ਵੱਡੇ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ, ਛੋਟੇ ਜਿਹੇ ਇਕੱਠ ਵਿੱਚ ਹੋਏ ਕਾਂਗਰਸ ‘ਚ ਸ਼ਾਮਿਲ
ਮੁੱਖ ਮੰਤਰੀ ਚੰਨੀ ਨੇ ਕਿਹਾ 70 ਸਾਲ ਵਿੱਚ ਨਹੀਂ ਹੋਇਆ ਹਲਕੇ ਦਾ ਕੋਈ ਵਿਕਾਸ
ਹਰਿੰਦਰ ਨਿੱਕਾ, ਬਰਨਾਲਾ 4 ਫਰਵਰੀ 2022
ਇੱਕ ਸੁਰੱਖਿਅਤ ਹਲਕੇ ਦੀ ਉਮੀਦ ਨਾਲ ਭਦੌੜ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰਣ ਵਾਲੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਵੱਲੋਂ ਕੀਤੀ ਅੱਜ ਦੀ ਸਿਆਸੀ ਫੇਰੀ, ਲੋਕਾਂ ਦੇ ਹੁੰਗਾਰੇ ਪੱਖੋਂ ਕਾਫੀ ਫਿੱਕੀ ਰਹੀ। ਇਸ ਦਾ ਅਸਰ, ਖੁਦ ਚੰਨੀ ਦੇ ਚਿਹਰੇ ਦੀ ਸ਼ਿਕਨ ਤੋਂ ਸਾਫ ਪੜ੍ਹਿਆ ਜਾ ਰਿਹਾ ਸੀ। ਮੁੱਖ ਮੰਤਰੀ ਚੰਨੀ ਆਪਣੀ ਮੁਹਿੰਮ ਦੀ ਸ਼ੁਰੂਆਤ ਹਲਕੇ ਦੇ ਪਿੰਡ ਕਾਲੇਕੇ ਤੋਂ ਆਰੰਭ ਕਰਕੇ, ਅਸਪਾਲ ਕਲਾਂ, ਪੱਖੋ ਕੈਂਚੀਆਂ ਤੋਂ ਢਿੱਲਵਾਂ ਵਿਖੇ ਪਹੁੰਚੇ। ਸਾਰੀਆਂ ਚੋਣ ਰੈਲੀਆਂ ਵਿੱਚ ਉਨ੍ਹਾਂ ਦੇ ਨਾਲ ਚੱਲ ਰਹੇ ਲੀਡਰਾਂ ਦੇ ਮੁਕਾਬਲੇ, ਆਮ ਲੋਕਾਂ ਦੀ ਭੀੜ ਘੱਟ ਦਿਖੀ। ਪੱਖੋ ਕੈਂਚੀਆਂ ਵਿਖੇ ਚੋਣ ਰੈਲੀ ਵਿੱਚ ਚੰਨੀ ਨੂੰ ਲੋਕਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਹਰ ਸਟੇਜ਼ ਤੋਂ ਮੁੱਖ ਮੰਤਰੀ ਚੰਨੀ ਨੇ ਇੱਕੋ ਗੱਲ ਦੁਹਰਾਈ ਕਿ ਭਦੌੜ ਹਲਕੇ ਦਾ ਪਿਛਲੇ 70 ਸਾਲਾਂ ਅੰਦਰ ਕੋਈ ਵਿਕਾਸ ਨਹੀਂ ਹੋਇਆ। ਅਜਿਹਾ ਕਹਿੰਦੇ ਹੋਏ ਚੰਨੀ ਇਹ ਗੱਲ ਵੀ ਭੁੱਲ ਗਏ ਕਿ 70 ਸਾਲਾਂ ਦੇ ਸਮੇਂ ਵਿੱਚ ਬਹੁਤਾ ਸਮਾਂ ਦੇਸ਼ ਅਤੇ ਪ੍ਰਦੇਸ਼ ਅੰਦਰ ਕਾਂਗਰਸ ਪਾਰਟੀ ਦਾ ਹੀ ਰਾਜ ਰਿਹਾ ਹੈ। ਚੰਨੀ ਨੇ ਜਦੋਂ ਸਟੇਜ ਤੋਂ ਕਿਹਾ ਕਿ ਹੁਣ 70 ਸਾਲ ਤੋਂ ਸੱਤਾ ਤੇ ਕਾਬਿਜ ਰਹਿਣ ਵਾਲਿਆਂ ਨੂੰ ਵੋਟਾਂ ਪਾਉਣ ਦੀ ਗਲਤੀ ਨਾ ਕਰਿਉ, ਅਜਿਹਾ ਸੁਣ ਕੇ ਪੰਡਾਲ ਵਿੱਚ ਬੈਠੇ ਆਮ ਲੋਕ ਕਹਿੰਦੇ ਸੁਣੇ ਗਏ ਕਿ ਚੰਨੀ ਸਾਬ੍ਹ ! ਥੋੜ੍ਹਾ ਆਪਣੀ ਪੀੜੀ ਹੇਠਾਂ ਵੀ ਸੋਟਾ ਮਾਰ ਲਉ ਕਿ ਤੁਸੀਂ ਵੀ 70 ਸਾਲਾਂ ਦੇ ਦੌਰਾਨ ਬਹੁਤਾ ਸਮਾਂ ਰਾਜ ਕਰਨ ਵਾਲੀ ਧਿਰ ਦੇ ਹੀ ਤੁਸੀਂ ਉਮੀਦਵਾਰ ਹੋ।
ਰੈਲੀਆਂ ‘ਚ ਲੀਡਰਾਂ ਦੀ ਭਰਮਾਰ, ਪਰ ਲੋਕੀ ਦਰਕਿਨਾਰ !
