ਜਨਰਲ ਅਬਜ਼ਰਵਰ ਸੁਬੋਧ ਯਾਦਵ ਵੱਲੋਂ ਚੋਣ ਮਸਕਟ ‘ਸ਼ੇਰਾ’ ਲਾਂਚ
ਪਰਦੀਪ ਕਸਬਾ ,ਸੰਗਰੂਰ, 9 ਫਰਵਰੀ:2022
ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਨੇ ਸ਼ੇਰ ਨੂੰ ਦਰਸਾਉਂਦਾ ਆਪਣਾ ਚੋਣ ਮਸਕਟ ‘ਸ਼ੇਰਾ` ਲਾਂਚ ਕੀਤਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਜਨਰਲ ਅਬਜ਼ਰਵਰ ਸ਼੍ਰੀ ਸੁਬੋਧ ਯਾਦਵ ਵੱਲੋਂ ਚੋਣ ਮਸਕਟ ‘ਸ਼ੇਰਾ` ਲਾਂਚ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਾਜੈਕਟ ਤਹਿਤ ਪ੍ਰਚਾਰਿਤ ਮਸਕਟ ਦਾ ਉਦੇਸ਼ ਵੋਟਰ ਜਾਗਰੂਕਤਾ ਅਤੇ ਚੋਣਾਂ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਵੀਪ ਯੋਜਨਾ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ `ਤੇ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਵਿਆਪਕ ਤੌਰ `ਤੇ ਪ੍ਰਸਾਰਿਤ ਕਰਨ ਤੋਂ ਇਲਾਵਾ ਚੋਣ ਮਸਕਟ, ‘ਸ਼ੇਰਾ’ ਦੇ ਪੋਸਟਰ, ਤਸਵੀਰਾਂ ਅਤੇ ਵੱਡੇ ਆਕਾਰ ਦੇ ਕੱਟ-ਆਊਟਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਖਾਸ ਤੌਰ `ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗਾ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਉਹ ਆਪਣੀ ਵੋਟ ਜ਼ਰੂਰ ਪਾਉਣ ਤਾਂ ਜੋ ਜ਼ਿਲ੍ਹੇ ਵਿੱਚ 100 ਫੀਸਦੀ ਵੋਟਿੰਗ ਹੋ ਸਕੇ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।