ਤਿੰਨ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਸੁੱਟੇ ਬੰਬ – ਡਾ . ਜਤਿੰਦਰ ਸਿੰਘ
ਪਰਦੀਪ ਕਸਬਾ, ਸੰਗਰੂਰ ,9 ਅਪ੍ਰੈਲ 2022
8 ਅਪ੍ਰੈਲ 1929 ਨੂੰ ਅੰਗਰੇਜ ਸਰਕਾਰ ਵਲੋਂ ਦਿੱਲੀ ਅਸੈਂਬਲੀ ਵਿੱਚ ਪੇਸ਼ ਕੀਤੇ ਤਿੰਨ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਆਪਣਾ ਵਿਰੋਧ ਜਤਾਉਣ ਲਈ ਸ਼ਹੀਦ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਸੁੱਟੇ ਬੰਬ ਤੇ ਹੱਥ ਪਰਚਿਆਂ ਦੀ ਵਰੇਗੰਢ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਵਲੋਂ ਅੱਜ 9 ਅਪ੍ਰੈਲ ਨੂੰ ਪ੍ਰਜਾਪਤ ਧਰਮਸ਼ਾਲਾ ਨੇੜੇ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਜਬਰ ਵਿਰੋਧੀ ਕਨਵੈਨਸ਼ਨ ਕੀਤੀ ਗਈ।।
ਸਭਾ ਦੇ ਸੂਬਾ ਵਿੱਤ ਸਕੱਤਰ ਤਰਸੇਮ ਲਾਲ, ਮੁੱਖ ਬੁਲਾਰੇ ਪ੍ਰੋ ਡਾ. ਜਤਿੰਦਰ ਸਿੰਘ, ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ,ਮੀਤ ਪ੍ਰਧਾਨ ਗੁਰਪ੍ਰੀਤ ਕੌਰ,ਅਤੇ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਵਰਨਜੀਤ ਸਿੰਘ ਨੇ ਸੈਂਕੜੇ ਦੀ ਗਿਣਤੀ ਵਿਚ ਆਏ ਮੈਬਰਾਂ ਦਾ ਸਵਾਗਤ ਕੀਤਾ ਅਤੇ 8 ਅਪ੍ਰੈਲ ਦੀ ਇਤਿਹਾਸਕ ਘਟਨਾ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਮੌਜੂਦਾ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਅਤੇ ਯੂ ਏ ਪੀ ਏ, ਅਫਸਪਾ, ਕੌਮੀ ਸੁਰੱਖਿਆ ਕਾਨੂੰਨ, ਸਮੇਤ ਵੱਖ ਵੱਖ ਕਾਲੇ ਕਾਨੂੰਨਾਂ ਦੀ ਸੰਘਰਸ਼ ਸ਼ੀਲ ਅਤੇ ਇਹਨਾਂ ਦੇ ਹਮਾਇਤੀ ਲੋਕਾਂ ਵਿਰੁੱਧ ਕੀਤੀ ਜਾ ਰਹੀ ਦੁਰਵਰਤੋਂ ਬਾਰੇ ਦੱਸਿਆ।
ਮੁੱਖ ਬੁਲਾਰੇ ਪ੍ਰੋ ਜਤਿੰਦਰ ਸਿੰਘ ਨੇ ਕਿਹਾ ਕਿ ਨੇਕੀ ਅਤੇ ਬਦੀ ਦੀ ਲੜਾਈ ਲਗਾਤਾਰ ਜਾਰੀ ਹੈ। ਇਸ ਲੜਾਈ ਵਿੱਚ ਨੇਕੀ ਨਾਲ ਖੜ੍ਹਨ ਵਾਲੇ ਲੋਕ ਹੀ ਇਤਿਹਾਸ ਦੇ ਨਾਇਕ ਬਣਦੇ ਹਨ ਪਰ ਭਾਰਤ ਵਿਚ ਨੇਕੀ ਵਾਲੇ ਪਾਸੇ ਲੜਨ ਵਾਲੇ ਲੋਕਾਂ ਨੂੰ ਵੱਖ ਵੱਖ ਤਬਕਿਆਂ ਦੇ ਜਾਤ ਪਾਤੀ ਧਾਰਮਿਕ ਅਕੀਦਿਆਂ ਅਤੇ ਇਛਾਵਾਂ ਨੂੰ ਸੰਬੋਧਤ ਹੋਣਾ ਹੋਵੇਗਾ।
ਇਸ ਤੋਂ ਬਿਨਾਂ ਇਹ ਲੜਾਈ ਜਿੱਤਣਾ ਸੰਭਵ ਨਹੀਂ ਹੋਵੇਗਾ। ਤਰਸੇਮ ਲਾਲ ਨੇ ਕਿਹਾ ਕਿ ਇੱਕ ਪਾਸੇ ਦੇਸ਼ ਆਜ਼ਾਦੀ ਦਾ 75 ਸਾਲਾ ਅੰਮ੍ਰਿਤ ਉਤਸਵ ਮਨਾ ਰਿਹਾ ਹੈ ਦੂਜੇ ਪਾਸੇ ਅੱਜ ਵੀ ਇਹਨਾਂ ਕਾਨੂੰਨਾਂ ਤੋਂ ਵੀ ਜਿਆਦਾ ਲੋਕ ਵਿਰੋਧੀ ਕਾਨੂੰਨ ਲਾਗੂ ਕਰਕੇ ਸਰਕਾਰਾਂ ਦਾ ਵਿਰੋਧ ਕਰਨ ਵਾਲੇ ਸੈਕੜੇ ਲੋਕਾਂ ਨੂੰ ਜੇਲਾਂ ਵਿਚ ਸਾੜਿਆ ਜਾ ਰਿਹਾ ਹੈ। ਇਹਨਾਂ ਕਾਲੇ ਅੰਗਰੇਜ਼ਾਂ ਦੇ ਗੈਰ ਜਮਹੂਰੀ ਕਾਰਨਾਮਿਆਂ ਨੂੰ ਨੰਗਾ ਕਰਨ ਲਈ ਸਮੂਹ ਜਮਹੂਰੀ ਸ਼ਕਤੀਆਂ ਨੂੰ ਇੱਕ ਜੁੱਟ ਹੋਣਾ ਹੋਵੇਗਾ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿਚ ਭੀਮਾ ਕੋਰੇਗਾਉੰ ਅਤੇ ਹੋਰ ਕੇਸਾਂ ਵਿੱਚ ਜੇਲਾਂ ਵਿਚ ਬੰਦ ਕੀਤੇ ਬੁਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਰਾਣਾ ਅਯੂਬ ਅਤੇ ਆਕਾਰ ਪਟੇਲ ਉਪਰ ਵਿਦੇਸ਼ ਜਾਣ ਸੰਬੰਧੀ ਲਗਾਈਆਂ ਪਾਬੰਦੀਆਂ ਵਾਪਸ ਲੈਣ, ਕਿਸਾਨ ਅੰਦੋਲਨ ਦੌਰਾਨ ਪਾਏ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਵਿਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਲੈਣ, ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਅਧਿਕਾਰਾਂ ਨੂੰ ਖੋਹਣ ਦੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਤੇ ਕਾਂਗਰਸੀ ਆਗੂ ਜਾਖੜ ਵਲੋਂ ਦਲਿਤਾਂ ਖਿਲਾਫ ਕੀਤੀਆਂ ਜਾਤਪਾਤੀ ਟਿਪਣੀਆਂ ਦੀ ਨਿਖੇਧੀ ਕੀਤੀ ਗਈ। ਵਿਦਿਆਰਥੀ ਆਗੂ ਸੰਦੀਪ ਕੌਰ, ਅਮਨਦੀਪ ਕੌਰ, ਕੁਲਵਿੰਦਰ ਬੰਟੀ, ਡਾ. ਕ੍ਰਿਸ਼ਨ ਕੁਮਾਰ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਕਨਵੈਨਸ਼ਨ ਵਿੱਚ ਸੰਜੀਵ ਕੁਮਾਰ ਮਿੰਟੂ, ਭੁਪਿੰਦਰ ਸਿੰਘ ਲੌਂਗੋਵਾਲ, ਰੋਹੀ ਸਿੰਘ ਮੰਗਵਾਲ, ਰਮਨ ਦੀਪ ਸਿੰਘ, ਬਲਵੀਰ ਚੰਦ ਲੌਂਗੋਵਾਲ, ਰਘਬੀਰ ਸਿੰਘ ਭਵਾਨੀਗੜ੍ਹ ਸਮੇਤ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਮੰਚ ਸੰਚਾਲਨ ਸਭਾ ਦੇ ਜਿਲਾ ਸਕੱਤਰ ਕੁਲਦੀਪ ਸਿੰਘ ਵਲੋਂ ਕੀਤਾ ਗਿਆ।