ਪਿੰਡ ਬਿਗੜਵਾਲ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਤੀਸਰੀ ਵਾਰ ਵੀ ਹੋਈ ਰੱਦ
ਪਰਦੀਪ ਕਸਬਾ, ਸੰਗਰੂਰ, 10 ਮਈ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪਿੰਡ ਇਕਾਈ ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਅੱਜ ਤੀਸਰੀ ਵਾਰ ਪਿਛਲੇ ਸਾਲ ਦੇ ਰੇਟ ਨਾਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਵਧਾਉਣ ਦੀ ਕਾਰਵਾਈ ਨੂੰ ਖੇਤ ਮਜ਼ਦੂਰਾਂ ਨੇ ਨਾਮਨਜ਼ੂਰ ਕੀਤਾ ਜਿਸ ਦੇ ਚਲਦਿਆਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਹੋ ਗਈ।ਬੋਲੀ ਰੱਦ ਹੋਣ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ)ਦੇ ਸੂਬਾ ਸਕੱਤਰ ਧਰਮਪਾਲ ਨਮੋਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵੀ ਤੀਜੇ ਹਿੱਸੇ ਦੀ ਜ਼ਮੀਨ ਖੇਤ ਮਜ਼ਦੂਰਾਂ ਨੇ ਸਾਂਝੇ ਤੌਰ ਤੇ ਲਈ ਹੈ,ਉਨ੍ਹਾਂ ਪਿੰਡਾਂ ਵਿੱਚ ਖੇਤ ਮਜ਼ਦੂਰ ਔਰਤਾਂ ਨੂੰ ਬੇਗਾਨੇ ਖੇਤਾਂ ਦੀ ਵੱਟਾ ਤੇ ਜਾਕੇ ਜ਼ਲੀਲ ਨਹੀਂ ਹੋਣਾ ਪੈਂਦਾ ਹੈ।
ਇਹ ਜ਼ਮੀਨ ਮਾਣ-ਸਨਮਾਨ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਇਸ ਵਾਰ ਪਿੰਡ ਦੀਆ ਖੇਤ ਮਜ਼ਦੂਰ ਔਰਤਾਂ ਅਤੇ ਨੌਜਵਾਨਾਂ ਨੇ ਤੈਅ ਕਰ ਲਿਆ ਹੈ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਹਰ ਹਾਲਤ ਵਿੱਚ ਘੱਟ ਰੇਟ ਅਤੇ ਸਾਂਝੇ ਤੌਰ ਤੇ ਲੈ ਕੇ ਰਹਾਂਗੇ।ਅੱਜ ਪਿੰਡ ਬਿਗੜਵਾਲ ਵਿਖੇ ਜਨਰਲ ਵਰਗ ਜ਼ਮੀਨ ਬੋਲੀ ਵੀ ਰੱੱਦ ਹੋ ਗਈ ਕਿਉਂਕਿ ਜਨਰਲ ਭਾਈਚਾਰੇ ਵੱਲੋਂ ਵੀ ਰੇਟ ਘਟਾਉਣ ਦੀ ਮੰਗ ਰੱਖੀ ਗਈ ਹੈ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਜ਼ਿਆਦਾ ਰੇਟ ਹੋਣ ਕਰਕੇ ਰੱਦ ਹੋ ਗਈ।
ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਕਿ ਇਸ ਵਾਰ ਦਲਿਤ ਵਿਰੋਧੀ ਸਰਕੁਲਰ ਪਾਸ ਕੀਤਾ ਗਿਆ ਹੈ ਪਹਿਲਾਂ ਜੋ ਸਰਕੁਲਰ ਜਾਰੀ ਹੁੰਦੇ ਸੀ ਉਨ੍ਹਾਂ ਵਿੱਚ ਬਹੁਗਿਣਤੀ ਮਜ਼ਦੂਰਾਂ ਨੂੰ ਜ਼ਮੀਨ ਦੇਣ ਦੀ ਪਹਿਲ ਦਿੱਤੀ ਜਾਂਦੀ ਸੀ ਪਰ ਇਸ ਚੋਂ ਉਹ ਸਾਰੀਆਂ ਗੱਲਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ।ਅਖੀਰ ਉਪਰ ਰੈਲੀ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਦੇ ਨਾਲ ਪੰਚਾਇਤੀ ਜ਼ਮੀਨ ਸਾਂਝੇ ਤੌਰ ਤੇ ਲੈ ਕੇ ਰਹਾਂਗੇ ਦੇ ਨਾਲ ਕੀਤੀ ਗਈ।ਇਸ ਮੌਕੇ ਜਗਸੀਰ ਸਿੰਘ, ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ,ਜਰਨੈਲ ਸਿੰਘ ਆਦਿ ਹਾਜ਼ਰ ਸਨ।
One thought on “ਦਲਿਤਾਂ ਦੇ ਵਿਰੋਧ ਕਾਰਨ ਟਲੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ”
Comments are closed.