ਰਘਵੀਰ ਹੈਪੀ , ਬਰਨਾਲਾ 14 ਮਈ 2022
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ‘ਚ ਅੱਜ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਐਨ. ਸੀ. ਸੀ. ਬਾਰੇ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਅਯੋਜਿਤ ਕੀਤਾ ਗਿਆ । ਜਿਸ ਦੀ ਅਗਵਾਈ 20 ਪੰਜਾਬ ਐੱਨ. ਸੀ. ਸੀ. ਬਠਿੰਡਾ ਤੋਂ ਆਰਮੀ ਅਫਸਰ ਕਰਨਲ ਕੇ. ਐਸ ਮਾਥੁਰ ਦੁਆਰਾ ਭੇਜੇ ਗਏ ਦੋ ਫੌਜੀ ਅਫਸਰਾਂ ਦੁਆਰਾ ਕੀਤੀ ਗਈ । ਸੈਮੀਨਾਰ ਦਾ ਮੁੱਖ ਮੰਤਵ ਬੱਚਿਆਂ ਅਤੇ ਉਨਾ ਦੇ ਮਾਤਾ ਪਿਤਾ ਨੂੰ ਐੱਨ ਸੀ ਸੀ ਸਬੰਧੀ ਜਾਣਕਾਰੀ ਦੇਣਾ , ਜਿਵੇਂ ਕਿ ਐਨ ਸੀ ਸੀ ਦੀ ਕੀ ਮਹੱਤਤਾ ਹੈ, ਕਿਸ ਤਰਾਂ ਇਸ ਨਾਲ ਵਿੱਦਿਆਰਥੀਆਂ ਵਿੱਚ ਲੀਡਰਸਿਪ ਦੀ ਭਾਵਨਾ ਪੈਦਾ ਹੁੰਦੀ ਹੈ, ਅਨੁਸ਼ਾਸ਼ਨ ਅਤੇ ਕਿਸ ਤਰ੍ਹਾਂ ਬੱਚੇ ਅਲੱਗ ਅਲੱਗ ਪ੍ਰਕਾਰ ਦੇ ਐਡਵੈਂਚਰ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬਿੰਨੀ ਕੌਰ ਆਹਲੂਵਾਲੀਆ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਐੱਨ ਸੀ ਸੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹੈ। ਪ੍ਰਿੰਸੀਪਲ ਆਹਲੂਵਾਲੀਆ ਨੇ ਸੈਮੀਨਾਰ ਵਿੱਚ ਜਾਣਕਾਰੀ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ ਹੋਏ ਫੌਜੀ ਅਫਸਰਾਂ ਦਾ ਧੰਨਵਾਦ ਕੀਤਾ , ਜਿੰਨਾਂ ਨੇ ਐਨ ਸੀ ਸੀ ਬਾਰੇ ਬੱਚਿਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਬੱਚਿਆਂ ਨੂੰ ਐਨ ਸੀ ਸੀ ਵੱਲ ਪ੍ਰੇਰਿਤ ਕਰਨ ਲਈ ਪ੍ਰਿੰਸੀਪਲ ਆਹਲੂਵਾਲੀਆ ਦੁਆਰਾ ਸਕੂਲ ਦੇ ਐਨ ਸੀ ਸੀ ਅਫ਼ਸਰ ਸੁਖਵਿੰਦਰ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ ਗਈ ,ਜਿੰਨ੍ਹਾਂ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ । ਅੰਤ ਵਿੱਚ ਸਕੂਲ ਦੇ ਐਮ ਡੀ ਰਣਪ੍ਰੀਤ ਸਿੰਘ, ਪ੍ਰਿੰਸੀਪਲ ਬਿੰਨੀ ਕੌਰ ਆਹਲੂਵਾਲੀਆ ਅਤੇ ਸਮੂਹ ਮੈਨੇਜਮੈਂਟ ਵੱਲੋਂ ਆਏ ਹੋਏ ਫ਼ੌਜੀ ਅਫਸਰਾਂ ਦਾ ਸਨਮਾਨ ਵੀ ਕੀਤਾ ਗਿਆ।