ਕੇਵਲ ਸਿੰਘ ਢਿੱਲੋਂ ਨੂੰ ਮਹਿੰਗਾ ਪੈ ਗਿਆ, ਚੋਣ ਮੁਹਿੰਮ ਵਿੱਚ ਚੁੱਪ ਵੱਟ ਕੇ ਘਰ ਬੈਠਣਾ
ਦੋਸ਼ – ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ, ਹਾਈਕਮਾਂਡ ਨੇ ਲਿਆ ਫੈਸਲਾ
ਬਰਨਾਲਾ ਜਿਲ੍ਹੇ ਅੰਦਰ ਕਾਂਗਰਸ ਦੇ ਢਿੱਲੋਂ ਯੁੱਗ ਦਾ ਇੱਕ ਵਾਰ ਹੋਇਆ ਅੰਤ
ਹਰਿੰਦਰ ਨਿੱਕਾ , ਬਰਨਾਲਾ 17 ਫਰਵਰੀ 2022
ਜਿਲ੍ਹੇ ਅੰਦਰ ਇੱਕ ਸਮੇਂ ਲੱਗਭੱਗ ਹਾਸ਼ੀਏ ਤੇ ਚੱਲ ਰਹੀ, ਕਾਂਗਰਸ ਪਾਰਟੀ ਨੂੰ ਸਿਫਰ ਤੋਂ ਸ਼ਿਖਰ ਤੱਕ ਲਿਜਾ ਕੇ ਅਕਾਲੀਆਂ ਦੇ ਗੜ੍ਹ ਨੂੰ ਕਾਂਗਰਸ ਦੇ ਕਿਲੇ ਵਿੱਚ ਤਬਦੀਲ ਕਰਨ ਵਾਲੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟਣ ਤੋਂ ਬਾਅਦ ਅੱਜ ਪਾਰਟੀ ਹਾਈਕਮਾਨ ਨੇ ਪਾਰਟੀ ਵਿੱਚੋਂ ਵੀ ਕੇਵਲ ਢਿੱਲੋਂ ਦਾ ਇੱਕ ਵਾਰਪੱਤਾ ਕੱਟ ਦਿੱਤਾ ਹੈ। ਇਸ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ ਚੌਧਰੀ ਨੇ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਹਾਈਕਮਾਂਡ ਞੱਲੋਂ ਕੇਵਲ ਸਿੰਘ ਢਿੱਲੋਂ ਪ੍ਰਤੀ ਅਖਤਿਆਰ ਕੀਤੇ ਸਖਤ ਰੁੱਖ ਨੇ ਢਿੱਲੋਂ ਸਮੱਰਥਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪਾਰਟੀ ਵਿੱਚ ਢਿੱਲੋਂ ਦੀ ਕੋਈ ਥਾਂ ਨਹੀਂ ਰਹੀ। ਪਾਰਟੀ ਦੇ ਅਜਿਹੇ ਰੁੱਖ ਦਾ ਪਾਰਟੀ ਉਮੀਦਵਾਰ ਮਨੀਸ਼ ਬਾਂਸਲ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਤੇ ਅਸਰ ਪੈਣਾ ਸੁਭਾਵਿਕ ਹੀ ਹੈ। ਪਰੰਤੂ ਮਨੀਸ਼ ਬਾਂਸਲ ਨੇ ਇਹ ਸਾਬਿਤ ਕਰ ਦਿੱਤਾ ਕਿ ਹੁਣ ਉਹ ਹੀ ਬਰਨਾਲਾ ਜਿਲ੍ਹੇ ਦੇ ਕਰਤਾ ਧਰਤਾ ਰਹਿਣਗੇ। ਕੇਵਲ ਢਿੱਲੋਂ ਖਿਲਾਫ ਪਾਰਟੀ ਵੱਲੋਂ ਕੀਤੀ ਇਸ ਕਾਰਵਾਈ ਨੇ ਜਿੱਥੇ ਕਾਗਰਸ ਪਾਰਟੀ ਅੰਦਰ ਮਨੀਸ਼ ਬਾਂਸਲ ਦਾ ਕੱਦ ਅਤੇ ਰੁਤਬਾ ਵਧਾ ਦਿੱਤਾ ਹੈ , ਉੱਥੇ ਹੀ ਸਾਬਕਾ ਰੇਲ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜਾਨਚੀ ਪਵਨ ਬਾਂਸਲ ਦੀ ਪਾਰਟੀ ਹਾਈਕਮਾਨ ਵਿੱਚ ਤੂਤੀ ਬੋਲਦੇ ਹੋਣ ਤੇ ਮੋਹਰ ਲਾ ਦਿੱਤੀ ਹੈ।
ਕੇਵਲ ਢਿੱਲੋਂ ਨੇ ਕਿਹਾ, ਮੈਨੂੰ ਕੋਈ ਪੱਤਰ ਨਹੀਂ ਮਿਲਿਆ
ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਸਬੰਧੀ ਵਾਇਰਲ ਹੋ ਰਹੇ ਪੱਤਰ ਬਾਰੇ ਕਿਹਾ ਕਿ, ਉਨ੍ਹਾਂ ਨੂੰ ਹਾਲੇ ਤੱਕ ਅਜਿਹਾ ਕੋਈ ਪੱਤਰ ਨਹੀਂ ਮਿਲਿਆ, ਜਦੋਂ ਅਜਿਹਾ ਪੱਤਰ ਮਿਲਿਆ ਤਾਂ ਉਸ ਦਾ ਠੋਕਵਾਂ ਅਤੇ ਬਾ ਦਲੀਲ ਜੁਆਬ ਦਿਆਂਗਾ। ਵਰਨਣਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੇ ਕਾਂਗਰਸੀ ਸਰਪੰਚਾਂ/ਪੰਚਾਂ ਵਿੱਚੋਂ 