ਲੰਘੀ ਕੱਲ੍ਹ ਸ਼ੁਰੂ ਹੋਏ ਧਰਨੇ ਦਾ ਦੂਜਾ ਦਿਨ ਤੇ 3 ਹੋਰ ਯੂਨੀਅਨਾਂ ਨੇ ਪਹਿਲੇ ਦਿਨ ਦਿੱਤਾ ਧਰਨਾ
ਹਰਿੰਦਰ ਨਿੱਕਾ , ਬਰਨਾਲਾ 1 ਮਈ 2022
ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਨੂੰ ਵੱਖ ਵੱਖ ਚਾਰ ਯੂਨੀਅਨਾਂ ਦੇ ਬੇਰੁਜਗਾਰ ਅਧਿਆਪਕਾਂ ਨੇ ਘੇਰਾ ਪਾ ਲਿਆ ਹੈ। ਪ੍ਰਦਰਸ਼ਨਕਾਰੀਆਂ ਤੋਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ। ਪ੍ਰਦਰਸ਼ਨਕਾਰੀ,ਜਿੱਥੇ ਮੀਤ ਹੇਅਰ ਦੇ ਘਰ ਵੱਲ ਵੱਧਣ ਲਈ ਕਾਹਲੇ ਹਨ, ਉੱਥੇ ਹੀ ਪੁਲਿਸ ਫੋਰਸ ਨੇ ਸਿੱਖਿਆ ਮੰਤਰੀ ਦੀ ਸੁਰੱਖਿਆ ਲਈ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਹੈ। ਸੁਰੱਖਿਆ ਪ੍ਰਬੰਧ ਇੱਨ੍ਹੇ ਸਖਤ ਕਰ ਦਿੱਤੇ ਗਏ ਹਨ ਕਿ ਆਮ ਲੋਕਾਂ ਤੋਂ ਇਲਾਵਾ ਇਸ ਇਲਾਕੇ ਵਿੱਚ ਮੀਡੀਆ ਦਫਤਰਾਂ ਵੱਲ ਜਾਣ ਤੋਂ ਪੱਤਰਕਾਰਾਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ। ਪੁਲਿਸ ਦੀ ਅਜਿਹੀ ਸਖਤੀ ਕਾਰਣ, ਜਿੱਥੇ ਪ੍ਰਦਰਸ਼ਨਕਾਰੀਆਂ ਵਿੱਚ ਰੋਸ ਹੈ, ਉੱਥੇ ਹੀ ਪੱਤਰਕਾਰਾਂ ਵਿੱਚ ਵੀ ਪੁਲਿਸ ਦੇ ਰਵੱਈਏ ਕਰਕੇ, ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ।
3 ਯੂਨੀਅਨਾਂ ਨੇ ਲਾਇਆ ਕਚਿਹਰੀ ਚੌਂਕ ਵਿੱਚ ਜਾਮ
ਆਪੋ-ਆਪਣੀਆਂ ਮੰਗਾਂ ਦੇ ਹੱਕ ਵਿੱਚ ਕਚਿਹਰੀ ਚੌਂਕ ਵਿੱਚ ਇਕੱਠਿਆਂ ਜਾਮ ਲਾ ਕੇ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਐਨ.ਟੀ.ਟੀ. ਫਰੈਸ਼ਰ ਯੂਨੀਅਨ , ਬੀ.ਪੀ.ਐਡ ਯੂਨੀਅਨ ਅਤੇ ਯੋਗ ਬੇਰੋਜਗਾਰ ਯੂਨੀਅਨ ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ, ਪੜ੍ਹੇ ਲਿਖੇ ਨੌਜਵਾਨਾਂ ਨਾਲ ਬੇਰੋਜਗਾਰੀ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ, ਪਰੰਤੂ ਸੱਤਾ ਸੰਭਾਲਦਿਆਂ ਹੀ ਸਿੱਖਿਆ ਵਿਭਾਗ ਵੱਲੋਂ ਬੇਰੋਜਗਾਰਾਂ ਨੂੰ ਰੋਜਗਾਰ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਿਆ ਮੰਤਰੀ ਨੂੰ ਉਨ੍ਹਾਂ ਦੀ ਸਰਕਾਰ ਦਾ ਵਾਅਦਾ ਯਾਦ ਕਰਵਾਉਣ ਅਤੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਨ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਏ ਹਨ। ਇਸ ਮੌਕੇ ਐਨ.