ ਸਦਾ ਸਦਾ ਲਈ ਚਲੇ ਜਾਣ ਦਾ ਕਾਰਣ ਬਣਿਆ ਹੈ। ਸਿੱਧੂ ਮੂਸੇ ਵਾਲਾ ਵੱਲੋਂ ਨੌਜਵਾਨੀ ਦੀ ਬਰਬਾਦੀ ਲਈ ਸਿਰਜੀ ਜਾ ਰਹੀ ਫੁਕਰੀ ਗਾਇਕੀ ਕਾਰਨ ਚਰਚਾ ਵਿੱਚ ਰਿਹਾ ਹੈ। ਪੁਲਿਸ ਅਤੇ ਸਿਆਸਤਦਾਨ ਉਸ ਲਈ ਢਾਲ ਬਣਦੇ ਰਹੇ ਹਨ। ਗੈਂਗਸਟਰਵਾਦ ਦੀ ਪੈਦਾਵਾਰ ਸਿੱਧੂ ਮੂਸੇ ਵਾਲਾ ਨਹੀਂ ਜੋ
ਉਨਾਂ ਕਿਹਾ ਕਿ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਪਰਮੋਟ ਕਰ ਰਿਹਾ ਹੈ। ਗੈਂਗਸਟਰਵਾਦ ਸਮੇਤ ਗੰਨ ਸੱਭਿਆਚਾਰ ਨੂੰ ਪੈਦਾ ਕਰਨ ਦੀ ਲੁਟੇਰਾ ਤੇ ਜਾਬਰ ਰਾਜ ਪ੍ਰਬੰਧ ਹੈ। ਇਹੀ ਪ੍ਰਬੰਧ ਇਸ ਗੈਂਗਸਟਰਵਾਦ ਨੂੰ ਪਾਲਦਾ ਵੱਡਾ ਕਰਦਾ ਤੇ ਮੋੜਵੇਂ ਰੂਪ’ਚ ਆਪਣੇ ਸਿਆਸੀ ਹਿੱਤਾਂ ਲਈ ਵਰਤਦਾ ਹੈ। ਕਿਰਨਜੀਤ ਕੌਰ ਮਹਿਲਕਲਾਂ ਕਾਂਡ ਦੇ ਦੋਸ਼ੀਆਂ ਖਿਲਾਫ਼ ਦਰਜ ਸੈਂਕੜੇ ਮੁਕੱਦਮੇ,ਸ਼ਰੂਤੀ ਕਾਂਡ ਦੇ ਸਰਗਣੇ ਨਿਸ਼ਾਨੇ ਸਮੇਤ ਹੋਰਨਾਂ ਗੈਂਗਸਟਰਾਂ ਖਿਲਾਫ਼ ਦਰਜਨਾਂ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਦਨਦਨਾਉਂਦੇ ਫਿਰਨਾ ਪੁਲਿਸ ਅਤੇ ਸਿਆਸੀ ਸ੍ਰਪਰਸਤੀ ਤੋਂ ਬਿਨਾਂ ਸੰਭਵ ਨਹੀਂ। ਹਾਲਾਤ ਇਹ ਬਣ ਗਏ ਹਨ ਕਿ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਖੀਮਪੁਰ ਖੀਰੀ ਕਾਂਡ ਦਾ ਮੁੱਖ ਸਾਜਿਸ਼ ਘਾੜਾ ਗ੍ਰਹਿ ਰਾਜ ਮੰਤਰੀ ਅਜੇ ਮਿਸਰੀ ਟੈਣੀ ਇਸ ਦੀ ਪੁਖਤਾ ਉਦਾਹਰਣ ਹੈ।
ਉਨਾਂ ਕਿਹਾ ਕਿ ਇਹ ਪੂਰੀ ਮੁਨਾਫ਼ੇ ਦੀ ਹੋੜ ਵਿੱਚ ਲੱਗੀ ਖਪਤ ਦੀ ਮੰਡੀ ਹੈ। ਜਿਸ ਦਾ ਕਰੋੜਾਂ ਅਰਬਾਂ ਰੁਪਏ ਦਾ ਕਾਰੋਬਾਰ ਹੈ। ਇਸ ਮੰਡੀ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਅਜਿਹੇ ਫੁਕਰਪੰਥੀ ਕਲਾਕਾਰਾਂ ਵੱਲੋਂ ਸਿਰਜਿਆ ਜਾ ਰਿਹਾ ਲੋਕ ਵਿਰੋਧੀ ਸੱਭਿਆਚਾਰ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ । ਲੋਕ ਰੋਹ ਦੀ ਗੱਲ , ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਪਾਲਣਹਾਰਾਂ (ਸਿਆਸਤਦਾਨ-ਪੁਲਿਸ-ਮੁਨਾ ਫ਼ਾ ਖੋਰ ਪ੍ਰਬੰਧ -ਗੈਂਗਸਟਰਵਾਦ ਗੱਠਜੋੜ ) ਵੱਲ ਸੇਧਿਤ ਹੋਣੀ ਚਾਹੀਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿਆਸੀ ਤੰਗਨਜ਼ਰ ਪਹੁੰਚ ਰਾਹੀਂ ਇੱਕ ਦੂਜੇ ਖਿਲਾਫ਼ ਚਿੱਕੜ ਉਛਾਲੀ ਤੱਕ ਸੀਮਤ ਕਰਕੇ ਮੁੱਦੇ ਦੀ ਜਪਤਪ ਕਰ ਦੇਣ ਤੱਕ ਸੀਮਤ ਰਹਿਣਗੀਆਂ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ, ਘਰਾਂ’ਚ ਮੌਤ ਦੇ ਸੱਥਰ ਨਾਂ ਵਿਛਣ, ਬੁੱਢੇ ਮਾਂ ਬਾਪ ਦੀ ਡੰਗੋਰੀ ਨਾ ਲੁੱਟੀ ਜਾਵੇ, ਭਰ ਜੁਆਨ ਅਵਸਥਾ ਵਿੱਚ ਨੌਜਵਾਨ ਕੁੜੀਆਂ ਨੂੰ ਵਿਧਵਾਵਾਂ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨਾ ਹੋਣਾ ਪਵੇ, ਬੱਚੇ ਬੱਚੀਆਂ ਅਨਾਥ ਨਾ ਹੋਣ, ਇਸ ਲਈ ਜ਼ਰੂਰੀ ਹੈ ਕਿ ਜਵਾਨੀ ਦੇ ਹੱਥਾਂ ਵਿੱਚ ਰੁਜ਼ਗਾਰ ਹੋਵੇ। ਗੈਂਗਸਟਰਵਾਦ, ਫੁਕਰਪੰਥੀ, ਨਸ਼ਿਆਂ ਨੂੰ ਪਰਮੋਟ ਕਰਨ ਵਾਲੇ,ਔਰਤ ਵਿਰੋਧੀ ਸੱਭਿਆਚਾਰ ਨੂੰ ਸਖਤੀ ਨਾਲ ਨਕੇਲ ਪਾਈ ਜਾਵੇ। ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਨਰੋਏ ਸੱਭਿਆਚਾਰ ਦੀ ਸਿਰਜਣਾ ਕੀਤੀ ਜਾਵੇ।