90 ਪ੍ਰਤੀਸ਼ਤ ਸਰਪੰਚ, ਪੰਚ ਕਾਂਗਰਸੀ ਉਮੀਦਵਾਰ ਨਾਲ ਚੱਲਣ ਤੋਂ ਦੜ ਵੱਟੀ ਬੈਠੇ ਸਨ। ਇਸੇ ਤਰਾਂ ਹਲਕੇ ਦੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਨਗਰ ਕੌਂਸਲ ਦੇ ਪ੍ਰਧਾਨ ਸੋਢੀ, ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਅਤੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਵੀ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਤੋਂ ਦੂਰੀ ਬਣਾਈ ਹੋਈ ਹੈ।
ਉੱਧਰ ਕੇਵਲ ਸਿੰਘ ਢਿੱਲੋਂ ਦੇ ਸੱਜਾ ਹੱਥ ਸਮਝੇ ਜਾਂਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ,ਜਿਲਾ ਕਾਂਗਰਸ ਦੇ ਐਕਟਿੰਗ ਪ੍ਰਧਾਨ ਰਾਜੀਵ ਲੂਬੀ, ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਰਜਨੀਸ਼ ਬਾਂਸਲ ਅਤੇ ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਸਮੇਤ ਬਰਨਾਲਾ, ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਬਹੁਤੇ ਕਾਂਗਰਸੀ ਕੌਂਸਲਰਾਂ ਨੇ ਮਨੀਸ਼ ਬਾਂਸਲ ਦੀ ਚੋਣ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮਨੀਸ਼ ਬਾਂਸਲ ਦੇ ਸਮਰਥਕ ਆਗੂਆਂ ਦਾ ਕਹਿਣਾ ਹੈ ਕਿ ਇਹ ਤਾਂ ਹੋਣਾ ਹੀ ਸੀ, ਜਦੋਂ ਕੇਵਲ ਸਿੰਘ ਢਿੱਲੋਂ ਪਾਰਟੀ ਦਾ ਹੁਕਮ ਮੰਨ ਕੇ, ਪਾਰਟੀ ਉਮੀਦਵਾਰ ਦੇ ਹੱਕ ਵਿੱਚ ਨਾ ਤੁਰ ਕੇ ਆਪਣੀ ਕੋਠੀ ਵਿੱਚ ਹੀ ਚੁੱਪ ਧਾਰੀ ਬੈਠੇ ਹਨ। ਇੱਕ ਟਕਸਾਲੀ ਕਾਂਗਰਸੀ ਆਗੂ ਨੇ ਦਬੀ ਜੁਬਾਨ ਵਿੱਚ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੂੰ ਚੋਣਾਂ ਤੋਂ ਸਿਰਫ 2 ਦਿਨ ਪਹਿਲਾਂ ਪਾਰਟੀ ਵਿੱਚੋਂ ਕੱਢ ਦੇਣ ਦਾ ਫੈਸਲਾ, ਪਾਰਟੀ ਦੀ ਕਾਰਗੁਜਾਰੀ ਤੇ ਬੁਰਾ ਅਸਰ ਜਰੂਰ ਪਾਵੇਗਾ।
ਕੇਵਲ ਢਿੱਲੋਂ ਨੂੰ ਕੱਢਣ ਦਾ ਫੈਸਲੇ ਨੇ ਖੜ੍ਹੇ ਕੀਤੇ ਕਈ ਸਵਾਲ
ਕੇਵਲ ਸਿੰਘ ਢਿੱਲੋਂ ਦੇ ਕਰੀਬੀ ਕਾਗਰਸੀਆਂ ਨੇ ਪਾਰਟੀ ਦੇ ਇਸ ਫੈਸਲੇ ਨੂੰ ਹੈਰਾਨ ਕਰਨ ਵਾਲਾ ਕਹਿੰਦਿਆਂ ਕਿਹਾ ਹੈ ਕਿ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਕਾ ਭਰਾ ਬੱਸੀ ਪਠਾਣਾਂ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਅਜਾਦ ਨਿੱਤਰਿਆ ਹੋਇਆ ਹੈ, ਇਸੇ ਤਰਾਂ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਬੇਟਾ ਸੁਲਤਾਨਪੁਰ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਚੋਣ ਲੜ ਰਿਹਾ ਹੈ। ਜਿੰਨਾਂ ਖਿਲਾਫ ਪਾਰਟੀ ਨੇ ਕੋਈ ਐਕਸ਼ਨ ਹਾਲੇ ਤੱਕ ਨਹੀਂ ਲਿਆ।