ਉਹ ਵੇਖ ਵੀ ਨਹੀਂ ਸਕਿਆ, ਅੱਗ ‘ਚ ਸੜਕੇ ਸੁਆਹ ਹੁੰਦੀਆਂ ਉਮੀਦਾਂ ,,

Advertisement
Spread information

ਰੇਲਵੇ ਠੇਕੇਦਾਰ ਦੀ ਲਾਪਰਵਾਹੀ, 70 ਏਕੜ ਕਣਕ ਸੜਕੇ ਹੋਈ ਸੁਆਹ

ਸੰਘੇੜਾ, ਸੇਖਾ , ਹੰਡਿਆਇਆ ਤੇ ਲੋਹਗੜ੍ਹ ਪਿੰਡਾਂ ‘ਚ ਵੀ ਅੱਗ ਦੀ ਭੇਂਟ ਚੜ੍ਹੀ ਸੈਂਕੜੇ ਏਕੜ ਕਣਕ

ਹਰਿੰਦਰ ਨਿੱਕਾ , ਬਰਨਾਲਾ 10 ਅਪ੍ਰੈਲ 2022

            ਜਿਲ੍ਹੇ ਅੰਦਰ ਕਈ ਦਰਜਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਸੈਂਕੜੇ ਏਕੜ ਫਸਲ ਸੜਕੇ ਸੁਆਹ ਹੀ ਨਹੀਂ ਹੋਈ, ਸਗੋਂ ਕਿਸਾਨਾਂ ਦੀਆਂ ਉਮੀਦਾਂ ਹੀ ਅੱਗ ਦੀ ਭੇਂਟ ਚੜ੍ਹ ਗਈਆਂ। ਸਭ ਤੋਂ ਦਰਦਨਾਕ ਮੰਜ਼ਰ ਟ੍ਰਾਈਡੇਂਟ ਫੈਕਟਰੀ ਸੰਘੇੜਾ ਦੇ ਨੇੜੇ ਬਾਰਾਂ ਪੁਲ ਸੰਘੇੜਾ ਖੇਤਰ ‘ਚ ਉਦੋਂ ਸਾਹਮਣੇ ਆਇਆ ਜਦੋਂ, ਬਰਨਾਲਾ-ਧੂਰੀ ਰੇਲਵੇ ਲਾਈਨ ਤੇ ਨਿਰਮਾਣ ਅਧੀਨ ਅੰਡਰ ਬ੍ਰਿਜ ਦੇ ਠੇਕੇਦਾਰ ਦੀ ਲਾਪਰਵਾਹੀ ਕਾਰਣ ਕਰੀਬ 65 ਏਕੜ ਖੜੀ ਕਣਕ ਦੀ ਫਸਲ ਸੜਕੇ ਸੁਆਹ ਹੋ ਗਈ। ਦੁੱਖ ਅਤੇ ਚਿੰਤਾ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਸਮੇਂ ਸਿਰ ਨਾ ਪਹੁੰਚ ਸਕੀਆਂ। ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹੀ ਕਣਕ ਤੇ ਆਪਣੇ ਢੰਗਾਂ ਨਾਲ ਕਾਬੂ ਪਾਇਆ ਅਤੇ ਹੋਰ ਤੋਂ ਹੋਰ ਅੱਗੇ ਪਿੰਡਾਂ ਵੱਲ ਫੈਲ ਰਹੀ ਅੱਗ ਨੂੰ ਰੋਕਿਆ।              ਕਰੀਬ ਤਿੰਨ ਏਕੜ ਜਮੀਨ ਦੇ ਆਸਰੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ, ਕਿਸਾਨ ਦਰਸ਼ਨ ਸਿੰਘ ਵਾਢੀ ਲਈ ਤਿਆਰ ਖੜੀ ਕਣਕ ਦੀ ਫਸਲ ਅੱਗ ਨਾਲ ਸੜਦੀ ਵੇਖ ਵੀ ਨਹੀਂ ਸਕਿਆ, ਜਦ ਉਸ ਨੂੰ ਅੱਗ ਦੀ ਲਾਟਾਂ ਵਿੱਚ ਘਿਰੀ ਕਣਕ ਦਾ ਪਤਾ ਲੱਗਿਆ ਤਾਂ ਉਹ ਖੇਤ ‘ਚ ਬਣੇ ਦੋ ਕਮਰਿਆਂ ਦੇ ਘਰ ‘ਚੋਂ ਭੜਕੀ ਅੱਗ ਦੇ ਵਿਚੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਭੱਜ ਨਿੱਕਲਿਆਂ। ਨੇੜੇ ਕੰਮ ਕਰਦੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਦੇ ਮਨ ਤੇ ਇੱਕਦਮ ਬੋਝ ਪੈ ਗਿਆ ਤੇ ਉਹ ਅੱਖਾਂ ਚੋਂ ਹੰਝੂ ਕੇਰਦਾ ਜਾ ਰਿਹਾ ਸੀ। ਹੁਣ, ਉਸ ਨੂੰ ਸਾਲ ਭਰ ਖਾਣ ਲਈ, ਕਣਕ ਲਈ ਵੀ ਹੋਰਾਂ ਦੇ ਹੱਥਾਂ ਵੱਲ ਝਾਕਣਾ ਪਊ।

