ਮੁੱਖ ਮੰਤਰੀ ਪੰਜਾਬ ਨਾਲ ਵਿਧਾਇਕ ਮੁਸਾਫਿਰ ਨੇ ਕੀਤੀ ਮੁਲਾਕਾਤ ਜਾਣੂ ਕਰਵਾਇਆ ਹਲਕਾ ਬੱਲੂਆਣਾ ਦੀਆਂ ਮੁਸ਼ਕਲਾਂ ਬਾਰੇ
ਬੀ.ਟੀ.ਐਨ. ਨਿਊਜ ਨੈਟਵਰਕ, ਬੱਲੂਆਣਾ, 17 ਅਪ੍ਰੈਲ 2022
ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਵਲੋਂ ਅੱਜ ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਹਲਕੇ ਚ ਹਲਕਾ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਰ ਪੇਸ਼ ਆ ਰਹੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਗਿਆ। ਮੁਲਾਕਾਤ ਤੋਂ ਬਾਅਦ ਮੁਬਾਇਲ ਫੋਨ ਰਾਹੀ ਗੱਲਬਾਤ ਦੌਰਾਨ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਟੀਚਾ ਹਲਕਾ ਬੱਲੂਆਣਾ ਨੂੰ ਅਬੋਹਰ ਦੀ ਗੁਲਾਮੀ ਤੋਂ ਆਜਾਦ ਕਰਵਾਉਣ ਦਾ ਹੈ। ਕਿਉਕਿ ਬੱਲੂਆਣਾ ਦਾ ਆਪਣੀ ਕੋਈ ਮਾਰਕੀਟ ਕਮੇਟੀ, ਤਹਿਸੀਲ, ਐਸ ਡੀ ਐਮ ,ਤਹਿਸੀਲਦਾਰ ਜਾਂ ਹੋਰ ਕੋਈ ਸਾਰੇ ਸਰਕਾਰੀ ਦਫਤਰ ਨਹੀਂ ਹੈ ਜੋ ਵੀ ਅਧਿਕਾਰੀ ਹਨ ਉਹ ਸਾਰੇ ਹੀ ਅਬੋਹਰ ਨਾਲ ਸਬੰਧਤ ਹਨ। ਹਲਕਾ ਵਾਸੀਆਂ ਨੂੰ ਆਪਣੇ ਨਿਕੇ ਨਿੱਕੇ ਕੰਮਾਂ ਵਾਸਤੇ ਅਬੋਹਰ ਭੱਜਣਾ ਪੈਦਾ ਹੈ।
ਉਨ੍ਹਾ ਦੱਸਿਆ ਕਿ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਦੌਰਾਨ ਉਹਨਾਂ ਹਲਕਾ ਬੱਲੂਆਣਾ ਵਾਸਤੇ ਇਕ ਅਲੱਗ ਤੋਂ ਗ੍ਰਾਟ ਦੇਣ ਦੀ ਮੰਗ ਕੀਤੀ ਕਿਉਕਿ ਹਲਕਾ ਬੱਲੂਆਣਾ ਇਕ ਤਾਂ ਨਿਰੋਲ ਪੇਂਡੂ ਹਲਕਾ ਹੈ ਤੇ ਦੂਜਾ ਰਾਜਸਥਾਨ ਤੇ ਹਰਿਆਣਾ ਸੂਬੇ ਦੇ ਨਾਲ ਲੱਗਦੇ ਹੋਣ ਕਾਰਣ ਸਰਹੱਦੀ ਪਿੰਡਾਂ ਚ ਸੁੱਖ ਸਹੂਲਤਾਂ ਘੱਟ ਹਨ। ਸਿਖਿਆ ਖੇਤਰ ਚ ਸਕੂਲਾਂ ਚ ਭਾਰੀ ਕਮੀ ਹੈ। ਹਲਕੇ ਚ ਇਕਾ ਦੂਕਾ ਸਰਕਾਰੀ ਹਸਪਤਾਲ ਜਾਂ ਸੀ ਐਸ ਸੀ ਤਾਂ ਬਣੇ ਹੋਏ ਹਨ ਜਿਥੇ ਸਿਰਫ ਮਰੀਜ ਨੂੰ ਰੈਫਰ ਹੀ ਲਿਖ ਕੇ ਦਿੱਤਾ ਜਾਦਾ ਹੈ ਕਿਉਕਿ ਉੱਥੇ ਸਟਾਫ ਹੀ ਨਹੀਂ ਹੈ !