ਕਿਸਾਨਾਂ ਖ਼ਿਲਾਫ਼ ਪ੍ਰਚਾਰ ਨਾਲ ਕੁਝ ਨਹੀਂ ਸੰਵਰਨਾ… ਪਾਵੇਲ
ਪੰਜਾਬ ਨੂੰ ਲੋਕਾਂ ਦੇ ਸਾਂਝੇ ਸੰਘਰਸ਼ਾਂ ਦੀ ਬੇਹੱਦ ਲੋੜ ਹੈ !*
ਪਰਦੀਪ ਕਸਬਾ, ਸੰਗਰੂਰ, 18 ਮਈ 2022
ਕਣਕ ਦੇ ਨਾੜ ਵਾਲੇ ਮਸਲੇ ‘ਤੇ ਕਿਸਾਨ ਯੂਨੀਅਨਾਂ , ਉਸ ਦੀਆਂ ਲੀਡਰਸ਼ਿਪਾਂ ਤੇ ਸਮੁੱਚੀ ਕਿਸਾਨੀ ਨੂੰ ਕਈ ਹਲਕਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਦੀ ਸਾਂਝੀ ਸੰਘਰਸ਼ ਲਹਿਰ ਵਾਸਤੇ ਬਹੁਤ ਹੀ ਨਾਂਹ ਪੱਖੀ ਸਾਬਤ ਹੋਵੇਗਾ। ਜ਼ਰੂਰਤ ਇਸ ਵੇਲੇ ਪੰਜਾਬ ਦੇ ਲੋਕਾਂ ਦੀਆਂ ਸਾਂਝੀਆਂ ਮੰਗਾਂ ‘ਤੇ ਸਾਂਝੇ ਸੰਘਰਸ਼ ਉਸਾਰਨ ਦੀ ਹੈ ਪਰ ਇਨ੍ਹਾਂ ਸਾਂਝੇ ਸੰਘਰਸ਼ਾਂ ਦਾ ਧੁਰਾ ਬਣਨ ਵਾਲੀ ਕਿਸਾਨੀ ਖ਼ਿਲਾਫ਼ ਇਹ ਤੁਅੱਸਬੀ ਜਾਂ ਅਣਜਾਣੇ ਵਿੱਚ ਕੀਤਾ ਜਾ ਰਿਹਾ ਪ੍ਰਚਾਰ ਇਸ ਸਾਂਝ ਨੂੰ ਹਰਜਾ ਪਹੁੰਚਾਵੇਗਾ। ਇਹ ਹਰਜਾ ਹੱਕਾਂ ਲਈ ਲੜਨ ਵਾਲੇ ਹਰ ਤਬਕੇ ਨੂੰ ਹੋਵੇਗਾ। ਜਿਹੜੇ ਅਣਜਾਣਪੁਣੇ ਵਿੱਚ ਹੀ ਇਸ ਪ੍ਰਚਾਰ ਵਿਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਸੰਭਲਣਾ ਚਾਹੀਦਾ ਹੈ। ਇਹ ਪਤਾ ਹੋਣਾ ਚਾਹੀਦਾ ਹੈ ਕਿ ਸਮਾਜਕ ਸਿਆਸੀ ਚੇਤਨਾ ਤੋਂ ਸੱਖਣੀ ਸੰਵੇਦਨਾ ਕਈ ਵਾਰੀ ਸਹੀ ਸੋਚਣ ਦੇ ਰਾਹ ‘ਚ ਅੜਿੱਕਾ ਵੀ ਬਣ ਜਾਂਦੀ ਹੈ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ ਅਜਿਹੀ ਬਿਆਨਬਾਜ਼ੀ ਵੇਲੇ ਖ਼ਾਸ ਤੌਰ ‘ਤੇ ਸੰਜਮ ਵਰਤਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਨੇ ਇਹ ਏਕਤਾ ਦਹਾਕਿਆਂ ਚ ਕਮਾਈ ਹੈ, ਇਸ ਏਕਤਾ ਦੀ ਕਮਾਈ ‘ਚ ਕਿਸਾਨ ਆਗੂਆਂ ਦਾ ਵੱਡਾ ਰੋਲ ਹੈ, ਇਸ ਏਕਤਾ ਦੀ ਰਾਖੀ ਦੇ ਸਰੋਕਾਰ ਮੱਧਮ ਨਹੀਂ ਪੈਣ ਦੇਣੇ ਚਾਹੀਦੇ। ਹਕੂਮਤਾਂ ਇਹੀ ਚਾਹੁੰਦੀਆਂ ਹਨ।
