ਟਰੱਕ ਯੂਨੀਅਨ ਤੋਂ ਬਾਅਦ ਹੁਣ ਬਰਨਾਲਾ ਕਲੱਬ ਦੇ ਸੈਕਟਰੀ ਤੇ ਆਪ ਦੀ ਨਜ਼ਰ
ਸੈਕਟਰੀ ਰਾਜੀਵ ਲੂਬੀ ਅੱਜ ਡੀਸੀ ਨੂੰ ਸੌਂਪ ਸਕਦੇ ਨੇ ਅਹੁਦੇ ਤੋਂ ਅਸਤੀਫਾ ?
ਹਰਿੰਦਰ ਨਿੱਕਾ , ਬਰਨਾਲਾ 31 ਮਾਰਚ 2022
ਰਵਾਇਤੀ ਰਾਜਸੀ ਧਿਰਾਂ ਦਾ ਬਦਲ ਦੇਣ ਦਾ ਲੋਕਾਂ ਨਾਲ ਵਆਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਹੁਣ ਰਵਾਇਤੀ ਪਾਰਟੀਆਂ ਦੇ ਰਾਹ ਹੀ ਚੱਲ ਪਈ ਹੈ। ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਨੂੰ ਪ੍ਰਧਾਨਗੀ ਤੋਂ ਲਾਹ ਕੇ ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਸਿੰਘ ਨੂੰ ਸੱਤਾ ਦੀ ਸਰਪ੍ਰਸਤੀ ਹੇਠ, ਥੋਪ ਦਿੱਤਾ ਗਿਆ ਹੈ। ਜਦੋਂ ਕਿ ਆਪ ਅਤੇ ਪ੍ਰਸ਼ਾਸ਼ਨਿਕ ਸੂਤਰਾਂ ਅਨੁਸਾਰ ਹੁਣ ਸ਼ਹਿਰ ਦੇ ਅਮੀਰਾਂ ਦੇ ਕਲੱਬ ‘‘ ਬਰਨਾਲਾ ਕਲੱਬ ’’ ਦੀ ਸੱਤਾ ਤੇ ਕਾਬਿਜ ਹੋਣ ਲਈ ਤਰਲੋਮੱਛੀ ਹੋ ਰਹੀ ਆਪ ਦੇ ਇਸ਼ਾਰੇ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕਲੱਬ ਦੇ ਸੈਕਟਰੀ ਐਡਵੋਕੇਟ ਰਾਜੀਵ ਲੂਬੀ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿ ਦਿੱਤਾ ਗਿਆ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਰਨਾਲਾ ਕਲੱਬ ਤੇ ਥੋਪਿਆ ਜਾ ਸਕੇ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਰਾਜੀਵ ਲੂਬੀ ਨੂੰ ਬੁਲਾ ਕੇ ਅਸਤੀਫਾ ਦੇਣ ਲਈ ਹੁਕਮ ਦੇ ਦਿੱਤਾ ਹੈ। ਸੰਭਾਵਨਾ ਬਣੀ ਹੋਈ ਹੈ ਕਿ ਰਾਜੀਵ ਲੂਬੀ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਰੌਂਅ ਵਿੱਚ ਹਨ।
ਬਰਨਾਲਾ ਕਲੱਬ ਦੀ ਇਲੈਕਸ਼ਨ ਦੀ ਥਾਂ ਹਮੇਸ਼ਾ ਹੁੰਦੀ ਐ ਸਿਲੈਕਸ਼ਨ
