ਤਨਖਾਹ ਨੂੰ ਤਰਸਦੇ ਅਧਿਆਪਕਾਂ ‘ਚ ਰੋਹ , D E O ਖਿਲਾਫ ਗੂੰਜੇ ਨਾਅਰੇ

Advertisement
Spread information

ਬਰਨਾਲਾ ਜਿਲ੍ਹੇ ਦੇ ਸੈਂਕੜੇ ਅਧਿਆਪਕਾਂ ਨੂੰ 2 ਮਹੀਨਿਆਂ ਤੋਂ ਤਨਖਾਹਾਂ ਦਾ ਇੰਤਜ਼ਾਰ

ਰੁਕੀਆਂ ਤਨਖਾਹਾਂ ਬਹਾਲ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਨੇ ਚੁੱਕਿਆ ਝੰਡਾ


ਹਰਿੰਦਰ ਨਿੱਕਾ , ਬਰਨਾਲਾ 13 ਮਈ 2022
     ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਅਧਿਆਪਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਹੈ ਤੇ ਰੋਹ ਵਿੱਚ ਆਏ ਅਧਿਆਪਕਾਂ ਨੇ ਅੱਜ ਜਿਲ੍ਹਾ ਸਿੱਖਿਆ ਅਫਸਰ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਜਾਬ ਸਰਕਾਰ ਦੀ ਅਧਿਆਪਕਾਂ ਪ੍ਰਤੀ ਅਪਣਾਈ ਬੇਰੁਖੀ ਖਿਲਾਫ ਸਾਂਝਾ ਅਧਿਆਪਕ ਮੋਰਚਾ ਨੇ ਝੰਡਾ ਚੁੱਕ ਲਿਆ ਹੈ। ਅਧਿਆਪਕਾਂ ਨੇ ਮੋਰਚੇ ਦੇ ਝੰਡੇ ਹੇਠ ਜਿਲ੍ਹਾ ਸਿੱਖਿਆ ਦਫਤਰ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ। ਇੱਥੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਅਧਿਆਪਕਾਂ ਨੇ ਡੀ ਸੀ ਕੰਪਲੈਕਸ ਤੋਂ ਸਿੱਖਿਆ ਮੰਤਰੀ ਦੀ ਆਰਜ਼ੀ ਰਿਹਾਇਸ਼ ਰੈਸਟ ਹਾਊਸ ਤੱਕ  ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੇ ਪੀ. ਏ. ਰੋਹਿਤ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ।
    ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਹਰਿੰਦਰ ਮੱਲ੍ਹੀਆਂ, ਗੁਰਮੀਤ ਸੁਖਪੁਰ, ਪ੍ਰਮਿੰਦਰ ਸਿੰਘ, ਨਰਿੰਦਰ ਕੁਮਾਰ ਸਹਿਣਾ, ਬਲਦੇਵ ਸਿੰਘ ਧੌਲਾ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਦੀਆਂ ਡੀ ਡੀ ਪਾਵਰ ਮਹਿਕਮੇ ਦੀ ਨਲਾਇਕੀ ਕਾਰਨ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਨੂੰ ਫਾਕੇ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਲ੍ਹੇ ਦੇ ਬਹੁਤ ਸਾਰੇ ਵਾਧੂ ਚਾਰਜ ਵਾਲੇ ਸਕੂਲ ਮੁਖੀ ਫਾਰਗ ਹੋ ਗਏ ਹਨ ।ਇਸ ਲਈ ਇਨ੍ਹਾਂ ਸਕੂਲਾਂ ਵਿਚ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਤਨਖਾਹ ਅਧਿਆਪਕਾਂ ਨੂੰ ਨਹੀਂ ਮਿਲੀ ਹੈ। ਆਗੂਆਂ ਨੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਦਾ ਚਾਰਜ ਤੁਰੰਤ ਨੇੜਲੇ ਪ੍ਰਿੰਸੀਪਲ, ਮੁੱਖ ਅਧਿਆਪਕਾਂ ਨੂੰ ਦੇ ਕੇ ਤਨਖਾਹਾਂ ਕਢਵਾਈਆਂ ਜਾਣ।
     ਆਗੂਆਂ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ਤੱਕ  ਡੀ ਡੀ ਪਾਵਰਾਂ  ਨਹੀਂ ਦਿੱਤੀਆਂ ਗਈਆਂ ਤਾਂ  ਸਾਂਝਾ ਅਧਿਆਪਕ ਮੋਰਚਾ ਵੱਡੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ ਅਤੇ ਜਲਦੀ ਹੀ ਇਸ ਸਬੰਧੀ ਵੱਧਵੀਂ ਮੀਟਿੰਗ ਕਰ ਕੇ ਤਿੱਖੇ ਸੰਘਰਸ ਵੱਲ ਨੂੰ ਵਧਿਆ ਜਾਵੇਗਾ। 
    ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੀਵ ਕੁਮਾਰ, ਕੁਸ਼ਲ ਸਿੰਘੀ, ਅਮਰੀਕ ਸਿੰਘ ਭੱਦਲਵੱਡ, ਕੇਵਲ ਸਿੰਘ, ਬਲਜਿੰਦਰ ਪ੍ਰਭੂ, ਏਕਮਪ੍ਰੀਤ ਸਿੰਘ ਭੋਤਨਾ, ਸੁਖਬੀਰ ਸਿੰਘ ਸੰਘੇੜਾ, ਸਤੀਸ਼ ਕੁਮਾਰ ਸਹਿਜੜਾ, ਅੰਮ੍ਰਿਤ ਪਾਲ, ਦੇਵਿੰਦਰ ਤਲਵੰਡੀ, ਮਲਕੀਤ ਸਿੰਘ ਪੱਤੀ, ਰਮਨਦੀਪ ਸਿੰਗਲਾ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!