ਇਹ ਜ਼ੋਰਦਾਰ ਪ੍ਰਚਾਰ ਇਸ ਮਨੌਤ ਨਾਲ ਚੱਲ ਰਿਹਾ ਹੈ ਕਿ ਕਿਸਾਨ ਜਥੇਬੰਦ ਹੋਣ ਕਰਕੇ ਚਾਂਭਲੇ ਹੋਏ ਅੱਗਾਂ ਲਾ ਰਹੇ ਹਨ। ਹਾਲਾਂਕਿ ਅਜਿਹਾ ਵਾਪਰਨ ਵਿੱਚ ਕਈ ਗੱਲਾਂ ਦਾ ਰੋਲ ਹੈ। ਉਹਦੀ ਚਰਚਾ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਇਹ ਕਿਸਾਨੀ ਅੰਦਰ ਸਿਰਫ ਵਿਗਾੜਾਂ ਦਾ ਮਸਲਾ ਹੀ ਨਹੀਂ ਹੈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਸਿਰਫ ਵਿਗਾੜ ਦਾ ਹੀ ਮਸਲਾ ਤਾਂ ਵੀ ਕੀ ਕਿਸਾਨੀ ਖ਼ਿਲਾਫ਼ ਜ਼ਹਿਰੀਲੇ ਤੀਰਾਂ ਦੀ ਅਜਿਹੀ ਵਰਖਾ ਸੱਚਮੁੱਚ ਵਾਜਬ ਹੈ । ਜੇ ਏਸੇ ਰਾਹ ਕਿਸਾਨ ਯੂਨੀਅਨਾਂ ਦੇ ਆਗੂ ਤੇ ਕਿਸਾਨ ਤੁਰ ਪੈਣ ਫਿਰ ਭਲਾਂ ਕੀ ਵਾਪਰੇਗਾ। ਪੰਜਾਬ ਦੇ ਸਾਰੇ ਲੋਕ ਤੇ ਤਬਕੇ ਆਪੋ ਵਿੱਚ ਲੜ ਰਹੇ ਹੋਣਗੇ, ਇਹ ਭਲਾ ਕਿਹੋ ਜਿਹਾ ਦ੍ਰਿਸ਼ ਹੋਵੇਗਾ।
ਸਾਡੇ ਸਮਾਜ ਦੇ ਹਰ ਤਬਕੇ ਦੇ ਲੋਕਾਂ ਅੰਦਰ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਬਾਰੇ ਸਰਸਰੀ ਦੇਖਿਆਂ ਉਹਨਾਂ ਲਈ ਲੋਕ ਹੀ ਜ਼ਿੰਮੇਵਾਰ ਲੱਗਦੇ ਹਨ। ਜੇ ਇਸੇ ਭਾਸ਼ਾ ‘ਚ ਗੱਲ ਕਰਨੀ ਹੋਵੇ ਤਾਂ ਕੀ ਭਲਾ ਪੰਜਾਬ ਦੇ ਵੱਖ ਵੱਖ ਤਬਕਿਆਂ ਦੇ ਸਰਕਾਰੀ ਮੁਲਾਜ਼ਮ ਸੋਲਾਂ-ਕਲਾ ਸੰਪੂਰਨ ਹਨ? ਕੀ ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ ਵਿੱਚ ਉਨ੍ਹਾਂ ਦਾ ਹਿੱਸਾ ਨਹੀਂ ਹੈ। ਪੰਜਾਬ ਦੇ ਬਿਜਲੀ ਮੁਲਾਜ਼ਮਾਂ ਬਾਰੇ ਪੰਜਾਬ ਦੀ ਕਿਸਾਨੀ ਅੰਦਰ ਸਿਰੇ ਦੇ ਅਕੇਵੇਂ ਵਾਲਾ ਰਵੱਈਆ ਮੌਜੂਦ ਰਿਹਾ ਹੈ ਕਿਉਂਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨੂੰ ਰਿਸ਼ਵਤ ਦਿੱਤੇ ਬਿਨਾਂ ਕੰਮ ਕਰਵਾਉਣਾ ਬਹੁਤ ਔਖਾ ਸੀ। ਪਰ ਕਿਸਾਨਾਂ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਵੇਲੇ ਕੀ ਰਵੱਈਆ ਅਖ਼ਤਿਆਰ ਕੀਤਾ। ਬੀਕੇਯੂ ਏਕਤਾ ਉਗਰਾਹਾਂ ਦੀ ਲੀਡਰਸ਼ਿਪ ਕਿਸਾਨੀ ਨੂੰ ਵਰ੍ਹਿਆਂਬੱਧੀ ਇਹ ਸਮਝਾਉਂਦੀ ਰਹੀ ਕਿ ਇਨ੍ਹਾਂ ਛੋਟੇ ਵਿਗਾੜਾਂ ਦੇ ਬਾਵਜੂਦ ਵੀ ਇਹ ਆਪਣੇ ਸੰਘਰਸ਼ ਦੇ ਸਾਥੀ ਬਣਦੇ ਹਨ ਤੇ ਇਹ ਸਮੁੱਚਾ ਢਾਂਚਾ ਹੀ ਭ੍ਰਿਸ਼ਟਾਚਾਰ ਨੂੰ ਪਾਲਦਾ ਪੋਸਦਾ ਹੋਣ ਕਰਕੇ ਇਹ ਮੁਲਾਜ਼ਮ ਵੀ ਉਸ ਦੇ ਅਸਰਾਂ ਹੇਠ ਹਨ। ਕਿੰਨੇ ਹੀ ਅਧਿਆਪਕ ਅਜਿਹੇ ਹਨ ਜਿਹੜੇ ਆਪਣੀ ਡਿਊਟੀ ਵੇਲੇ ਆਪਣੇ ਕਿੱਤੇ ਨਾਲ ਪੂਰਾ ਇਨਸਾਫ਼ ਨਹੀਂ ਕਰਦੇ ਪਰ ਇਹਦੇ ਲਈ ਕੀ ਸਿਰਫ਼ ਉਹੀ ਦੋਸ਼ੀ ਹਨ ਜਾਂ ਇੰਨੇ ਵੱਡੇ ਦੋਸ਼ੀ ਹਨ ਕਿ ਉਨ੍ਹਾਂ ਦੇ ਇਨ੍ਹਾਂ ਨੁਕਸਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਮੁਲਾਜ਼ਮਾਂ ਖ਼ਿਲਾਫ਼ ਹੱਲਾ ਵਿੱਢ ਦੇਣ। ਰੋਡਵੇਜ਼ ਦੇ ਕੰਡਕਟਰ ਤੇ ਡਰਾਈਵਰ ਸਵਾਰੀਆਂ ਨਾਲ ਕਈ ਵਾਰ ਅਜਿਹਾ ਵਿਹਾਰ ਕਰਦੇ ਹਨ ਜਿਹੜਾ ਵਾਜਬ ਨਹੀਂ ਹੁੰਦਾ ਪਰ ਕੀ ਇਹਦੇ ਲਈ ਰੋਡਵੇਜ਼ ਮੁਲਾਜ਼ਮਾਂ ਦੀਆਂ ਯੂਨੀਅਨਾਂ ਖ਼ਿਲਾਫ਼ ਤੇ ਸਾਰੇ ਮੁਲਾਜ਼ਮਾਂ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਚਲਾਇਆ ਜਾਵੇ। ਪਿੰਡਾਂ ਦੇ ਆਰਐਮਪੀ ਡਾਕਟਰਾਂ ਤੋਂ ਲੈ ਕੇ ਪੰਜਾਬ ਦਾ ਡਾਕਟਰ ਭਾਈਚਾਰਾ ਮਰੀਜ਼ਾਂ ਦੀ ਮਜਬੂਰੀ ਦਾ ਲਾਹਾ ਲੈਣ ‘ਚ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਹਿੰਦਾ। ਇਨ੍ਹਾਂ ਤਰਕਾਂ ਅਨੁਸਾਰ ਤਾਂ ਪੰਜਾਬੀ ਇੰਨੇ ਗਏ ਗੁਜ਼ਰੇ ਹਨ ਕਿ ਸੜਕਾਂ ‘ਤੇ ਐਕਸੀਡੈਂਟਾਂ ਰਾਹੀਂਂ ਹੀ ਜ਼ਿੰਦਗੀ ਗੁਆ ਲੈਂਦੇ ਹਨ।
ਇਸ ਤੋਂ ਹੋਰ ਅੱਗੇ ਚੱਲੀਏ ਤਾਂ ਪੰਜਾਬ ਅੰਦਰ ਨਸ਼ਿਆਂ ਦੀ ਸਮਗਲਿੰਗ ਵਿੱਚ ਕਿੰਨੇ ਹੀ ਨੌਜਵਾਨ ਸ਼ਾਮਲ ਹਨ , ਕੀ ਉਹ ਸਾਰੇ ਦੋਸ਼ੀ ਹਨ ? ਇਥੋਂ ਤਕ ਕਿ ਗੈਂਗਸਟਰ ਬਣੇ ਹੋਏ ਨੌਜਵਾਨਾਂ ਨੂੰ ਵੀ ਆਪਾਂ ਭਰਮਾਏ ਹੋਏ ਕਰਾਰ ਦਿੰਦੇ ਹਾਂ ਤੇ ਉਨ੍ਹਾਂ ਨੂੰ ਇਸ ਰਾਹ ਤੋਂ ਮੋੜਨ ਲਈ ਯਤਨਸ਼ੀਲ ਹੋਣ ਦੇ ਸੁਝਾਅ ਦਿੰਦੇ ਹਾਂ।
ਪੰਜਾਬੀ ਸਮਾਜ ਚ ਕਿਹੜਾ ਅਜਿਹਾ ਤਬਕਾ ਹੈ ਜੀਹਦੇ ਬਾਰੇ ਅਜਿਹੀਆਂ ਗੱਲਾਂ ਨਹੀਂ ਹੋ ਸਕਦੀਆਂ ਪਰ ਇਨ੍ਹਾਂ ਸਭਨਾਂ ਵਰਤਾਰਿਆਂ ਲਈ ਲੋਕਾਂ ਨੂੰ ਦੋਸ਼ ਦਈ ਜਾਣਾ ਜਾਂ ਸਮਾਜ ਬਾਰੇ ਸਿਰੇ ਦੀ ਅਣਜਾਣਤਾ ਚੋਂ ਨਿਕਲਦਾ ਹੈ ਜਾਂ ਹਾਕਮ ਜਮਾਤਾਂ ਦੀ ਸੇਵਾ ਕਰਨ ਦੇ ਮਨਸੂਬਿਆਂ ‘ਚੋਂ। ਜਿਹੋ ਜਿਹਾ ਕਿਰਤੀ ਲੋਕਾਂ ਦਾ ਪੰਜਾਬੀ ਸਮਾਜ ਹੈ ਉਹ ਆਵਦੀਆਂ ਕਮਜ਼ੋਰੀਆਂ ਤੇ ਤਕੜਾਈਆਂ ਸਮੇਤ ਸੰਘਰਸ਼ਾਂ ਵਿੱਚ ਹੁੰਦਾ ਹੈ, ਇਹ ਹੱਕਾਂ ਲਈ ਲੜੇ ਜਾਣ ਵਾਲੇ ਸਾਂਝੇ ਸੰਘਰਸ਼ ਹੀ ਹਨ ਜਿਹੜੇ ਉਨ੍ਹਾਂ ਦੀਆਂ ਕਮਜ਼ੋਰੀਆਂ ‘ਤੇ ਕਾਬੂ ਪਾਉਂਦੇ ਹਨ ਤੇ ਤਕੜਾਈਆਂ ਨੂੰ ਹੋਰ ਬਲ ਬਖ਼ਸ਼ਦੇ ਹਨ। ਜਿਹੜੇ ਵੀ ਤਬਕੇ ਅੰਦਰ ਅਜਿਹੀਆਂ ਕਮਜ਼ੋਰੀਆਂ ਹਨ ਉਹ ਵੀ ਸੰਘਰਸ਼ਾਂ ਦੇ ਅਮਲ ਰਾਹੀਂ ਹੀ ਸਰ ਕੀਤੀਆਂ ਜਾਣੀਆਂ ਹਨ । ਮੈਂ ਫਿਰ ਦੁਹਰਾ ਰਿਹਾ ਹਾਂ ਕਿ ਪਰਾਲੀ ਸਾੜਨੀ ਜਾਂ ਕਣਕ ਦਾ ਨਾੜ ਸਾੜਨਾ ਸਿਰਫ਼ ਕਮਜ਼ੋਰੀ ਦਾ ਹੀ ਮਸਲਾ ਨਹੀਂ ਹੈ, ਇਹਦੇ ਵਿੱਚ ਨੀਵੀਂ ਵਾਤਾਵਰਣ ਚੇਤਨਾ, ਨੀਵੀਂ ਸਮਾਜਿਕ ਚੇਤਨਾ , ਖੇਤੀ ਕਿੱਤੇ ਦੀ ਸਮੁੱਚੀ ਬਣਤਰ , ਵਪਾਰਕ ਫ਼ਸਲਾਂ ਦੀ ਪੈਦਾਵਾਰ ਦੇ ਤਕਾਜ਼ੇ ਆਦਿ ਕਈ ਰਲੇ ਮਿਲੇ ਕਾਰਨ ਹਨ। ਬਿਨਾਂ ਸ਼ੱਕ ਜਿਹੜੀਆਂ ਦੁਰਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਵਿਚ ਹੋਈ ਲਾਪ੍ਰਵਾਹੀ ਲਈ ਸਬੰਧਤ ਵਿਅਕਤੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਪੰਜਾਬ ਦੇ ਸਭਨਾਂ ਕਿਰਤੀ ਲੋਕਾਂ ਦਾ ਹਿਤ ਇਸੇ ਵਿੱਚ ਹੈ ਕਿ ਵਾਤਾਵਰਣ ਵਿਗਾੜਾਂ ਲਈ ਤੇ ਅਜਿਹੀਆਂ ਦੁਰਘਟਨਾਵਾਂ ਲਈ ਰੋਸ ਦਾ ਨਿਸ਼ਾਨਾ ਸਹੀ ਪਾਸੇ ਸੇਧਿਤ ਹੋਵੇ। ਇਸ ਲੁਟੇਰੇ ਤੇ ਗ਼ੈਰ ਬਰਾਬਰੀ ਵਾਲੇ ਆਰਥਕ ਸਮਾਜਕ ਪ੍ਰਬੰਧ ਖ਼ਿਲਾਫ਼ , ਇਹਦੀ ਪਾਲਣਾ ਪੋਸ਼ਣਾ ਕਰਦੀਆਂ ਸਰਕਾਰਾਂ ਖ਼ਿਲਾਫ਼ ਸੇਧਤ ਹੋਵੇ ਅਜਿਹਾ ਕਰੇ ਬਿਨਾਂ ਕਿਸਾਨਾਂ ਨੂੰ ਦੋਸ਼ ਦੇਈ ਜਾਣਾ ਕੋਈ ਮੰਤਵ ਹੱਲ ਨਹੀਂ ਕਰੇਗਾ। ਇਹ ਨੁਕਸਾਨ ਜ਼ਰੂਰ ਕਰੇਗਾ ਕਿ ਜਿਨ੍ਹਾਂ ਸਾਂਝੇ ਸੰਘਰਸ਼ਾਂ ਦੀ ਪੰਜਾਬ ਨੂੰ ਇਸ ਵੇਲੇ ਬੇਹੱਦ ਲੋਡ਼ ਹੈ ਉਹ ਨਹੀਂ ਹੋ ਪਾਉਣਗੇ, ਸਭ ਇੱਕ ਦੂਜੇ ਦੀ ਨਿੰਦਿਆ ਕਰਦੇ ਹੋਏ ਆਪੋ ਵਿੱਚ ਲੜਨਗੇ ਤੇ ਬਚੇ ਖੁਚੇ ਹੱਕ ਵੀ ਗੁਆ ਬਹਿਣਗੇ। ਜਿਹੜੀਆਂ ਕਿਸਾਨ ਯੂਨੀਅਨਾਂ ਨੂੰ ਲੋਕ ਦੋਖੀ ਕਰਾਰ ਦਿੱਤਾ ਜਾ ਰਿਹਾ ਹੈ ਉਹੀ ਇਸ ਵੇਲੇ ਪੰਜਾਬ ਦੇ ਲੋਕਾਂ ਲਈ ਆਸ ਦੀ ਕਿਰਨ ਬਣਦੀਆਂ ਹਨ।
ਇਸ ਮਸਲੇ ‘ਤੇ ਗੱਲ ਕਰਨ ਵੇਲੇ ਭਾਸ਼ਾ ਦੀ ਮਰਿਆਦਾ ਕਾਇਮ ਰੱਖੋ, ਦਲੀਲ ਨਾਲ ਗੱਲ ਕਰੋ ਜੀਹਦੇ ਇਹ ਵੱਸ ‘ਚ ਨਹੀਂ ਉਹ ਇੱਥੋਂ ਦੂਰ ਰਹੇ।
*- ਪਾਵੇਲ ਕੁੱਸਾ*