ਹਰਿੰਦਰ ਨਿੱਕਾ , ਬਰਨਾਲਾ 26 ਮਈ 2022
ਸ਼ਹਿਰ ਅੰਦਰ ਸਵੇਰ ਤੋਂ ਸਫਾਈ ਦਾ ਕੰਮ ਠੱਪ ਰਹੇਗਾ, ਜੀ ਹਾਂ ਸਫਾਈ ਸੇਵਕ ਮਜਦੂਰ ਯੂਨੀਅਨ ਨੇ ਇਹ ਐਲਾਨ ਨਗਰ ਕੌਂਸਲ ਦੀ ਸਫਾਈ ਸੇਵਿਕਾ ਦੀ ਦਰਦਨਾਕ ਸੜ੍ਹਕ ਹਾਦਸੇ ਵਿੱਚ ਅੱਜ ਬਾਅਦ ਦੁਪਿਹਰ ਹੋਈ ਮੌਤ ਤੋਂ ਬਾਅਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ, ਜਰਨਲ ਸਕੱਤਰ ਵਿੱਕੀ ਵਾਲਮੀਕੀ ਅਤੇ ਰਾਹੁਲ ਕੁਮਾਰ ਨੇ ਦੱਸਿਆ ਕਿ ਹਾਦਸੇ ਦੌਰਾਨ ਮੌਤ ਦਾ ਗ੍ਰਾਸ ਬਣੀ ਰਜਨੀ ਰਾਣੀ ਪਤਨੀ ਰੌਸ਼ਨ ਲਾਲ ਵਾਸੀ ਪ੍ਰੇਮ ਨਗਰ ਬਰਨਾਲਾ ਕੰਟਰੈਕਟ ਤੇ ਸਫਾਈ ਸੇਵਿਕਾ ਵਜੋਂ ਨੌਕਰੀ ਕਰ ਰਹੀ ਸੀ, ਅੱਜ ਉਹ ਬਾਅਦ ਦੁਪਿਹਰ ਦੀ ਡਿਊਟੀ ਤੇ ਜਾਣ ਲਈ ਆਪਣੇ ਘਰੋਂ ਆਪਣੇ ਰਿਸ਼ਤੇਦਾਰ ਭੋਲਾ ਸਿੰਘ ਵਾਸੀ ਮੁਕਤਸਰ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ।ਜਦੋਂ ਮੋਟਰਸਾਈਕਲ ਸੜ੍ਹਕ ਤੇ ਪਹੁੰਚਿਆਂ ਤਾਂ ਆਈਟੀਆਈ ਚੌਂਕ ਦੀ ਤਰਫੋਂ ਬੜੀ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੇ ਕਬਾੜਨੁਮਾ ਟ੍ਰੈਕਟਰ ਡਰਾਈਵਰ ਨੇ ਉਨ੍ਹਾਂ ਨੂੰ ਦਰੜ ਦਿੱਤ ਤੇ ਦੂਰ ਤੱਕ ਘੜੀਸ ਕੇ ਲੈ ਗਿਆ। ਉਨਾਂ ਕਿਹਾ ਕਿ ਸਫਾਈ ਸੇਵਕ ਮਜਦੂਰ ਯੂਨੀਅਨ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਰੱਖੀ ਹੈ ਕਿ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਤਾਂਕਿ ਪਰਿਵਾਰ ਦਾ ਗੁਜਾਰਾ ਚਲਦਾ ਰਹਿ ਸਕੇ।
ਉਨਾਂ ਕਿਹਾ ਕਿ ਜਿੰਨੀਂ ਦੇਰ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨੀਂ ਦੇਰ ਤੱਕ ਉਹ ਕੰਮ ਛੱਡ ਕੇ ਹੜਤਾਲ ਤੇ ਰਹਿਣਗੇ , ਨਾ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀਂ ਸਸਕਾਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਛੇਤੀ ਤੋਂ ਛੇਤੀ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਉਹ ਪੰਜਾਬ ਦੇ ਨੇਤਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬਾ ਪੱਧਰੀ ਹੜਤਾਲ ਕਰਨ ਨੂੰ ਮਜਬੂਰ ਹੋਣਗੇ। ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਤ ਦੀ ਜਿੰਮੇਵਾਰੀ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਹੇਵੇਗੀ।