ਕਿਰਤ ਕੋਡ ਅਤੇ ਨਿੱਜੀਕਰਨ ਵਿਰੁੱਧ ਇਫਟੂ ਵਲੋਂ ਨਵਾਂਸ਼ਹਿਰ ‘ਚ ਰੈਲੀ ਅਤੇ ਮੁਜਾਹਰਾ
-ਮੋਦੀ ਸਰਕਾਰ ਦੀਆਂ ਮਜਦੂਰ ਮਾਰੂ ਨੀਤੀਆਂ ਵਿਰੁੱਧ ਉੱਠ ਖਲੋਣ ਦਾ ਸੱਦਾ
ਜਸਬੀਰ ਦੀਪ , ਨਵਾਂਸ਼ਹਿਰ 28 ਮਾਰਚ 2022
ਟਰੇਡ ਯੂਨੀਅਨਾਂ ਵਲੋਂ 28,29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ ਸਥਾਨਕ ਦੁਸਹਿਰਾ ਗਰਾਉਂਡ ਵਿਚ ਜਿਲਾ ਪੱਧਰੀ ਰੈਲੀ ਕੀਤੀ ਗਈ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, , ਸੂਬਾਈ ਸਕੱਤਰ ਅਵਤਾਰ ਸਿੰਘ ਤਾਪਰੀ,ਪ੍ਰੈਸ ਸਕੱਤਰ ਜਸਬੀਰ ਦੀਪ ਅਤੇ ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ
ਕਿ ਕੇਂਦਰ ਦੀ ਮੋਦੀ ਸਰਕਾਰ ਕਿਰਤੀਆਂ ਵਲੋਂ ਦਹਾਕਿਆਂ ਬੱਧੀ ਸੰਘਰਸ਼ ਕਰਕੇ ਪ੍ਰਾਪਤ ਕੀਤੇ ਕਿਰਤੀਆਂ ਦੇ ਪੱਖੀ ਕਾਨੂੰਨਾਂ ਦਾ ਭੋਗ ਪਾਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਚਾਰ ਕਿਰਤ ਕੋਡ ਲਾਗੂ ਕਰਨ ਜਾ ਰਹੀ ਹੈ। ਮੋਦੀ ਸਰਕਾਰ ਸਰਕਾਰੀ ਸੰਪਤੀਆਂ ਨੂੰ ਆਪਣਿਆਂ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਲੁਟਾ ਰਹੀ ਹੈ ਜਿਸ ਵਿਚ ਸਰਕਾਰੀ ਬੈਂਕ,ਰੇਲਵੇ, ਬਿਜਲੀ,ਕੋਇਲੇ ਦੀਆਂ ਖਾਣਾ, ਹਵਾਈ ਅੱਡੇ, ਹਵਾਈ ਕੰਪਨੀਆਂ, ਹਸਪਤਾਲ, ਸਕੂਲ ਸ਼ਾਮਲ ਹਨ।
ਜਿਸ ਕਾਰਨ ਕਿਰਤੀਆਂ ਵਿਚ ਕੇਂਦਰ ਦੀ ਸਰਕਾਰ ਵਿਰੁੱਧ ਤਿੱਖਾ ਰੋਹ ਹੈ।ਉਹਨਾਂ ਕਿਹਾ ਕਿ ਚਾਰ ਕਿਰਤ ਕੋਡ ਲਾਗੂ ਹੋਣ ਨਾਲ ਪੂੰਜੀਪਤੀਆਂ, ਠੇਕੇਦਾਰਾਂ ਕੋਲ ਕਿਰਤੀਆਂ ਨੂੰ ਕੰਮ ਤੋਂ ਜਵਾਬ ਦੇਣ, ਛਾਂਟੀ ਕਰਨ,ਮਜਦੂਰਾਂ ਕੋਲੋਂ ਦਿਹਾੜੀ ਵਿਚ 12 ਘੰਟੇ ਕੰਮ ਕਰਵਾਉਣ ਅਤੇ ਕਿਰਤ ਦੀ ਲੁੱਟ ਕਰਨ ਲਈ ਕਾਨੂੰਨੀ ਹਥਿਆਰ ਆ ਜਾਣਗੇ।