ਵਿਦਿਆਰਥੀ ਜੱਥੇਬੰਦੀਆਂ ਦੇ ਦਬਾਅ ਤਹਿਤ ਆਫਲਾਈਨ ਕਲਾਸਾਂ ਮੁੜ ਤੋਂ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਦੇਣ ਤੋਂ ਪਹਿਲਾਂ ਹੀ ਕਾਲਜ ਪ੍ਰਿੰਸੀਪਲ ਵੱਲੋਂ ਨੋਟਿਸ ਜਾਰੀ
-ਵਿਦਿਆਰਥੀ ਜੱਥੇਬੰਦੀਆਂ ਨੇ ਇਸ ਵਿਦਿਆਰਥੀ ਪੱਖੀ ਕਦਮ ਦਾ ਸਵਾਗਤ
ਪਰਦੀਪ ਕਸਬਾ , ਸੰਗਰੂਰ , 3 ਮਾਰਚ 2022
ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਪੰਜ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਦੋ ਮਹੀਨਿਆਂ ਤੋਂ ਬੰਦ ਕੀਤੀ ਆਫਲਾਈਨ ਪੜ੍ਰਾਈ ਮੁੜ ਤੋਂ ਚਾਲੂ ਕਰਵਾਉਣ ਦੀ ਮੰਗ ਲਈ ਕਾਲਜ ਪ੍ਰਿੰਸੀਪਲ ਸੁਖਵੀਰ ਸਿੰਘ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਇਸ ਦੀ ਭਿਣਕ ਪੈਣ ਤੇ ਅੱਜ 10 ਵਜੇ ਤੋਂ ਪਹਿਲਾਂ ਹੀ ਆਫਲਾਈਨ ਕਲਾਸਾਂ ਸ਼ੁਰੂ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ। ਵਿਦਿਆਰਥੀ ਜੱਥੇਬੰਦੀਆਂ ਨੇ ਇਸ ਵਿਦਿਆਰਥੀ ਪੱਖੀ ਕਦਮ ਦਾ ਸਵਾਗਤ ਕੀਤਾ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਆਗੂ ਕੋਮਲ ਖਨੌਰੀ,ਰਮਨ ਸਿੰਘ ਕਾਲਾਝਾੜ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਗੁਰਪ੍ਰੀਤ ਜੱਸਲ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਦੀਪ ਕੌਰ ਅਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗਨਾਈਜ਼ੇਸ਼ਨ ਤੋਂ ਜੀਵਨਜੋਤ ਕੌਰ ਨੇ ਕਿਹਾ ਆਫਲਾਈਨ ਕਲਾਸਾਂ ਨਾ ਸ਼ੁਰੂ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਆਨਲਾਈਨ ਸਿੱਖਿਆ ਦੇ ਨਾਂ ‘ਤੇ ਸਰਕਾਰ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਵੀ ਕਰ ਰਹੀ ਹੈ ਅਤੇ ਇਸਨੂੰ ਲੁੱਟ ਦਾ ਸਾਧਨ ਵੀ ਬਣਾਇਆ ਜਾ ਰਿਹਾ ਹੈ ਕਰੋਨਾ ਦੀ ਹਰ ਲਹਿਰ ਦੌਰਾਨ ਨਿਸ਼ਾਨਾ ਸਭ ਤੋਂ ਪਹਿਲਾਂ ਸਿੱਖਿਆ ਵੱਲ ਹੀ ਸੇਧਤ ਹੁੰਦਾ ਹੈ ਮਤਲਬ ਜਦੋਂ ਵੀ ਕਰੋਨਾ ਦੀ ਕੋਈ ਲਹਿਰ ਆਉਂਦੀ ਹੈ ਸਭ ਤੋਂ ਪਹਿਲਾਂ ਵਿੱਦਿਅਕ ਸੰਸਥਾਵਾਂ ਹੀ ਬੰਦ ਕੀਤੀਆਂ ਜਾਂਦੀਆਂ ਹਨ ਬਾਕੀ ਅਦਾਰੇ ਬਾਅਦ ਵਿੱਚ ਬੰਦ ਕੀਤੇ ਜਾਂਦੇ ਹਨ ਅਤੇ ਲਹਿਰ ਦਾ ਅਸਰ ਘੱਟ ਜਾਣ ਤੇ ਹੀ ਅਖੀਰ ਵਿੱਚ ਸਕੂਲ ਕਾਲਜ ਖੋਲ੍ਹੇ ਜਾਂਦੇ ਹਨ ਸਰਕਾਰ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਰਹੀ ਹੈ। ਇਸ ਤਰ੍ਹਾਂ ਕਰਕੇ ਉਹ ਸਿੱਖਿਆ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨਾ ਚਾਹੁੰਦੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਇਹੋ ਜਿਹੀਆਂ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਰਹਿੰਦੀਆਂ ਵਿਦਿਆਰਥੀ ਸੰਸਥਾਵਾਂ ਬਿਨਾਂ ਨਹੱਕੀਆ ਸ਼ਰਤਾਂ ਲਾਏ ਖੋਲਣੀਆਂ ਚਾਹੀਦੀਆਂ ਹਨ।
ਇਸ ਨਾਲ ਹੀ ਵਿਦਿਆਰਥੀ ਜੱਥੇਬੰਦੀਆਂ ਨੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵੱਲੋਂ ਨਜਾਇਜ਼ ਟਰਾਂਸਪੋਰਟ ਫੀਸ ਮੰਗਣ ਦਾ ਵਿਰੋਧ ਕੀਤਾ ਹੈ ਅਤੇ ਫੀਸਾਂ ਦੇ ਇਸ ਵਾਧੇ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ ਅਤੇ ਵਿਦਿਆਰਥੀ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਇਹ ਫੀਸਾਂ ਵਸੂਲਣੀਆਂ ਬੰਦ ਕੀਤੀਆਂ ਜਾਣ।