*23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪਿੰਡਾਂ ਚ ਜਾਗਰਤੀ ਹਫਤਾ ਅਤੇ 25 ਮਾਰਚ ਨੂੰ ਸੰਗਰੂਰ ‘ਚ ਰੋਸ ਮਾਰਚ ਕਰਕੇ ਡੀ. ਸੀ.ਦਫ਼ਤਰ ਮੁਹਰੇ ਲਗਾਇਆ ਜਾਵੇਗਾ ਧਰਨਾ*
ਪਰਦੀਪ ਕਸਬਾ, ਸੰਗਰੂਰ , 17 ਮਾਰਚ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜ਼ਿਲ੍ਹਾ ਸਕੱਤਰ ਬਿਮਲ ਕੌਰ ਅਤੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ ਪਿੰਡਾਂ-ਪਿੰਡਾਂ ਵਿਖੇ ਮੀਟਿੰਗਾਂ/ ਰੈਲੀਆਂ ਕਰਦੇ ਹੋਏ ਜਾਗਰਤੀ ਹਫਤਾ ਮਨਾਇਆ
ਜਾਵੇਗਾ ਤੇ 25 ਮਾਰਚ ਨੂੰ ਸੰਗਰੂਰ ਸ਼ਹਿਰ ਵਿਚ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਮੂਹਰੇ ਪਿੰਡ ਦਿਆਲਗਡ਼੍ਹ, ਕੋਕੋਮਾਜਰੀ ਸੁਨਾਮ ਅਤੇ ਪਿੰਡ ਨਮੋਲ ਵਿਖੇ ਅਲਾਟ ਹੋ ਚੁੱਕੇ ਪਲਾਂਟਾਂ ਤੇ ਕਬਜ਼ਾ ਨਾ ਮਿਲਣ ਖ਼ਿਲਾਫ਼ ਪਲਾਟਾਂ ਤੇ ਕਬਜ਼ੇ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਜਾਵੇਗਾ। ਮੀਟਿੰਗ ‘ਚ ਮੁਸਲਿਮ ਕੁੜੀਆਂ ਦੇ ਹਿਜਾਬ ਪਹਿਨਣ ਦੇ ਹੱਕਾਂ ਖ਼ਿਲਾਫ਼ ਹਾਈ ਕੋਰਟ ਦੇ ਫ਼ੈਸਲੇ ਨੂੰ ਧਾਰਮਿਕ ਘੱਟ ਗਿਣਤੀ ਵਿਰੋਧੀ ਫ਼ੈਸਲਾ ਅਤੇ
23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਕ੍ਰਾਂਤੀਕਾਰੀ ਸਾਥੀਆਂ ਦੇ ਫ਼ਿਰੋਜ਼ਪੁਰ ਵਿੱਚ ਗੁਪਤ ਟਿਕਾਣੇ ਨੂੰ ਲਾਇਬਰੇਰੀ ਤੇ ਮਿਊਜ਼ੀਅਮ ਵਿਚ ਬਦਲਣ ਸਬੰਧੀ ਅਹਿਮ ਮਤੇ ਪਾਸ ਕੀਤੇ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਸਤੇ ਖਟਕੜ ਕਲਾਂ ਵਿਖੇ 150 ਏਕੜ ਤੋਂ ਵਧੇਰੇ ਖੜ੍ਹੀ ਫਸਲ ਵਢਵਾਉਣ ਸਮੇਤ ਕਰੋੜਾਂ ਰੁਪਏ ਖ਼ਰਚ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਹੋ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਵਿਖੇ ਆਂਗਨਵਾਡ਼ੀ ਵਰਕਰਾਂ ਦੀ ਹੱਕੀ ਮੰਗਾਂ ਮੰਨਣ ਦੀ ਬਜਾਏ ਐਸਮਾ ਵਰਗੇ ਕਾਲੇ ਕਾਨੂੰਨ ਲਗਾ ਕੇ ਹਡ਼ਤਾਲ ਕਰਨ ਦੇ ਹੱਕ ਨੂੰ ਖੋਂਹਦੀ ਹੈ। ਬੇਸ਼ਕ ਕਹਿਣ ਨੂੰ ਭਗਵੰਤ ਮਾਨ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਹੈ ਪਰ ਸਾਮਰਾਜਵਾਦ ਮੁਰਦਾਬਾਦ ਕਹਿਣ ਤੋਂ ਕਤਰਾਉਂਦਾ ਹੈ। ਕਿਉਂਕਿ ਸਾਫ਼ ਤੇ ਸਪੱਸ਼ਟ ਹੈ ਇਹ ਸਭ ਦੀਆਂ ਸਭ ਵੋਟ-ਬਟੋਰੂ ਪਾਰਟੀਆਂ ਸਮੇਤ
ਆਮ ਆਦਮੀ ਪਾਰਟੀ ਸਾਮਰਾਜੀ ਪੱਖੀ ਦਿਓ ਕੱਦ ਕੰਪਨੀਆਂ ਦੇ ਹਿੱਤਾਂ ਵਿੱਚ ਭੁਗਤਦੀਆਂ ਹਨ।ਆਮ ਆਦਮੀ ਪਾਰਟੀ ਦਾ ਭਗਤ ਸਿੰਘ ਦੀ ਸੋਚ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ। ਆਗੂਆਂ ਨੇ ਅਖੀਰ ਤੇ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੋਚ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕੀਤੀ ਜਾਵੇ, ਸਾਮਰਾਜਵਾਦ ਦਾ ਫਸਤਾ ਵੱਢਿਆ ਜਾਵੇ, ਜ਼ਮੀਨ ਦੀ ਕਾਣੀ ਵੰਡ ਖ਼ਤਮ ਕੀਤੀ ਜਾਵੇ ‘ਤੇ ਪਹਿਰਾ ਦਿੰਦੇ ਹੋਏ ਜਥੇਬੰਦੀ ਵੱਲੋਂ ਪਿੰਡਾਂ ਚ ਜਾਗ੍ਰਤੀ ਮੁਹਿੰਮ ਹਫਤਾ ਮਨਾਇਆ ਜਾਵੇਗਾ।