ਮਜਦੂਰਾਂ ਕੋਲੋਂ ਯੂਨੀਅਨ ਬਣਾਉਣ, ਹੜਤਾਲ ਕਰਨ,ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੇ ਹਥਿਆਰ ਖੁੱਸ ਜਾਣਗੇ।ਕਿਰਤੀਆਂ ਦੀ ਭਲਾਈ ਲਈ ਬਣੇ ਭਲਾਈ ਬੋਰਡ ਭੰਗ ਹੋ ਜਾਣਗੇ ਜਿਸ ਨਾਲ ਮਜਦੂਰਾਂ ਦੀ ਪੈਨਸ਼ਨ ਸਕੀਮ, ਸ਼ਗਨ ਸਕੀਮ, ਬੱਚਿਆਂ ਨੂੰ ਮਿਲਦੇ ਵਜੀਫੇ, ਇਲਾਜ ਦੀ ਮੈਡੀਕਲ ਯੋਜਨਾ, ਵਿਆਜ ਰਹਿਤ ਮਿਲਣ ਵਾਲੇ ਕਰਜੇ ਆਦਿ ਦੀਆਂ ਸਾਰੀਆਂ ਸਹੂਲਤਾਂ ਦਾ ਭੋਗ ਪੈ ਜਾਵੇਗਾ।
ਜਿਸਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੀ ਪਿੱਠ ਥਾਪੜ ਰਹੀ ਹੈ।ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਜੰਡੀ, ਏਟਕ ਦੇ ਆਗੂ ਮੁਕੰਦ ਲਾਲ,ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ,ਪ੍ਰਵਾਸੀ ਮਜਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ, ਹਰੀ ਲਾਲ,ਸ਼ਿਵ ਨੰਦਨ,ਓਮ ਪ੍ਰਕਾਸ਼, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਭੁਪਿੰਦਰ ਸਿੰਘ ਵੜੈਚ, ਪੀ ਐਮ ਯੂ ਦੇ ਆਗੂ ਕਮਲਜੀਤ ਸਨਾਵਾ,ਆਟੋ ਵਰਕਰਜ਼ ਯੂਨੀਅਨ ਦੇ ਆਗੂਆਂ ਪੁਨੀਤ ਬਛੌੜੀ, ਬਿੱਲਾ ਗੁੱਜਰ,ਪੰਜਾਬ ਬੈਂਕ ਇੰਪਲਾਈਜ਼
ਫੈਡਰੇਸ਼ਨ ਨਵਾਂਸ਼ਹਿਰ ਦੇ ਮਹਿੰਦਰਪਾਲ ਸਿੰਘ, ਮਨਮੋਹਨ ਸਿੰਘ, ਪੀ ਐਸ ਯੂ ਦੇ ਆਗੂ ਬਲਜੀਤ ਧਰਮਕੋਟ ਨੇ ਵੀ ਸੰਬੋਧਨ ਕੀਤਾ।ਇਸ ਰੈਲੀ ਵਿੱਚ ਉਸਾਰੀ ਮਿਸਤਰੀ ਮਜਦੂਰ ਯੂਨੀਅਨ, ਭੱਠਾ ਵਰਕਰਜ਼ ਯੂਨੀਅਨ, ਪ੍ਰਵਾਸੀ ਮਜਦੂਰ ਯੂਨੀਅਨ, ਰੇਹੜੀ ਵਰਕਰਜ਼ ਯੂਨੀਅਨ ,ਆਟੋ ਵਰਕਰਜ਼ ਯੂਨੀਅਨ ਦੇ ਇਕ ਹਜਾਰ ਦੇ ਕਰੀਬ ਕਾਮਿਆਂ ਨੇ ਸ਼ਮੂਲੀਅਤ ਕੀਤੀ।ਬਾਅਦ ਵਿਚ ਸ਼ਹਿਰ ਵਿਚ ਮੁਜਾਹਰਾ ਵੀ ਕੀਤਾ ਗਿਆ।