ਟੀ.ਟੀ. ਫਰੈਸ਼ਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਨਾਜ਼ਰ ਸਿੰਘ ਨੇ ਕਿਹਾ ਕਿ 13 ਹਜ਼ਾਰ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਲਦ ਤੋਂ ਜਲਦ ਜ਼ਾਰੀ ਕੀਤਾ ਜਾਵੇ।
ਉੱਧਰ ਉਵਰਏਜ ਬੇਰੋਜਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ,ਮੀਤ ਪ੍ਰਧਾਨ ਤਜਿੰਦਰ ਪਾਲ ਸਿੰਘ, ਜਰਨਲ ਸਕੱਤਰ ਸਤਨਾਮ ਸਿੰਘ ਅਤੇ ਪ੍ਰੈਸ ਸਕੱਤਰ ਨਿੱਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਨੇ ਲੰਘੀ ਕੱਲ੍ਹ ਦੇਰ ਸ਼ਾਮ ਤੋਂ ਹੀ ਸਿੱਖਿਆ ਮੰਤਰੀ ਦੇ ਘਰ ਦੇ ਨੇੜੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 5 ਮਈ 2022 ਹੈ ,ਆਖ਼ਰੀ ਮਿਤੀ ਤੋਂ ਪਹਿਲਾਂ ਓਵਰਏਜ ਸਾਥੀਆਂ ਨੂੰ ਇਕ ਮੌਕਾ ਦੇ ਕੇ ਅਪਲਾਈ ਕਰਵਾਏ ਜਾਣ ਦੀ ਮੰਗ ਕੀਤੀ । ਇਸ ਮੌਕੇ ਯੂਨੀਅਨ ਦੇ ਸਾਥੀ ਡਾ. ਨਵਜੋਤ ਸਿੰਘ, ਸੁਖਪਾਲ ਸਿੰਘ,ਸਹਾਇਕ ਲਾਈਨਮੈਨ ਰੁਪਿੰਦਰ ਪਾਲ ਸਿੰਘ, ਸੁਖਜੀਤ ਸਿੰਘ,, ਸਿੰਘ, ਕਿਰਨਜੀਤ ਕੌਰ, ਕੁਲਵੰਤ ਕੋਰ, ਪਰਮਜੀਤ ਕੌਰ, ਸੁਰਿੰਦਰ ਕੌਰ, ਅਮਨਪ੍ਰੀਤ ਕੌਰ, ਲਲੀਤਾ ਮੈਡਮ ਅਤੇ ਕਰਮਜੀਤ ਕੌਰ ਮੈਂਬਰ ਹਾਜ਼ਰ ਸਨ। ਉਨ੍ਹਾਂ ਦੀ ਮੰਗ ਹੈ ਕਿ ਸਿੱਖਿਆ ਮਹਿਕਮੇ ਵਿੱਚ ਉਨ੍ਹਾਂ ਦੀ ਯੋਗਤਾ ਪੂਰੀ ਹੈ, ਪਰੰਤੂ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ, ਕਰੀਬ 3 ਹਜ਼ਾਰ ਬੇਰੋਜਗਾਰ ਅਧਿਆਪਕ ਨਿਸਚਿਤ ਉਮਰ ਦੀ ਹੱਦ ਪਾਰ ਕਰਨ ਦੀ ਦਹਿਲੀਜ ਤੇ ਖੜ੍ਹੇ ਹਨ। 5 ਮਈ ਨੂੰ ਉਨ੍ਹਾਂ ਦੀ ਉਮਰ ਦੀ ਹੱਦ ਪੂਰੀ ਹੋ ਜਾਵੇਗੀ, ਉਨਾਂ ਦੀ ਮੰਗ ਹੈ ਕਿ ਪੀਐਸਪੀਸੀਐਲ ਵਾਂਗ , ਸਿੱਖਿਆ ਵਿਭਾਗ ਵਿੱਚ ਭਰਤੀ ਦੀ ਉਮਰ ਹੱਦ ਜਰਨਲ ਵਰਗ ਲਈ 37 ਸਾਲ ਅਤੇ ਰਿਜਰਵ ਕੈਟਾਗਿਰੀ ਲਈ 42 ਸਾਲ ਤੋਂ ਵਧਾ ਕੇ 47 ਸਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ, ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਨਾਂ ਦਾ ਇਸੇ ਹੀ ਥਾਂ ਤੇ ਪੱਕਹ ਧਰਨਾ ਜਾਰੀ ਰਹੇਗਾ।