Advertisement

        ਪ੍ਰਾਪਤ ਵੇਰਵਿਆਂ ਮੁਤਾਬਿਕ ਨਛੱਤਰ ਸਿੰਘ, ਜਸਵੰਤ ਸਿੰਘ, ਅਮਰ ਸਿੰਘ , ਰੁਪਿੰਦਰ ਸਿੰਘ, ਮਲਕੀਤ ਸਿੰਘ, ਰਾਜਵਿੰਦਰ ਸਿੰਘ ਅਤੇ ਪੋਪੀ ਸਿੰਘ ਦੀ ਕਣਕ ਵੀ ਸੜ ਕੇ ਸੁਆਹ ਹੋ ਗਈ। ਉੱਧਰ 11 ਏਕੜ ਜਮੀਨ ਠੇਕੇ ਤੇ ਲੈਣ ਵਾਲਾ ਮੱਲ ਸਿੰਘ , ਢੇਰੀ ਢਾਈ ਬੈਠਾ, ਰਾਖ ਹੋਈ ਕਣਕ ਨੂੰ ਵਾਰ ਵਾਰ ਚੁੱਕ ਕੇ ਕਿਸਮਤ ਨੂੰ ਝੂਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੇ 70 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਜਮੀਨ ਠੇਕੇ ਤੇ ਲਈ ਹੋਈ ਹੈ। ਪਰ ਹੁਣ, ਇੱਨ੍ਹਾਂ ਕਹਿ ਕੇ ਉਸ ਦੇ ਅੱਖਾਂ ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ ਤੇ ਬੁੱਲ ਕੰਬਨ ਲੱਗ ਪਏ। ਜਗਵੀਰ ਸਿੰਘ ਦੀ ਹਾਲਤ ਵੀ ਹੋਰਾਂ ਤੋਂ ਵੱਖਰੀ ਨਹੀਂ ਸੀ, ਉਸ ਨੇ 5 ਏਕੜ ਜਮੀਨ ਠੇਕੇ ਤੇ ਲੈ ਰੱਖੀ ਹੈ, ਉਸ ਨੇ ਕਿਹਾ ਕਿ ਜਮੀਨ ਦਾ ਠੇਕਾ ਤਾਂ ਪੂਰਾ ਹੀ ਦੇਣਾ ਪਊ, ਪਰ ਪੱਲੇ ਘਰ ਦਾ ਗੁਜਾਰਾ ਚਲਾਉਣ ਲਈ ਧੇਲਾ ਵੀ ਨਹੀਂ ਰਿਹਾ।           ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਉਨਾਂ ਦੀ ਕਣਕ ਨੂੰ ਅੱਗ ਲਾਉਣ ਦੇ ਜਿੰਮੇਵਾਰ ਰੇਲਵੇ ਠੇਕੇਦਾਰ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ,ਉਨਾਂ ਨੂੰ ਮੁਆਵਜਾ ਵੀ ਦਿਵਾਇਆ ਜਾਵੇ।  ਮੌਕੇ ਤੇ ਪਹੁੰਚੇ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਲੋਕਾਂ ਨੂੰ ਭਰੋਸ ਦਿੱਤਾ ਕਿ ਦੋਸ਼ੀ ਰੇਲਵੇ ਠੇਕੇਦਾਰ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਅਤੇ ਐਸ.ਡੀਐਮ. ਵਰਜੀਤ ਵਾਲੀਆ ਵੀ ਮੌਕਾ ਮੁਆਇਨਾਂ ਕਰਕੇ, ਕਿਸਾਨਾਂ ਨੂੰ ਮੁਆਵਜਾ ਦੇਣ ਲਈ, ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣਗੇ।

Advertisement
Advertisement
Advertisement
Advertisement
Advertisement
error: Content is protected !!