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਕਲੱਬ ਦੇ ਕਰੀਬ 1000 ਮੈਂਬਰ ਹਨ। ਕਲੱਬ ਦਾ ਕਾਫੀ ਲੰਬੇ ਅਰਸੇ ਤੋਂ ਇਹ ਇਤਹਾਸ ਚੱਲਿਆ ਆ ਰਿਹਾ ਹੈ ਕਿ ਜਦੋਂ ਵੀ ਅਕਾਲੀ-ਭਾਜਪਾ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਤਾਂ ਇਲਾਕੇ ਦੇ ਵਿਧਾਇਕ ਜਾਂ ਹਲਕਾ ਇੰਚਾਰਜਾਂ ਨੇ ਕਲੱਬ ਦੇ ਮੈਂਬਰਾਂ ਦੀ ਲੋਕਤੰਤਰਿਕ ਢੰਗ ਨਾਲ ਕੋਈ ਚੋਣ ਕਰਵਾਉਣ ਦੀ ਬਜਾਏ, ਆਪਣੇ ਚਹੇਤਿਆਂ ਨੂੰ ਹੀ ਕਲੱਬ ਦੇ ਅਹੁਦੇਦਾਰ ਥੋਪਿਆ ਜਾਂਦਾ ਰਿਹਾ ਹੈ। ਹੁਣ ਕਲੱਬ ਦੇ ਮੈਂਬਰਾਂ ਨੂੰ ਪੰਜਾਬ ਅੰਦਰ ਰਵਾਇਤੀ ਪਾਰਟੀਆਂ ਦੇ ਹੱਥੋਂ ਸੱਤਾ ਬਦਲ ਕੇ ਆਪ ਆਦਮੀ ਪਾਰਟੀ ਦੇ ਰੂਪ ਵਿੱਚ ਨਵਾਂ ਬਦਲਾਉ ਹੋਣ ਨਾਲ ਇੱਕ ਉਮੀਦ ਬੱਝੀ ਸੀ ਕਿ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬਰਨਾਲਾ ਕਲੱਬ ਦੀ ਚੋਣ ਦੀ ਨਵੀਂ ਪਿਰਤ ਪਾ ਕੇ ਇੱਕ ਨਵਾਂ ਇਤਿਹਾਸ ਸਿਰਜ ਕੇ ਲੋਕਤੰਤਰਿਕ ਤਰੀਕੇ ਨਾਲ, ਬਕਾਇਦਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੋਣ ਕਰਵਾਉਣ ਲਈ ਕਹਿਣਗੇ। ਪਰੰਤੂ ਜਿਵੇਂ ਪ੍ਰਸ਼ਾਸ਼ਨ ਵੱਲੋਂ ਸੈਕਟਰੀ ਰਾਜੀਵ ਲੂਬੀ ਤੋਂ ਜਬਰਦਸਤੀ ਅਸਤੀਫਾ ਮੰਗ ਲਿਆ ਗਿਆ ਹੈ, ਉਸ ਤੋਂ ਜੱਗ ਜਾਹਿਰ ਹੋ ਗਿਆ ਹੈ ਕਿ ਆਪ ਵੀ ਹੁਣ ਰਵਾਇਤੀ ਪਾਰਟੀਆਂ ਦੇ ਚੱਲ ਕੇ ਕਲੱਬ ਦੇ ਆਪਣੀ ਮਰਜੀ ਅਤੇ ਪਾਰਟੀ ਦੇ ਆਗੂਆਂ ਨੂੰ ਮੈਂਬਰਾਂ ਦੇ ਥੋਪ ਕੇ ਪੁਰਾਣੀ ਰਵਾਇਤ ਨੂੰ ਹੀ ਕਾਇਮ ਰੱਖਣਗੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਬਰਨਾਲ ਕਲੱਬ ਵਿੱਚ ਲੋਕਤੰਤਰ ਦੀ ਬਹਾਲੀ ਹੋਵੇਗੀ ਜਾਂ ਫਿਰ ਤਾਨਾਸ਼ਾਹੀ ਫੁਰਮਾਨ ਨਾਲ ਹੀ ਅਹੁਦੇਦਾਰਾਂ ਦੀ ਸਿਲੈਕਸ਼ਨ ਕਰ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਰਾਜੀਵ ਲੂਬੀ ਤੇ ਹੋਰ ਅਹੁਦੇਦਾਰਾਂ ਦੀ ਸਿਲੈਕਸ਼ਨ 5 /9/2019 ਨੂੰ ਦੋ ਸਾਲ ਲਈ ਹੋਈ ਸੀ। ਜਿਸ ਦਾ ਕਾਰਜਕਾਲ ਪੂਰਾ ਹੋ ਹੋਣ ਤੋਂ ਬਾਅਦ ਐਗਜੈਕਿਟਵ ਦੇ ਮੈਂਬਰਾਂ ਨੇ ਕਰੋਨਾ ਕਾਲ ਕਾਰਣ ਰਾਜੀਵ ਲੂਬੀ ਸਣੇ ਪੂਰੀ ਟੀਮ ਨੂੰ ਅੱਗੋਂ ਕੰਮ ਕਰਨ ਲਈ ਜੁਬਾਨੀ ਤੌਰ ਤੇ ਕਹਿ ਦਿੱਤਾ ਗਿਆ ਸੀ।