ਬੇਰੁਜ਼ਗਾਰ ਪੀ ਟੀ ਆਈ (646) ਵਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ
ਐੱਸ ਪੀ ਕੁਲਦੀਪ ਸਿੰਘ ਵਲੋਂ ਅਨਾਊਂਸਮੈਂਟ ਕਰਕੇ ਬੇਰੁਜ਼ਗਾਰਾਂ ਤੇ, ਲਾਠੀਚਾਰਜ ਕਰਨ ਅਤੇ ਵਾਟਰ ਕੈਨਨ ਦੀ ਵਰਤੋਂ ਦੇ ਕੀਤੇ ਹੁਕਮ
ਜੇ.ਐਸ. ਚਹਿਲ/ ਰਘਬੀਰ ਹੈਪੀ ,ਬਰਨਾਲਾ।,22 ਮਈ 2022
ਬੇਰੁਜ਼ਗਾਰ ਪੀ ਟੀ ਆਈ ਯੂਨੀਅਨ (646) ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਨਿੱਜੀ ਰਿਹਾਇਸ਼ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਲਗਭਗ 46 ਡਿਗਰੀ ਤਾਪਮਾਨ ਦੀ ਬੇਤਹਾਸ਼ਾ ਤਪਸ਼ ਦੇ ਬਾਵਜੂਦ ਮਾਸੂਮ ਬੱਚਿਆਂ ਨੂੰ ਨਾਲ ਲੈਕੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਪੁਲਿਸ ਵਲੋਂ ਲਗਾਏ ਬੈਰੀਕੇਟ ਤੋੜ ਕੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵਲੋਂ ਬਲ ਦਾ ਪ੍ਰਯੋਗ ਕੀਤਾ ਗਿਆ। ਕੁੱਝ ਸਮੇਂ ਤੱਕ ਚੱਲੀ ਧੱਕਾਮੁੱਕੀ ਅਤੇ ਖਿੱਚਧੂਹ ਦੌਰਾਨ ਐੱਸ ਪੀ ਕੁਲਦੀਪ ਸਿੰਘ ਵਲੋਂ ਲਾਠੀਚਾਰਜ ਅਤੇ ਵਾਟਰ ਕੈਨਨ ਦੀਆਂ ਬੁਛਾੜਾਂ ਚਲਾਉਣ ਦੀ ਸਪੀਕਰ ਰਾਹੀਂ ਅਨਾਊਂਸਮੈਂਟ ਕੀਤੀ ਗਈ।ਪਰ ਡੀ ਐੱਸ ਪੀ ਰਾਜੇਸ਼ ਸਨੇਹੀ ਬੱਤਾ ਅਤੇ ਸੀ ਆਈ ਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਹਨਾ ਨੂੰ ਸਾਂਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਟੀ ਆਈ (646) ਦੇ ਪ੍ਰਧਾਨ ਗੁਰਲਾਲ ਸਿੰਘ ਭੋਲਾ ਨੇ ਦੱਸਿਆ ਕਿ 2011 ਵਿੱਚ ਸਰਕਾਰ ਵਲੋਂ ਕੱਢੀਆਂ ਪੀ ਟੀ ਆਈ ਦੀਆਂ 646 ਪੋਸਟਾਂ ਬੀਤੇ ਕਰੀਬ 11 ਸਾਲ ਤੋਂ ਮਾਨਯੋਗ ਹਾਈਕੋਰਟ ਵਲੋਂ ਚੱਲਿਆ ਕੇਸ਼ 3ਮਹੀਨੇ ਪਹਿਲਾਂ ਉਹਨਾ ਦੇ ਹੱਕ ਵਿੱਚ ਹੋ ਚੁੱਕਾ ।ਪਰ ਇਸ ਸਭ ਦੇ ਬਾਵਜੂਦ ਸਰਕਾਰ ਵਲੋਂ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾ ਰਹੀ। ਉਹਨਾ ਕਿਹਾ ਕਿ ਉਹਨਾ ਵਲੋਂ ਬੀਤੇ ਕਰੀਬ11 ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਉਹਨਾ ਨੂੰ ਇੰਨਸਾਫ਼ ਦੇਣ ਦੀ ਬਿਜਾਏ ਉਹਨਾ ਤੇ ਪਰਚੇ ਦਰਜ ਕੀਤੇ ਹਨ। ਉਹਨਾ ਕਿਹਾ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਹਨਾ ਨਾਲ ਸੰਘਰਸ਼ ਵਿੱਚ ਸ਼ਾਮਲ ਹੋ ਕੇ ਇਹ ਵਿਸ਼ਵਾਸ ਦਿਵਾਉਂਦੇ ਰਹੇ ਕਿ ਪੰਜਾਬ ਵਿੱਚ ਉਹਨਾ ਦੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਉਹਨਾ ਦੀ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ। ਇਸੇ ਭਰੋਸੇ ਤਹਿਤ ਉਹਨਾ ਵਲੋਂ ਚੋਣਾ ਦੌਰਾਨ ਆਮ ਆਦਮੀ ਪਾਰਟੀ ਦੀ ਮੱਦਦ ਵੀ ਕੀਤੀ।ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਉਹਨਾ ਨਾਲ ਕੀਤੇ ਵਾਅਦੇ ਵਿਸਾਰ ਕੇ ਉਹਨਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਿਜਾਏ ਉਹਨਾ ਨਾਲ ਮਿਲਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਉਹਨਾ ਦੀ ਜਥੇਬੰਦੀ ਦੇ ਬਹੁਤ ਸਾਰੇ ਸਾਥੀਆਂ ਦੀ ਸਰਕਾਰ ਦੀਆਂ ਸ਼ਰਤਾਂ ਤੋਂ ਉਮਰ ਸੀਮਾ ਵਧ ਗਈ ਹੈ।ਪਰ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਉਹਨਾ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਕੜਕ ਦੀ ਧੁੱਪ ਵਿੱਚ ਧਰਨਾ ਦੇ ਰਹੇ ਬੇਰੁਜ਼ਗਾਰਾਂ ਕੋਲ ਜਿਲਾ ਸਿੱਖਿਆ ਅਫਸਰ ਵਲੋਂ ਭੇਜੇ ਮੁਲਾਜ਼ਮਾਂ ਵਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ 4 ਜੂਨ ਨੂੰ ਉਹਨਾ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਈ ਜਾਵੇਗੀ।ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵਲੋਂ ਧਰਨਾ ਸਮਾਪਤ ਕੀਤਾ ਗਿਆ।