ਪੁਲਿਸ ਟੀਮ ਨੇ ਬਰਾਮਦ ਕੀਤੇ 2,68,500/-ਰੁਪਏ ਦੇ ਟੋਕਨ, 56,500 ਰੁਪਏ ਦੀ ਨਗਦੀ, 1 ਲੈਪਟਾਪ, 5 ਮੋਬਾਇਲ ਫੋਨ
ਅਸ਼ੋਕ ਵਰਮਾ , ਮਾਨਸਾ 8 ਮਈ 2022
ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਆਈ.ਪੀ.ਐਲ. ਮੈਚਾਂ ਤੇ ਸੱਟਾ ਲੁਆ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਤੇ ਸ਼ਿਕੰਜਾ ਕਸਦੇ ਹੋਏ , 9 ਮੁਲਜਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਟੀਮ ਵੱਲੋਂ ਗਿਰਫਤਾਰ ਕੀਤੇ ਦੋਸ਼ੀਆਂ ਦੇ ਕਬਜ਼ੇ ਵਿਚੋਂ 2,68,500/-ਰੁਪਏ ਦੇ ਟੋਕਨ, 56,500/-ਰੁਪਏ ਦੀ ਨਗਦੀ, 1 ਲੈਪਟੋਪ, 1 ਗਿਲਾਸ ਲੈਦਰ, 20 ਲੁੱਡੋ, 1 ਰਜਿਸਟਰ ਸਮੇਤ ਬਾਲ ਪੈਨ ਅਤੇ 5 ਮੋਬਾਇਲ ਫੋਨ ਆਦਿ ਸਮਾਨ ਦੀ ਬਰਾਮਦਗੀ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਅਤੇ ਸੁੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਸੈਂਟਰਲ ਪਾਰਕ ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਜੂਏਬਾਜ ਵਿਅਕਤੀ ਭੋਲੇ ਭਾਂਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਈ.ਪੀ.ਐਲ. ਕ੍ਰਿਕਟ ਮੈਚਾਂ ਦੀ ਚੱਲ ਰਹੀ ਸੀਰੀਜ ‘ਤੇ ਲੈਪਟਾਪ ਅਤੇ ਮੋਬਾਇਲ ਫੋਨਾਂ ਰਾਹੀਂ ਵੱਡੇ ਪੱਧਰ ਤੇ ਮੈਚ ਤੇ ਪੈਸੇ ਲਗਾ ਕੇ ਜੂਆ ਖੇਡ ਕੇ ਉਹਨਾਂ ਨਾਲ ਠੱਗੀ ਮਾਰਦੇ ਹਨ।
ਪੁਲਿਸ ਨੇ ਦੀਪਕ ਕੁਮਾਰ ਪੁੱਤਰ ਰੁਲਦੂ ਰਾਮ, ਰੋਹਿਤ ਜਿੰਦਲ ਪੁੱਤਰ ਜੋਗਿੰਦਰਪਾਲ, ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ, ਰਾਮੇਸ਼ ਕੁਮਾਰ ਪੁੱਤਰ ਦੇਸ ਰਾਜ, ਦੀਪਕ ਕੁਮਾਰ ਪੁੱਤਰ ਗਨੇਸ ਚੰਦ, ਰਾਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ, ਓਮ ਪ੍ਰਕਾਸ਼ ਪੁੱਤਰ ਹਰੀ ਚੰਦ, ਭੂਸ਼ਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਅਤੇ ਅਜੇ ਕੁਮਾਰ ਪੁੱਤਰ ਬੱਬਰ ਮਿੱਤਲ ਵਾਸੀਆਨ ਮਾਨਸਾ ਵਿਰੁੱਧ ਮੁਕੱਦਮਾ ਨੰਬਰ 83 ਮਿਤੀ 07-05-2022 ਅ/ਧ 13/3/67 ਜੂਆ ਐਕਟ ਅਤੇ 420 ਹਿੰ:ਦ: ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕਰਾਇਆ ਗਿਆ।
ਸ:ਥ: ਗੁਰਤੇਜ ਸਿੰਘ ਸੀ.ਆਈ.ਏ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕਾ ਪਰ ਰੋਡ ਕਰਕੇ ਉਕਤ 9 ਮੁਲਜਿਮਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਆਈ.ਪੀ.ਐਲ. ਕ੍ਰਿਕਟ ਮੈਂਚਾ ਤੇ ਪੈਸੇ ਲਗਵਾ ਕੇ ਜੂਆ ਖੇਡਦਿਆਂ ਨੂੰ ਮੌਕਾ ਪਰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ 1 ਗਿਲਾਸ ਲੈਦਰ, 20 ਲੂੱਡੋ, 1000 ਰੁਪਏ ਵਾਲੇ 170 ਲਾਲ ਟੋਕਨ, 500 ਰੁਪਏ ਵਾਲੇ 190 ਹਰੇ ਟੋਕਨ, 100 ਰੁਪਏ ਵਾਲੇ 35 ਯੈਲੋ ਟੋਕਨ, 1 ਲੈਪਟੌਪ, 1 ਰਜਿਸਟਰ ਸਮੇਤ ਬਾਲ ਪੈਨ, 5 ਮੋਬਾਇਲ ਫੋਨ ਅਤੇ 56,500/-ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ ।
ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀਆਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ ਅਤੇ ਇਸ ਧੰਦੇ ਵਿੱਚ ਕਾਬੂ ਕੀਤੇ ਦੋਸ਼ੀਆਂ ਤੋਂ ਇਲਾਵਾ ਹੋਰ ਕਿਨ੍ਹਾਂ ਵਿਅਕਤੀਆਂ ਦੀ ਸਮੂਲੀਅਤ ਹੈ। ਉਨਾਂ ਕਿਹਾ ਕਿ ਪੁਲਿਸ ਨੂੰ ਦੌਰਾਨ ਏ ਤਫਤੀਸ਼ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਂਵਨਾ ਹੈ।