ਸਰਕਾਰ ਨਾ ਹੋਣ ਤੇ ਬੀਜੇਪੀ ਨੇ ਪੰਜਾਬ ‘ਚ ਰਿਕਾਰਡ ਤੋੜ ਵਿਕਾਸ ਕਰਵਾਇਆ,ਸਰਕਾਰ ਆਈ ਤਾਂ ਵਿਕਾਸ ਦੀ ਹਨੇਰੀ ਲਿਆਵਾਂਗੇ : ਰਾਣਾ ਸੋਢੀ
- ਆਮ ਆਦਮੀ ਪਾਰਟੀ ਦੀ ਲੀਡਰ ਲੈਸ ਤੇ ਵਿਜ਼ਨ ਰਹਿਤ ਪਾਰਟੀ, ਪੰਜਾਬੀਆਂ ਨੂੰ ਮੁਫ਼ਤ ਦੇ ਸੁਪਨੇ ਦਿਖਾ ਕੇ ਗੁੰਮਰਾਹ ਕਰ ਰਹੀ ਹੈ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 6 ਫਰਵਰੀ 2022
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਫਿਰੋਜ਼ਪੁਰ ਵਿੱਚ ਕਰੋੜਾਂ ਦੀ ਲਾਗਤ ਨਾਲ ਵਿਕਾਸ ਕਰਵਾਇਆ ਹੈ ਅਤੇ ਜੇਕਰ ਭਾਜਪਾ ਉਮੀਦਵਾਰ ਜਿੱਤਦਾ ਹੈ ਅਤੇ ਸਰਕਾਰ ਆਉਂਦੀ ਹੈ ਤਾਂ ਇੱਥੇ ਕੇਂਦਰੀ ਯੋਜਨਾਵਾਂ ਅਤੇ ਵਿਕਾਸ ਦੀ ਹਨੇਰੀ ਲਿਆ ਦਿਆਂਗੇ। ਉਨ੍ਹਾਂ ਕਿਹਾ ਕਿ ਵਿਰੋਧੀ ਕੇਂਦਰ ਦੇ ਪ੍ਰੋਜੈਕਟ ‘ਤੇ ਆਪਣੀ ਮੋਹਰ ਲਗਾ ਕੇ ਝੂਠਾ ਮਾਣ ਬਟੋਰਨ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੀ.ਜੀ.ਆਈ., ਏਅਰਪੋਰਟ ਦੇ ਝੂਠੇ ਸੁਪਨੇ ਦਿਖਾ ਕੇ ਦਸ ਸਾਲ ਸੁੱਖ ਭੋਗਣ ਵਾਲੇ ਲੋਕ ਹੁਣ ਵੋਟਾਂ ਲਈ ਭਟਕ ਰਹੇ ਹਨ। ਸੋਢੀ ਨੇ ਕਿਹਾ ਕਿ ਲੋਕਾਂ ਨੂੰ ਝੂਠੇ ਵਾਅਦੇ ਕਰਨ ਵਾਲਿਆਂ ਦੀ ਸੱਚਾਈ ਪਤਾ ਲੱਗ ਗਈ ਹੈ ਅਤੇ ਹੁਣ ਲੋਕ ਭਾਜਪਾ ਨੂੰ ਪੰਜਾਬ ਦੀ ਸੱਤਾ ‘ਚ ਲਿਆਉਣ ਦਾ ਮਨ ਬਣਾ ਚੁੱਕੇ ਹਨ।
ਰਾਣਾ ਸੋਢੀ ਨੇ ਦੌਲਤ ਪੁਰਾ, ਇਲਮੇਵਾਲਾ, ਅਲੀਵਾਲਾ, ਕਾਲੂਵਾਲਾ, ਕਮਾਲਵਾਲਾ, ਚੰਦੀਵਾਲਾ, ਜੈਮਲਵਾਲਾ, ਕੁਤੁਬਦੀਨਵਾਲਾ, ਕਾਲੇ ਕੇ ਹਿਥਾੜ, ਬੰਡਾਲਾ ਸਣੇ ਡਾ. ਮਦਨ ਮੋਹਨ ਚੌਕ, ਮੁਲਤਾਨੀ ਗੇਟ, ਰਾਜਗੁਰੂ ਨਗਰ, ਬੋਰੀਆ ਵਾਲੀ ਬਸਤੀ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਕਈ ਕਾਂਗਰਸੀ, ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰਾਂ ਨੂੰ ਵੀ ਭਾਜਪਾ ਵਿੱਚ ਸ਼ਾਮਲ ਕਰਵਾਇਆ। ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਸਿਰਫ਼ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਂਦੀਆਂ ਹਨ, ਪਰ ਭਾਜਪਾ ਵਿੱਚ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾ ਸਕਦੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਲੀਡਰਸ਼ਿਪ ਰਹਿਤ ਅਤੇ ਵਿਜਨਲੇਸ ਪਾਰਟੀ ਹੈ। ਜਿਨ੍ਹਾਂ ਨੂੰ ਪੰਜਾਬ ਚੋਣਾਂ ਦੇ ਦਿਨਾਂ ਵਿੱਚ ਹੀ ਯਾਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਹੀ ਅਜਿਹੀ ਪਾਰਟੀ ਹੈ, ਜਿਸ ‘ਤੇ ਹੁਣ ਤੱਕ ਲੱਖਾਂ-ਕਰੋੜਾਂ ਲੈ ਕੇ ਟਿਕਟਾਂ ਦੇਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਲੋਕਾਂ ਨੂੰ ਮੁਫ਼ਤ ਦੇ ਸੁਪਨੇ ਦਿਖਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਵਿੱਚ ਮਿਲ ਰਹੀਆਂ ਸਹੂਲਤਾਂ ਮਹਿਜ਼ ਇੱਕ ਡਰਾਮਾ ਹੈ ਅਤੇ ਮੁਹੱਲਾ ਕਲੀਨਿਕ ਬੰਦ ਹੋਣ ਕਿਨਾਰੇ ਹਨ।
ਸੋਢੀ ਨੇ ਕਿਹਾ ਕਿ ਕਿਸੇ ਵੀ ਖੇਤਰ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਸਭ ਤੋਂ ਵੱਧ ਜ਼ਰੂਰੀ ਹਨ, ਪਰ ਫਿਰੋਜ਼ਪੁਰ ਵਿਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਅਤੇ ਚੰਗੀਆਂ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ। ਸਥਾਨਕ ਵਿਧਾਇਕ ਦਾ ਧਿਆਨ ਹਸਪਤਾਲ ਵਿੱਚ ਇਮਾਰਤਾਂ ਬਣਾਉਣ ਵੱਲ ਹੀ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ 5 ਜਨਵਰੀ ਨੂੰ ਪੀ.ਜੀ.ਆਈ. ਦਾ ਨੀਂਹ ਪੱਥਰ ਰੱਖਣ ਸਮੇਤ ਅਰਬਾਂ ਰੁਪਏ ਦੇ ਪ੍ਰਾਜੈਕਟ ਨੂੰ ਪੰਜਾਬ ਤੱਕ ਪਹੁੰਚਾਉਣ ਲਈ ਪੰਜਾਬ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਕਰਕੇ ਕਾਫਲੇ ਨੂੰ ਰੋਕਣਾ ਪੰਜਾਬ ਦੀ ਕਾਂਗਰਸ ਸਰਕਾਰ ਦੀ ਘਿਨਾਉਣੀ ਸਾਜ਼ਿਸ਼ ਹੈ ਅਤੇ ਜਨਤਾ ਇਸ ਤੋਂ ਚੰਗੀ ਤਰ੍ਹਾਂ ਜਾਣੂ ਹੈ।