ਇੱਕ ਔਰਤ ਸਣੇ ਪਰਿਵਾਰ ਦੇ 4 ਜੀਆਂ ਖਿਲਾਫ FIR ਦਰਜ਼
ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 17 ਅਪ੍ਰੈਲ 2022
ਜਿਲ੍ਹੇ ਦੇ ਤਪਾ ਮੰਡੀ ਖੇਤਰ ਦੀ ਰਹਿਣ ਵਾਲੀ 22 ਕੁ ਵਰ੍ਹਿਆਂ ਦੀ ਬਠਿੰਡਾ ਦੇ ਆਈਲੈਟਸ ਇੰਸਟੀਚਿਊਟ ਵਿਖੇ ਕੰਮ ਕਰਦੀ ਲੜਕੀ ਅਰਸ਼ਪ੍ਰੀਤ ਕੌਰ ਨੂੰ ਆਪਣੇ ਆਸ਼ਿਕ ਦਾ ਇਸ਼ਕ ਰਾਸ ਨਹੀਂ ਆਇਆ। ਆਸ਼ਿਕ ਵੱਲੋਂ ਪਿਆਰ ਵਿਆਹ ਕਰਵਾਉਣ ਲਈ ਨਾਂਹ ਸੁਣਦਿਆਂ ਮਾਨਸਿਕ ਤੌਰ ਤੇ ਟੁੱਟੀ ਚੁੱਕੀ ਅਰਸ਼ਪ੍ਰੀਤ ਕੌਰ ਨੇ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ। ਜਿਸ ਦੀ ਲਾਸ਼ ਪਟਿਆਲਾ ਦੇ ਪਸਿਆਣਾ ਖੇਤਰ ਤੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ। ਥਾਣਾ ਪਸਿਆਣਾ ਦੀ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਪਰ ਇੱਕ ਔਰਤ ਸਣੇ ਇੱਕੋ ਪਰਿਵਾਰ ਦੇ 4 ਜੀਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰ ਲਿਆ ਹੈ।
ਕਿਵੇਂ ਵਾਪਰੀ ਘਟਨਾ ਤੇ ਕਿਵੇਂ ਹੋਇਆ ਪਿਆਰ ਦਾ ਅੰਤ
ਕਰਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਖੱਟਰ ਪੱਤੀ ਵਾਰਡ ਨੰ. 12 ਤਪਾ ਮੰਡੀ ਬਰਨਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਭੈਣ ਅਰਸਪ੍ਰੀਤ ਕੋਰ ਉਮਰ ਕਰੀਬ 22 ਸਾਲ , ਜੋ ਕਿ ਬਠਿੰਡਾ ਵਿਖੇ ਇੱਕ ਆਈਲੈਟਸ ਇੰਸਟੀਚਿਊਟ ਵਿੱਚ ਕੰਮ ਕਰਦੀ ਸੀ। ਜੋ ਰੋਜਾਨਾ ਦੀ ਤਰ੍ਹਾ ਮਿਤੀ 15/4/ 2022 ਨੂੰ ਵੀ ਕੰਮ ਪਰ ਗਈ ਸੀ। ਜਦੋ ਉਹ ਸ਼ਾਮ ਨੂੰ ਘਰ ਵਾਪਿਸ ਨਹੀ ਆਈ ਤਾਂ ਸਮਾਂ ਰਾਤ ਕਰੀਬ 8 ਵਜੇ ,ਥਾਣਾ ਤਪਾ ਮੰਡੀ ਬਰਨਾਲਾ ਤੋਂ ਉਸ ਨੂੰ ਇਤਲਾਹ ਮਿਲੀ ਕਿ ਅਰਸ਼ਪ੍ਰੀਤ ਕੋਰ ਦੀ ਲਾਸ਼ ਭਾਖੜਾ ਨਹਿਰ ਪਸਿਆਣਾ ਵਿੱਚੋ ਬਰਾਮਦ ਹੋਈ ਹੈ। ਕਰਨਦੀਪ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਭੈਣ ਅਰਸ਼ਪ੍ਰੀਤ ਕੋਰ ਦੇ ਨਾਮਜ਼ਦ ਦੋਸ਼ੀ ਸਵਰਨ ਸਿੰਘ ਵਾਸੀ, ਪਿੰਡ ਜਵਾਹਰਕੇ ,ਜਿਲ੍ਹਾ ਮਾਨਸਾ ਨਾਲ ਪ੍ਰੇਮ ਸਬੰਧ ਸਨ। ਪਰੰਤੂ ਸਵਰਨ ਸਿੰਘ ਦੇ ਪਰਿਵਾਰ ਦੀ ਮੰਗ ਜਿਆਦਾ ਵੱਡੀ ਹੋਣ ਕਾਰਣ ਅਰਸ਼ਪ੍ਰੀਤ ਕੋਰ ਦਾ ਸਵਰਨ ਸਿੰਘ ਨਾਲ ਵਿਆਹ ਨਹੀ ਹੋ ਸਕਿਆ । ਆਖਿਰ ਸਵਰਨ ਸਿੰਘ ਨੇ ਖੁਦ ਵੀ ਅਰਸ਼ਪ੍ਰੀਤ ਕੌਰ ਨੂੰ ਵਿਆਹ ਕਰਾਉਣ ਤੋ ਇਨਕਾਰ ਕਰ ਦਿੱਤਾ। ਜਿਸ ਕਾਰਣ ਅਰਸ਼ਪ੍ਰੀਤ ਕੌਰ ਨੂੰ ਗਹਿਰੀ ਠੇਸ ਪਹੁੰਚੀ, ਉਹ ਮਾਨਸਿਕ ਤੌਰ ਤੇ ਟੁੱਟ ਕੇ ਕਾਫੀ ਤੰਗ ਪ੍ਰੇਸ਼ਾਨ ਰਹਿਣ ਲੱਗ ਪਈ। ਸਵਰਣ ਸਿੰਘ ਤੇ ਉਸ ਦੇ ਮਾਂ ਪਿਉ ਵੀ ਅਰਸ਼ਪ੍ਰੀਤ ਕੌਰ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਕਈ ਤਰਾਂ ਦੀਆਂ ਧਮਕੀਆ ਦੇਣ ਲੱਗ ਪਏ।
ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਭੈਣ ਅਰਸ਼ਪ੍ਰੀਤ ਕੌਰ ਨੇ, ਆਪਣੇ ਪ੍ਰੇਮੀ ਸਵਰਨ ਸਿੰਘ, ਉਸ ਦੇ ਪਿਤਾ ਨਿਰਮਲ ਸਿੰਘ ਅਤੇ ਉਸ ਦੀ ਮਾਂ ਅਤੇ ਭਰਾ ਸਿੰਮੂ ਸਾਰੇ ਵਾਸੀ, ਜਵਾਹਰਕੇ, ਜਿਲ੍ਹਾ ਮਾਨਸਾ ਤੋ ਤੰਗ ਆਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਥਾਣਾ ਪਸਿਆਣਾ ਦੇ ਐਸਐਚਉ ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਕਰਨਦੀਪ ਸਿੰਘ ਵਾਸੀ ਤਪਾ ਦੇ ਬਿਆਨ ਪਰ, ਉਕਤ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 306 ਆਈਪੀਸੀ ਤਹਿਤ ਕੇਸ ਦਰਜ਼ ਕਰਕੇ, ਪੂਰੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸਫਾ ਮਿਸਲ ਤੇ ਸਬੂਤ ਸਾਹਮਣੇ ਆਉਣ ਤੇ ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।