2 ਹਲਕਿਆਂ ਦੇ ਲੋਕਾਂ ਨੂੰ ਬੁਲਾ ਕੇ ਵੀ ਨਹੀਂ ਹੋਇਆ ਉਮੀਦ ਜਿੰਨਾਂ ਇਕੱਠ
ਹਰ ਇੱਕ ਬੱਸ ‘ਚ ਲਿਆਂਦੇ ਲੋਕਾਂ ਨੂੰ ਦਿੱਤੇ 4/4 ਸ਼ਰਾਬ ਦੇ ਡੱਬੇ !
ਹਰਿੰਦਰ ਨਿੱਕਾ , ਬਰਨਾਲਾ 12 ਫਰਵਰੀ 2022
ਵਿਧਾਨ ਸਭਾ ਹਲਕਾ ਬਰਨਾਲਾ ਅਤੇ ਭਦੌੜ ਦੀ ਹੱਦ ਤੇ ਪੈਂਦੇ ਹੰਡਿਆਇਆ ਵਿਖੇ ਲੰਘੀ ਦੇਰ ਸ਼ਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਜਸੀ ਰੈਲੀ ਵਿੱਚ ਦੋ ਹਲਕਿਆਂ ਵਿੱਚੋਂ ਬੱਸਾਂ ਰਾਹੀਂ ਢੋਅ ਕੇ ਲਿਆਂਦੇ ਲੋਕਾਂ ਨਾਲ ਵੀ ਪ੍ਰਬੰਧਕਾਂ ਦੀ ਉਮੀਦ ਅਨੁਸਾਰ ਇਕੱਠ ਨਾ ਹੋ ਸਕਿਆ। ਮੰਚ ਤੇ ਲੀਡਰਾਂ ਦੀ ਭੀੜ ਰਹੀ, ਜਦੋਂਕਿ ਪੰਡਾਲ ਵਿੱਖ ਪਿਛਲੇ ਪਾਸੇ ਖਾਲੀ ਕੁਰਸੀਆਂ ਲੋਕਾਂ ਦਾ ਇੰਤਜਾਰ ਕਰਦੀਆਂ ਰਹੀਆਂ। ਇਕੱਠ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਲੋਕ ਸ਼ਰਾਬੀ ਹਾਲਤ ਵਿੱਚ ਲਲਕਾਰੇ ਤੇ ਸੀਟੀਆਂ ਮਾਰਦੇ ਅਤੇ ਡਿੱਕ ਡੋਲੇ ਖਾਂਦੇ ਦਿਖੇ। ਬੱਸਾਂ ਵਿੱਚ ਆਏ ਲੋਕਾਂ ਨੇ ਦੱਸਿਆ ਕਿ ਹਰ ਇੱਕ ਬੱਸ ਵਿੱਚ ਆਏ ਬੰਦਿਆਂ ਲਈ ਲਾਲ ਪਰੀ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਸੀ। ਰੈਲੀ ਵਿੱਚ ਪਹੁੰਚਣ ਤੱਕ ਹੀ ਬਹੁਤਿਆਂ ਨੇ 2 /2 ਲੰਡੂ ਜਿਹੇ ਪੈਗ ਲਾ ਲਈ। ਉਨਾਂ ਦੱਸਿਆ ਕਿ ਹਰ ਇੱਕ ਬੱਸ ਵਿੱਚ ਆਏ ਬੰਦਿਆਂ ਲਈ 4/4 ਸ਼ਰਾਬ ਦੇ ਡੱਬੇ ਪਹਿਲਾਂ ਹੀ ਧਰ ਦਿੱਤੇ ਸਨ। ਬਹੁਤਿਆਂ ਨੇ ਪੁੱਛਣ ਤੇ ਕਿਹਾ ਕਿ ਉਹ ਵੋਟਾਂ ਤਾਂ ਝਾੜੂ ਵਾਲਿਆਂ ਨੂੰ ਪਾਉਣਗੇ, ਪਰ ਹੁਣ ਪਿੰਡਾਂ ਦੇ ਮੋਹਤਬਰ ਬੰਦੇ ਸਾਨੂੰ ਇਹ ਕਹਿ ਕੇ ਲਿਆਏ ਸਨ ਕਿ ਤੁਸੀਂ ਰੈਲੀ ਵਿੱਚ ਸਾਡੇ ਨਾਲ ਚੱਲੋ,ਵੋਟਾਂ ਜੀਹਨੂੰ ਮਰਜੀ ਪਾ ਦਿਉ। ਬਰਨਾਲਾ ਦੇ ਵੱਖ ਵੱਖ ਵਾਰਡਾਂ ਅਤੇ ਖੁੱਡੀ ਕਲਾਂ, ਧਨੌਲਾ ਖੁਰਦ ਤੇ ਛੰਨਾ, ਭੈਣੀ ਤੋਂ ਰੈਲੀ ਵਿੱਚ ਆਏ ਲੋਕਾਂ ਨੇ ਕਿਹਾ, ਮੁੱਖ ਮੰਤਰੀ ਸਾਬ੍ਹ! ਤੁਸੀਂ ਤਾਂ ਕਹਿੰਦੇ ਹੋ, ਕਿ ਤੁਸੀਂ ਸਾਡੇ ਵਿੱਚੋਂ ਹੋ, ਥੋਡੇ, ਨੇੜੇ ਸਾਨੂੰ ਗਰੀਬ ਲੋਕਾਂ ਨੂੰ ਕੋਈ ਫਟਕਣ ਨਹੀਂ ਦਿੰਦਾ, ਜੇ ਅੱਜ ਵੋਟਾਂ ਵੇਲੇ ਆਹ ਹਾਲ ਐ ਤਾਂ ਫਿਰ ਬਾਅਦ ਵਿੱਚ ਕੀਹਨੇ ਮਿਲਣ ਦੇਣਾ ਹੈ। ਲੋਕਾਂ ਵਿੱਚ ਇਹ ਵੀ ਰੋਸ ਦੇਖਣ ਨੂੰ ਮਿਲਿਆ ਕਿ ਉਹ ਇੱਕ ਵਾਰ ਪੰਡਾਲ ਵਿੱਚ ਬਹਿ ਤਾਂ ਗਏ, ਫਿਰ ਪੁਲਿਸ ਵਾਲਿਆਂ ਨੂੰ ਉਨਾਂ ਨੂੰ ਮੁੱਖ ਮੰਤਰੀ ਦੇ ਆ ਕੇ ਚਲੇ ਜਾਣ ਤੱਕ, ਬਾਹਰ ਹੀ ਨਹੀਂ ਨਿੱਕਲਣ ਦਿੱਤਾ।
ਲੋਕਾਂ ਦੀ ਫੋਕੀ ਵਾਹ ਵਾਹ ਤੇ ਹਮਦਰਦੀ ਖੱਟਣ ਲਈ ਹਮੇਸ਼ਾ ਕਾਹਲੇ ਪਏ ਰਹਿੰਦੇ ਮੁੱਖ ਮੰਤਰੀ ਚੰਨੀ ਨੇ ਜਦੋਂ ਮੰਚ ਤੋਂ ਭਾਸ਼ਣ ਸ਼ੁਰੂ ਕੀਤਾ ਤਾਂ ਇੱਕ ਮਜਦੂਰ ਮਲਕੀਤ ਸਿੰਘ ਭਦੌੜ ਨੇ ਉੱਚੀਂ ਅਵਾਜ ਵਿੱਚ ਕਿਹਾ, ਚੰਨੀ ਬਾਈ ਜੀ,ਮੈਂ ਆਹ ਹਾਰ ਥੋਡੇ ਪਾਉਣ ਲਈ ਲੈ ਕੇ ਆਇਆ ਸੀ, ਪਰ ਕਿਸੇ ਨੇ ਥੋਡੇ ਤੱਕ ਪਹੁੰਚਣ ਹੀ ਨਹੀਂ ਦਿੱਤਾ।ਫਿਰ ਚੰਨੀ ਸਾਬ੍ਹ ਨੇ, ਉਸ ਨੂੰ ਕੋਲ ਬੁਲਾਉਣ ਦੀ ਬਜਾਏ, ਉਸ ਤੋਂ ਹਾਰ ਆਪਣੇ ਬੰਦਿਆਂ ਰਾਹੀਂ ਮੰਗਵਾ ਕੇ ਆਪਣੇ ਗਲ ਵਿੱਚ ਆਪੇ ਹੀ ਪਾ ਕੇ ਕਿਹਾ, ਲੈ ਬਈ ਹੁਣ ਤਾਂ ਖੁਸ਼ ਐ। ਫਿਰ ਭਾਸ਼ਣ ਦੇ ਦੌਰਾਨ ਹੀ ਇੱਕ ਨੌਜਵਾਨ ਆਪਣੇ ਹੱਥੀਂ ਤਿਆਰ ਕੀਤੀ, ਚਰਨਜੀਤ ਸਿੰਘ ਚੰਨੀ ਦੀ ਫੋਟੋ ਉਨ੍ਹਾਂ ਨੂੰ ਭੇਂਟ ਕਰਨ ਲਈ ਪੰਡਾਲ ਵਿੱਚ ਲਹਿਰਾਉਣ ਲੱਗ ਪਿਆ, ਜਿਸਨੂੰ ਚੰਨੀ ਨੇ ਸਟੇਜ ਤੇ ਲਾ ਲਿਆ ਅਤੇ ਫੋਟੋ ਵੀ ਲੈ ਕੇ, ਉਸ ਦਾ ਧੰਨਵਾਦ ਵੀ ਕੀਤਾ। ਇੱਨ੍ਹੇ ਵਿੱਚ ਹੀ, ਇੱਕ ਔਰਤ ਟੀਨੀ ਭੱਟੀ ਨੇ ਠਪੰਡਾਡ ਵਿੱਚੋਂ, ਉੱਚੀ ਅਵਾਜ ਵਿੱਚ ਕਿਹਾ, ਚੰਨੀ ਸਾਬ੍ਹ, ਇੱਕ ਵਾਰਦਾਤ ਹੋ ਗਈ, ਜਦੋਂ ਚੰਨੀ ਸਾਬ੍ਹ ਨੇ, ਪੁੱਛਿਆ ਕੀਤ ਤਾਂ ਅੱਗੋਂ ਜੁਆਬ ਮਿਲਿਆ ਕਿ ਤੁਸੀਂ ਕਹਿੰਦੇ ਹੋ, ਗਰੀਬਾਂ ਦੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ, ਪਾਹ ਅੱਜ ਉਨਾਂ ਦੇ ਘਰਾਂ ਕੋਲੋਂ ਬਿਜਲੀ ਵਾਲੇ, ਗਰੀਬ ਪਰਿਵਾਰ ਦੇ ਘਰ ਦਾ ਮੀਟਰ ਪੁੱਟ ਕੇ ਲੈ ਗਏ। ਇਸ ਗੱਲ ਦਾ ਜੁਆਬ ਦੇਣ ਤੋਂ ਟਾਲਾ ਵੱਟਦਿਆਂ ਮੁੱਖ ਮੰਤਰੀ ਨੇ ਕਿਹਾ, ਕੋਈ ਨਹੀਂ ਤੁਸੀਂ ਬਹਿ ਜਾਉ, ਫਿਰ ਗੱਲ ਕਰਦੇ ਹਾਂ।
ਚੰਨੀ ਨੇ ਕਿਹਾ! ਮੈਂ ਭਗਵੰਤ ਮਾਨ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੁਆਰਾ ਉਨਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੀਆਂ ਗੱਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਮੈਂ ਭਗਵੰਤ ਮਾਨ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ ਹੈ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਅਨਪੜ੍ਹ ਬੰਦਾ ਹੈ, ਤੇ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਬਹੁਤ ਪੜ੍ਹਿਆ ਲਿਖਿਆ ਹੈ। ਜੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤਾਂ ਕੇਜਰੀਵਾਲ, ਉਸ ਤੋਂ ਦਿੱਲੀ ਤੇ ਹਰਿਆਣੇ ਦੇ ਹਿੱਤਾਂ ਵਾਲੇ ਕਾਗਜਾਂ ਤੇ ਦਸਤਖਤ ਕਰਵਾ ਕੇ ਸਭ ਕੁਝ ਲੈ ਜਾਣਗੇ।
ਕਿਆ ਬਾਤਾਂ ਚੰਨੀ ਦੀਆਂ , ਪਹਿਲਾਂ ਕਿਹਾ ! ਕੇਵਲ ਢਿੱਲੋਂ ਨੂੰ ਹੁਣ ਕਹਿੰਦਾ ਮਨੀਸ਼ ਨੂੰ ਬਣਾਉ ਮੰਤਰੀ ਇਸ ਮੌਕੇ, ਚੰਨੀ ਨੇ ਬਰਨਾਲਾ ਤੋਂ ਉਮੀਦਵਾਰ ਮਨੀਸ਼ ਬਾਂਸਲ ਅਤੇ ਭਦੌੜ ਹਲਕੇ ਤੋਂ ਆਪਣੇ ਲਈ ਵੋਟਾਂ ਮੰਗੀਆ। ਉਨਾਂ ਕਿਹਾ ਕਿ ਤੁਸੀਂ ਮਨੀਸ਼ ਨੂੰ ਐਮ.ਐਲ.ਏ. ਬਣਾ ਦਿਉ, ਮੰਤਰੀ ਮੈਂ ਬਣਾ ਦਿਆਂਗਾ। ਇਹ ਸੁਣਦਿਆਂ ਪੰਡਾ ਵਿੱਚ ਬੈਠੇ ਕੁੱਝ ਕਾਂਗਰਸੀਆਂ ਨੇ ਹੀ ਤੰਜ ਕਸਦਿਆਂ ਕਿਹਾ, ਤੁਸੀਂ ਕਰੀਬ ਇੱਕ ਮਹੀਨਾ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਵੀ ਮੰਤਰੀ ਬਣਾਉਣ ਦੀ ਗੱਲ ਕਹੀ ਸੀ, ਪਰ ਉਨਾਂ ਦੀ ਤਾਂ ਟਿਕਟ ਹੀ ਕੱਟ ਦਿੱਤੀ, ਵੇਖਿਉ ਕਿਤੇ, ਹੁਣ ਮਨੀਸ਼ ਦਾ ਵੀ ਪੱਤਾ ਹੀ ਨਾ ਕਟਵਾ ਦਿਉ। ਇਸ ਮੌਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਅਗਰਵਾਲ ਭਲਾਈ ਬੋਰਡ ਪੰਜਾਬ ਦੇ ਡਾਇਰੈਕਟਰ/ਮੈਂਬਰ ਮਹੇਸ਼ ਲੋਟਾ, ਉੱਘੇ ਟਰਾਂਸਪੋਰਟਰ ਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਕਾਂਗਰਸੀ ਆਗੂ ਕੁਲਦੀਪ ਤਾਜ਼ਪੁਰੀਆ , ਵਪਾਰੀ ਆਗੂ ਅਨਿਲ ਨਾਣਾ ਅਤੇ ਹੋਰ ਆਗੂ ਵੀ ਹਾਜ਼ਿਰ ਰਹੇ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੇਵਲ ਸਿੰਘ ਢਿੱਲੋਂ ਦੇ ਕਰੀਬੀ ਅਸ਼ਵਨੀ ਕੁਮਾਰ ਆਸ਼ੂ , ਕਾਂਗਰਸ ਦੀ ਸਾਬਕਾ ਜਿਲਾ ਪ੍ਰਧਾਨ ਰੂਪੀ ਕੌਰ ਅਤੇ ਕੁੱਝ ਹੋਰ ਆਗੂਆਂ ਦੀ ਗੈਰਹਾਜ਼ਰੀ ਰੈਲੀ ਵਿੱਚ ਰੜਕਦੀ ਰਹੀ।