ਪੀਣ ਵਾਲੇ ਪਾਣੀ ਦੀ ਵੀ ਬਹੁਤ ਕਿਲਤ ਹੈ। ਪਿੰਡਾਂ ਦੇ ਲੋਕਾਂ ਨੂੰ ਬਾਹਰੋ ਟੈਕਰਾਂ ਚ ਪਾਣੀ ਮੁੱਲ ਲੈਣਾ ਪੈਂਦਾ ਹੈ। ਸੰਚਾਈ ਲਈ ਨਹਿਰਾਂ ਦੇ ਟੇਲਾਂ ਤੇ ਪਿੰਡ ਪੈਂਦੇ ਹਨ ਜਿਸ ਕਰਕੇ ਖੇਤੀਬਾੜੀ ਬੜੇ ਲੰਮੇ ਸਮੇਂ ਤੋਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾ ਦੱਸਿਆ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਹੋਰ ਵੀ ਬਹੁਤ ਸਾਰੀਆਂ ਹਲਕਾ ਵਾਸੀਆਂ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਵਲੋਂ ਉਨ੍ਹਾ ਨੂੰ ਬੱਲੂਆਣਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਜਲਦ ਹੀ ਹਲਕਾ ਬੱਲੂਆਣਾ ਵਾਸਤੇ ਇਕ ਵੱਖਰਾ ਪੈਕੇਜ ਦੇਣ ਦਾ ਵੀ ਭਰੋਸਾ ਦਿੱਤਾ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਇਕ ਹੀ ਸੁਪਨਾ ਹੈ ਕਿ ਸੂਬੇ ਚ ਹਰ ਤਰ੍ਹਾ ਦੇ ਭ੍ਰਿਸ਼ਟਾਚਾਰ ਦਾ ਖਾਤਮਾ ਤੇ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਚ ਕੱਢ ਕੇ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ। ਉਨ੍ਹਾ ਭਰੋਸਾ ਦਿੱਤਾ ਕਿ ਜਿਸ ਤਰ੍ਹਾ ਸੂਬਾ ਵਾਸੀਆਂ ਨੂੰ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਦਿੱਤਾ ਹੈ ਉਸੇ ਤਰ੍ਹਾ ਕੁਝ ਹੀ ਮਹੀਨਿਆਂ ਚ ਸੂਬਾ ਵਾਸੀਆਂ ਨੂੰ ਦਿੱਲੀ ਦੀ ਤਰਜ ਤੇ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਜੋ ਵੀ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ ਇਕ ਕਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਵਿਧਾਇਕ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਵਲੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਭਰੋਸਾ ਦਿੱਤਾ ਗਿਆ ਕਿ ਜਿਸ ਤਰ੍ਹਾ ਵੋਟਾਂ ਦੌਰਾਨ ਲੋਕਾਂ ਦੇ ਘਰਾਂ ਚ ਜਾ ਕੇ ਵੋਟਾਂ ਮੰਗੀਆਂ ਸਨ। ਉਨ੍ਹਾਂ ਦੇ ਜਾਇਜ ਕੰਮ ਵੀ ਉਸੇ ਤਰ੍ਹਾਂ ਹੀ ਘਰ ਘਰ ਜਾ ਕੇ ਕਰਾਂਗੇ। ਤੇ ਹਲਕਾ ਬੱਲੂਆਣਾ ਨੂੰ ਸੂਬੇ ਦਾ ਮੋਹਰੀ ਹਲਕਾ ਬਣਾਵਾਂਗੇ।