ਹਲਕੇ ਦੇ ਨੋਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ – ਬਿਕਰਮ ਚਹਿਲ
ਰਿਚਾ ਨਾਗਪਾਲ, ਪਟਿਆਲਾ ,9 ਫਰਵਰੀ 2022
ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਲਗਾਤਾਰ ਲੋਕਾਂ ਤੱਕ ਆਪਣੀ ਪਹੁੰਚ ਬਣਾ ਰਹੇ ਹਨ ਅਤੇ ਇਸ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਲੋਕ ਹੱਥ ਖੜ੍ਹੇ ਕਰਕੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਵੀ ਕਰ ਰਹੇ ਹਨ। ਬਿਕਰਮ ਚਹਿਲ ਨੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਵਾਅਦਾ ਕੀਤਾ ਕਿ ਉਹਨਾਂ ਵੱਲੋਂ ਹਲਕੇ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਔਰਤਾਂ ਲਈ ਮੁਫਤ ਸਿਲਾਈ ਕਢਾਈ ਸੈਂਟਰ ਖੁਲ੍ਹਵਾਉਣਗੇ ਅਤੇ ਨਾਲ ਹੀ ਇਲਾਕੇ ਦੀਆਂ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਹਲਕੇ ਵਿੱਚ ਸਰਕਾਰ ਵੱਲੋਂ ਕਾਲਜ ਖੋਲ੍ਹਣ ਦਾ ਉਪਰਾਲਾ ਵੀ ਕਰਨਗੇ। ਇਸ ਦੇ ਨਾਲ ਹੀ ਹਲਕੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁੱਹਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਿਕਰਮ ਚਹਿਲ ਨੇ ਕਿਹਾ ਕਿ ਉਹ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਲਕੇ ਵਿੱਚ ਉਦਯੋਗਾਂ ਅਤੇ ਫੈਕਟਰੀਆਂ ਲਿਆਉਣ ਲਈ ਵੀ ਦਿਨ ਰਾਤ ਕੰਮ ਕਰਨਗੇ। ਇਸ ਦੌਰਾਨ ਹਲਕੇ ਦੇ ਪਿੰਡਾਂ ਦੀਆਂ ਔਰਤਾਂ ਤੇ ਨੌਜਵਾਨਾਂ ਵੱਲੋਂ ਬਿਕਰਮ ਚਹਿਲ ਨੂੰ ਭਾਰੀ ਬਹੁਮਤ ਨਾਲ ਜਿਤਵਾਉਣ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ।