ਸ਼ਹੀਦ ਭਗਤ ਸਿੰਘ ਪਾਰਕ ਅਤੇ ਕਾਟਨ ਯਾਰੜ ‘ਚ ਸੀ.ਆਈ.ਏ. ਟੀਮ ਦਾ ਛਾਪਾ
ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ 22 ਮਾਰਚ 2022
ਟੂਡੇ ਨਿਊਜ ਵੱਲੋਂ ਨਸ਼ੇੜੀਆਂ ਦੇ ਅੱਡੇ ਦੀ ਖਬਰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵਿੱਚ ਭੜਥੂ ਪੈ ਗਿਆ। ਐਸ.ਪੀ.ਡੀ. ਅਨਿਲ ਕੁਮਾਰ ਅਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਨੇ ਕੱਚਾ ਕਾਲਜ ਰੋਡ ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਅਤੇ ਅਨਾਜ ਮੰਡੀ ਨੇੜੇ ਬਣੇ ਕਾਟਨ ਯਾਰੜ ਦੀ ਸੁੰਨਸਾਨ ਇਮਾਰਤ ਤੇ ਨਸ਼ੇੜੀਆਂ ਨੂੰ ਖਦੇੜਨ ਲਈ ਛਾਪਾ ਮਾਰਿਆ। ਛਾਪਾਮਾਰੀ ਦੌਰਾਨ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਬਿਨਾਂ ਵਜ਼੍ਹਾ ਤੋਂ ਝੁੰਡ ਬਣਾ ਕੇ ਬੈਠੇ, ਕਰੀਬ 35/40 ਨੌਜਵਾਨਾਂ ਨੂੰ ਪੁਲਿਸ ਨੇ ਦਬੋਚ ਲਿਆ। ਇੱਨ੍ਹਾਂ ਵਿੱਚੋਂ ਬਹੁਤਿਆਂ ਨੂੰ ਅੱਗੇ ਤੋਂ ਬਿਨਾਂ ਮਤਲਬ , ਪਾਰਕ ਵਿੱਚ ਨਾ ਆਉਣ ਦੀ ਤਾਕੀਦ ਕਰਕੇ, ਛੱਡ ਦਿੱਤਾ ਗਿਆ।
ਜਦੋਂਕਿ ਸ਼ੱਕ ਦੇ ਅਧਾਰ ਤੇ 12 ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਆਦਾ ਸ਼ੱਕੀ ਵਿਅਕਤੀਆਂ ਨੂੰ ਸੀ.ਆਈ.ਏ. ਦੀ ਟੀਮ ਨੇ ਅਤੇ ਅੱਧਿਆਂ ਨੂੰ ਥਾਣਾ ਸਿਟੀ 1 ਦੀ ਪੁਲਿਸ ਪਾਰਟੀ ਨੂੰ ਮੌਕੇ ਤੇ ਬੁਲਾ ਕੇ,ਪੁੱਛਗਿੱਛ ਲਈ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਪਰੰਤੂ ਕਾਟਨ ਯਾਰੜ ਦੀ ਬਿਲਡਿੰਗ ਵਿੱਚ ਕੋਈ ਨਸ਼ੇੜੀ ਤਾਂ ਪੁਲਿਸ ਦੇ ਹੱਥ ਨਹੀਂ ਲੱਗਿਆ, ਪਰ ਨਸ਼ੇ ਦੇ ਪਿੱਛੇ ਰਹਿ ਗਏ, ਨਿਸ਼ਾਨ ਜਰੂਰ ਮਿਲੇ, ਜਿੰਨ੍ਹਾਂ ਵਿਚੋਂ ਕੁੱਝ ਨੂੰ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ । ਇਸ ਮੌਕੇ ਐਸਪੀਡੀ ਐਸ.ਪੀ.ਡੀ. ਅਨਿਲ ਕੁਮਾਰ ਨੇ ਕਿਹਾ ਕਿ ਜਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀਆਂ ਸਖਤ ਹਦਾਇਤਾਂ ਦੇ ਅਧਾਰ ਤੇ ਨਸ਼ਾ ਦਾ ਨਮੂਦ ਖਤਮ ਕਰਨ ਲਈ ਪੁਲਿਸ ਨੇ ਬਕਾਇਦਾ ਰਣਨੀਤੀ ਤਿਆਰ ਕਰ ਲਈ ਹੈ। ਜਿਸ ਦਾ ਅਸਰ ਬੜਾ ਛੇਤੀ ਹੀ ਸਭ ਦੇ ਸਾਹਮਣੇ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਵੰਧਾ ਪਿੰਡੀ ਧਨੌਲਾ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਅਤੇ ਇੱਕ ਮੌਜੂਦਾ ਪੰਚ ਪਰਮਜੀਤ ਸਿੰਘ ਨੂੰ 2 ਕਿੱਲੋ 20 ਗ੍ਰਾਮ ਅਫੀਮ ਸਣੇ ਗਿਰਫਤਾਰ ਕੀਤਾ ਗਿਆ ਹੈ।