ਚਸ਼ਮਦੀਦ ਗਵਾਹਾਂ ਨਾਲ ਮੇਲ ਨਹੀਂ ਖਾ ਰਿਹਾ , ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ
ਹਰਿੰਦਰ ਨਿੱਕਾ , ਬਰਨਾਲਾ, 31 ਮਈ 2022
ਪੰਜਾਬੀ ਗਾਇਕੀ ਦੇ ਅੰਬਰਾਂ ਤੇ ਧਰੂ ਤਾਰੇ ਵਾਂਗ ਚਮਕਦਾ ਰਿਹਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਬੇਸ਼ੱਕ ਹੁਣ ਸਾਡੇ ਦਰਮਿਆਨ ਨਹੀਂ ਰਿਹਾ ਤੇ ਹਰ ਕੋਈ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਵੀ ਕਰ ਰਿਹਾ ਹੈ। ਪਰੰਤੂ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਇੱਕਦਮ ਬਾਅਦ ਸ਼ੋਸ਼ਲ ਮੀਡੀਆ , ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਆਪਣੀ ਲੋਕਪ੍ਰਿਯਤਾ ਵਧਾਉਣ ਦੀ ਲੱਗੀ ਹੋੜ ਨੇ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਟੀਆਰਪੀ ਲਈ ਖੇਡੀ ਜਾ ਰਹੀ ਖੇਡ, ਸਿੱਧੂ ਦੇ ਹੱਤਿਆਰਿਆਂ ਨੂੰ ਬਚਾਉਣ ਵਿੱਚ ਵੀ ਸਹਾਈ ਸਿੱਧ ਹੋ ਸਕਦੀ ਹੈ। ਕਿਉਂਕਿ ਜੋ ਕੁਝ, ਬਿਨਾਂ ਕਿਸੇ ਪੁਸ਼ਟੀ ਦੇ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ,ਉਸ ਵਿੱਚ ਕਾਫੀ ਕੁੱਝ ,ਆਪਾ ਵਿਰੋਧੀ ਹੈ ਤੇ ਇੱਕ ਦੂਸਰੇ ਨਾਲ ਮੇਲ ਵੀ ਨਹੀਂ ਖਾ ਰਿਹਾ। ਜਿਸ ਦਾ ਸਿੱਧਾ ਫਾਇਦਾ, ਸਿੱਧੂ ਮੂਸੇਵਾਲਾ ਦੇ ਕਾਤਿਲਾਂ ਨੂੰ ਮਿਲਣਾ ਸੁਭਾਵਿਕ ਹੀ ਹੈ। ਸਭ ਤੋਂ ਵੱਡੀ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਪੁਲਿਸ ਦੀ ਐਫ.ਆਈ.ਆਰ. ਵਿੱਚ ਦਰਜ਼, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਅਤੇ ਚਸ਼ਮਦੀਦ ਗਵਾਹਾਂ ਦੇ ਤੌਰ ਤੇ ਮੀਡੀਆ ਸਾਹਮਣੇ ਆਪ ਮੁਹਾਰੇ ਆ ਰਹੇ ਲੋਕਾਂ ਦੇ ਬਿਆਨਾਂ ‘ਚ ਢੇਰ ਸਾਰਾ ਫਰਕ ਹੈ।
FIR ਅਨੁਸਾਰ ਵਾਰਦਾਤ ਦਾ ਚਸ਼ਮਦੀਦ ਐ ਸਿੱਧੂ ਦਾ ਪਿਤਾ !
ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਜਦੋਂ ਸ਼ੁਭਦੀਪ ਸਿੱਧੂ ਆਪਣੇ ਦੋ ਦੋਸਤਾਂ ਨਾਲ ਥਾਰ ਗੱਡੀ ਵਿੱਚ ਸਵਾਰ ਹੋ ਕਿ ਘਰੋਂ ਚਲਾ ਗਿਆ ਤਾਂ ਉਹ ਖੁਦ ਵੀ ਸਿੱਧੂ ਮੂਸੇ ਵਾਲਾ ਨੂੰ ਮਿਲੇ ਹੋਏ ਗੰਨਮੈਨਾਂ ਨੂੰ ਨਾਲ ਲੈ ਕੇ ਉਸ ਦੇ ਪਿੱਛੇ ਪਿੱਛੇ ਹੀ ਆਪਣੀ ਗੱਡੀ ਲੈ ਕੇ ਚਲਾ ਗਿਆ ਸੀ , ਜਦੋਂ ਉਹ ਆਪਣੇ ਲੜਕੇ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਹਰਕੇ ਪੁੱਜੇ ਤਾਂ ਇੱਕ ਗੱਡੀ ਜਿਸ ਦਾ ਨੰਬਰ DL 4CAE-3114 ਪੜ੍ਹਿਆ ਗਿਆ ,ਥਾਰ ਗੱਡੀ ਦੇ ਪਿੱਛੇ ਜਾ ਰਹੀ ਸੀ । ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ । ਸਾਡੀ ਗੱਡੀ ਉਹਨਾਂ ਤੋਂ ਕਾਫੀ ਪਿੱਛੇ ਸੀ , ਜਦੋਂ ਮੇਰੇ ਲੜਕੇ ਦੀ ਗੱਡੀ ਪਿੰਡ ਜਵਾਹਰਕੇ ਦੀ ਫਿਰਨੀ ਤੋਂ ਪਿੰਡ ਬਰਨਾਲਾ (ਖਾਰਾ ਬਰਨਾਲਾ ) ਸਾਇਡ ਨੂੰ ਸੜਕੇ ਸੜਕ ਮੁੜੀ ਤਾਂ ਪਿੰਡ ਤੇ ਅੱਗੇ ਪਹਿਲਾਂ ਹੀ ਇਕ ਬਲੈਰੋ ਗੱਡੀ ਖੜ੍ਹੀ ਹੋਈ ਸੀ, ਜਿਸ ਦਾ ਨੰਬਰ PB05AP-6114 ਪੜ੍ਹਿਆ ਗਿਆ । ਜਿਸ ਵਿੱਚ ਵੀ ਚਾਰ ਨੌਜਵਾਨ ਸਵਾਰ ਸਨ । ਬਲੈਰੋ ਗੱਡੀ ਦੇ ਡਰਾਇਵਰ ਨੇ ਇੱਕ ਦਮ ਮੇਰੇ ਲੜਕੇ ਦੀ ਥਾਰ ਗੱਡੀ ਦੇ ਅੱਗੇ ਆਪਣੀ ਬਲੈਰੋ ਗੱਡੀ ਕਰ ਦਿੱਤੀ । ਇਹਨਾਂ ਦੋਵਾਂ ਬਲੈਰੋ ਅਤੇ ਕਰੋਲਾ ਗੱਡੀਆਂ ਨੇ ਮੇਰੇ ਲੜਕੇ ਦੀ ਥਾਰ ਗੱਡੀ ਨੂੰ ਅੱਗੇ ਅਤੇ ਪਿੱਛੋਂ ਘੇਰ ਕੇ ਮੇਰੇ ਲੜਕੇ ਪਰ ਅਨ੍ਹੇਵਾਹ ਫਾਇਰਿੰਗ ਕਰ ਦਿੱਤੀ ਅਤੇ ਦੋਵੇਂ ਗੱਡੀਆ ਹੀ ਪਿੰਡ ਖਾਰਾ ਬਰਨਾਲਾ ਸਾਈਡ ਵੱਲ ਭਜਾ ਕੇ ਲੈ ਗਏ । ਇਹ ਵਾਕਿਆ ਕੁਝ ਪਲਾਂ ਵਿੱਚ ਹੀ ਵਾਪਰ ਗਿਆ। ਉਸ ਸਮੇਂ ਵਕਤ ਵਕਤ ਕਰੀਬ 5/5.15 ਵਜੇ ਸ਼ਾਮ ਦਾ ਸੀ, ਜਦੋਂ ਅਸੀਂ ਗੱਡੀ ਪਾਸ ਪੁੱਜ ਕੇ ਦੇਖਿਆ ਤਾਂ ਮੇਰੇ ਲੜਕੇ ਸੁਭਦੀਪ ਸਿੰਘ ਦੇ ਸਰੀਰ ਤੇ ਸੱਜੇ ਪਾਸੇ ਕਾਫੀ ਗੋਲੀਆ ਵੱਜੀਆ ਹੋਈਆ ਸਨ। ਉਸ ਨਾਲ ਬੈਠੇ ਗੁਰਵਿੰਦਰ ਸਿੰਘ ਤੇ ਪਿਛਲੀ ਸੀਟ ਪਰ ਬੈਠੇ ਗੁਰਪ੍ਰੀਤ ਸਿੰਘ ਵਾਸੀਅਨ ਮੂਸਾ ਵੀ ਜ਼ਖਮੀ ਹੋਏ ਪਏ ਸੀ ਤਾਂ ਅਸੀਂ ਰੌਲਾ ਪਾਇਆ ਅਤੇ ਹੋਰ ਲੋਕ ਵੀ ਮੌਕਾ ਪਰ ਇੱਕਠੇ ਹੋ ਗਏ ਸੀ । ਜਿਹਨਾਂ ਦੀ ਮੱਦਦ ਨਾਲ ਅਸੀਂ ਇਹਨਾਂ ਤਿੰਨਾਂ ਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਕੇ ਆਏ , ਪਰ ਇੱਥੇ ਆਉਂਦਿਆਂ ਹੀ ਮੇਰੇ ਲੜਕੇ ਸੁਭਦੀਪ ਸਿੰਘ ਦੀ ਮੌਤ ਹੋ ਗਈ ।
ਜਾਹਿਰ ਕਰਦਾ ਚਸ਼ਮਦੀਦ ਕੁੱਝ ਹੋਰ ਕਹਿ ਰਹੇ ਨੇ ,,
ਮੀਡੀਆ ਸਾਹਮਣੇ ਖੁਦ ਨੂੰ ਮੌਕਾ ਵਾਰਦਾਤ ਦੇ ਚਸ਼ਮਦੀਦ ਹੋਣ ਦਾ ਦਾਅਵਾ ਕਰ ਰਹੇ, ਮੇਸੀ ਦਾ ਕਹਿਣਾ ਹੈ ਕਿ ਉਹ .ਵਾਰਦਾਤ ਸਮੇਂ ਸਭ ਤੋਂ ਪਹਿਲਾਂ ਪਹੁੰਚਿਆ, ਉਦੋਂ ਸਿੱਧੂ ਮੂਸੇਵਾਲਾ ਦੇ ਸਾਂਹ ਚੱਲ ਰਹੇ ਸੀ, ਉਨਾਂ ਥਾਰ ਗੱਡੀ ਦੇ ਸ਼ੀਸ਼ੇ ਤੋੜ ਕੇ, ਉਸ ਨੂੰ ਬਾਹਰ ਕੱਢਿਆ ਤੇ ਬਰਨਾਲਾ ਪਿੰਡ ਤੋਂ ਸਰਕਾਰੀ ਗੱਡੀ ਦਾ ਪ੍ਰਬੰਧ ਕਰਕੇ,ਸਿਵਲ ਹਸਪਤਾਲ ਮਾਨਸਾ ਭੇਜਿਆ। ਉੱਧਰ ਖੁਦ ਨੂੰ ਚਸ਼ਮਦੀਦ ਦੱਸ ਰਹੇ ਜਵਾਹਰਕੇ ਪਿੰਡ ਦੇ ਸਾਬਕਾ ਸਰਪੰਚ ਤੇ ਅਕਾਲੀ ਦਲ ਅਮ੍ਰਿਤਸਰ ਦੀ ਵਰਕਿੰਗ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਉੱਥੇ ਪਹੁੰਚਿਆਂ ਤਾਂ ਸਿੱਧੂ ਮੂਸੇਵਾਲਾ ਸਾਂਹ ਲੈ ਰਿਹਾ ਸੀ। ਸਰਕਾਰੀ ਗੱਡੀ ਰਾਹੀਂ ਲੋਕਾਂ ਨੇ ਸਾਰੇ ਜਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਸਿੱਧੂ ਮੂਸੇ ਵਾਲਾ ਦੀ ਥਾਰ ਗੱਡੀ ‘ਚ ਸਵਾਰ ਅਤੇ ਜਖਮੀ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਕਹਿੰਦੇ ਹਨ ਕਿ ਸਿੱਧੂ ਨੇ ਮੌਤ ਸਾਹਮਣੇ ਦੇਖ ਕੇ ਵੀ ਹੌਸਲਾ ਨਹੀਂ ਹਾਰਿਆ,ਉਸ ਨੇ ਆਪਣੇ ਲਾਇਸੰਸੀ ਅਸਲੇ ਨਾਲ ਹਮਲਾ ਕਰਨ ਵਾਲਿਆਂ ਵੱਲ ਫਾਇਰ ਵੀ ਕੀਤੇ। ਜਦੋਂ ਰਜਿੰਦਰ ਸਿੰਘ ਜਵਾਹਰਕੇ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਲੋਡ ਪਿਸਤੌਲ, ਉਸ ਨੇ ਪੁਲਿਸ ਨੂੰ ਖੁਦ ਫੜਾਇਆ ।
ਪੁਲਿਸ ਨੇ ਚੌਂਕੀਦਾਰ ਨੇ ਮੱਖਣ ਸਿੰਘ ਨੇ ਕਿਹਾ,,
ਐਫ.ਆਈ.ਆਰ. ‘ਚ ਦੱਸਿਆ ਗਿਆ ਹੈ ਕਿ ਪੁਲਿਸ ਨੂੰ ਜਵਾਹਰਕੇ ਪਿੰਡ ਦੇ ਚੌਂਕੀਦਾਰ ਮੱਖਣ ਸਿੰਘ ਨੇ ਫੋਨ ਕਰਕੇ ਉਕਤ ਵਾਰਦਾਤ ਬਾਰੇ ਸੂਚਨਾ ਦਿੱਤੀ । ਪਰੰਤੂ ਦੂਜੇ ਪਾਸੇ ਰਜਿੰਦਰ ਸਿੰਘ ਜਵਾਹਰਕੇ ਕਹਿ ਰਿਹਾ ਹੈ ਕਿ ਉਸ ਨੇ ਖੁਦ ਐਸਐਚਉ ਨੂੰ ਫੋਨ ਕਰਕੇ, ਵਾਰਦਾਤ ਦੀ ਜਾਣਕਾਰੀ ਦਿੱਤੀ ਤੇ ਐਸਐਚਉ ਪੁਲਿਸ ਪਾਰਟੀ ਸਣੇ 5/7 ਮਿੰਟਾਂ ਬਾਅਦ ਹੀ ਉੱਥੇ ਪਹੁੰਚ ਗਿਆ । ਉੱਧਰ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜੇਕਰ, ਸਿੱਧੂ ਦੇ ਗੰਨਮੈਨ, ਉਸ ਦੇ ਪਿਤਾ ਨਾਲ ਗੱਡੀ ਵਿੱਚ ਪਿੱਛਾ ਕਰ ਰਹੇ ਸੀ ਤਾਂ,ਉਨਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਕਿਉਂ ਨਹੀਂ ਦਿੱਤੀ ? ਇਸ ਤਰਾਂ ਉਕਤ ਜਿਕਰਯੋਗ ਗੱਲਾਂ ਅਜਿਹੀਆਂ ਹਨ, ਜਿਹੜੀਆਂ ਪੁਲਿਸ ਵੱਲੋਂ ਦਰਜ਼ ਕਹਾਣੀ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੁਆਰਾ ਦਿੱਤੇ ਬਿਆਨ ਨੂੰ ਪੂਰੀ ਤਰਾਂ ਕੱਟਦੀਆਂ ਹਨ । ਦਰਅਸਲ ਮੀਡੀਆ ਅਤੇ ਚਸ਼ਮਦੀਦ ਗਵਾਹਾਂ ਵੱਲੋਂ ਜਾਣ ਅਣਜਾਣੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਉਕਤ ਜਿਕਰਯੋਗ ਕਹਾਣੀਆਂ, ਸਿੱਧੂ ਮੂਸੇਵਾਲਾ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਵਿੱਚ ਰੋੜਾ ਬਣ ਸਕਦੀਆਂ ਹਨ।