ਮੁੱਖ ਮੰਤਰੀ ਚੰਨੀ ਦਾ ਸੁਰੱਖਿਆ ਘੇਰਾ, ਆਮ ਲੋਕਾਂ ਤੋਂ ਉਨ੍ਹਾਂ ਦੀ ਦੂਰੀ ਬਣਾ ਕੇ ਰੱਖ ਰਿਹਾ ਹੈ। ਜਿਸ ਕਾਰਣ, ਲੋਕਾਂ ਵਿੱਚ ਕਾਫੀ ਨਰਾਜਗੀ ਵੀ ਉੱਭਰ ਕੇ ਆਉਣੀ ਸ਼ੁਰੂ ਹੋ ਗਈ ਹੈ। 6 ਪੰਚਾਇਤਾਂ ਵੱਲੋਂ ਪਿੰਡ ਢਿੱਲਵਾਂ ਵਿਖੇ ਰੱਖੀ ਚੋਣ ਰੈਲੀ ਵਿੱਚ ਕਰੀਬ ਦੋ, ਢਾਈ ਕੁ ਸੌ ਲੋਕਾਂ ਦਾ ਇਕੱਠ ਕੀਤਾ ਗਿਆ ਸੀ। ਪਰੰਤੂ ਚੰਨੀ ਦਿੱਤੇ ਹੋਏ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਚੋਣ ਰੈਲੀ ਵਿੱਚ ਪਹੁੰਚੇ, ਜਿਸ ਕਾਰਣ ਬਹੁਤੇ ਲੋਕ ਆਪਣੇ ਘਰਾਂ ਨੂੰ ਜਾਣ ਦੀ ਜਿੱਦ ਕਰਨ ਲੱਗੇ, ਪਰੰਤੂ ਪ੍ਰਬੰਧਕ ਉਨ੍ਹਾਂ ਨੂੰ ਬੱਸ ਅੱਧਾ ਘੰਟਾ ਹੋਰ, ਅੱਧਾ ਘੰਟਾ ਹੋਰ ਬੈਠ ਜਾਣ ਦੀ ਮਿੰਨਤਾਂ ਕਰਦੇ ਦਿਖੇ। ਜਦੋਂ ਮੁੱਖ ਮੰਤਰੀ ਪਹੁੰਚੇ ਤਾਂ ਸੁਰੱਖਿਆ ਘੇਰੇ ਕਾਰਣ, ਉਹ ਤਿੰਨ ਘੰਟਿਆਂ ਤੋਂ ਇੰਤਜਾਰ ਕਰਦੇ, ਲੋਕਾਂ ਨੂੰ ਮਿਲੇ ਬਿਨਾਂ ਹੀ ਮੰਚ ਤੇ ਜਾ ਬੈਠੇ। ਬਜੁਰਗ ਔਰਤ ਗੁਰਦੇਵ ਕੌਰ ਅਤੇ ਚਰਨੋ ਕੌਰ ਨੇ ਕਿਹਾ, ਨਾਲੇ ਕਹਿੰਦੇ ਸੀ, ਮੁੱਖ ਮੰਤਰੀ ਗਰੀਬ ਲੋਕਾਂ ਵਿੱਚੋਂ ਹੈ, ਫਿਰ ਸਾਨੂੰ ਗਰੀਬਾਂ ਨੂੰ ਮਿਲਣ ਤੋਂ ਉਹ ਕਿਉਂ ਡਰਦੈ। ਉੱਧਰ ਮੰਚ ਅਤੇ ਪੰਡਾਲ ਵਿੱਚ ਲੀਡਰਾਂ ਦੀ ਭਰਮਾਰ ਰਹੀ, ਜਿਸ ਕਾਰਣ ਮੰਚ ਤੋਂ ਬਕਾਇਦਾ ਸਟੇਜ ਖਾਲੀ ਕਰਨ ਲਈ ਬੇਨਤੀ ਕੀਤੀ ਗਈ। ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋ, ਕਾਂਗਰਸ ਦੇ ਆਬਜਰਬਰ ਸੀਤਾ ਰਾਮ ਲਾਂਬਾ, ਨਗਰ ਕੌਂਸਲ ਤਪਾ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਆਦਿ ਆਗੂਆਂ ਨੂੰ ਖੜ੍ਹੇ ਹੀ ਰਹਿਣਾ ਪਿਆ।
ਇਸ ਮੌਕੇ ਅਕਾਲੀ ਦਲ ਦੀ ਟਿਕਟ ਤੇ 2 ਵਾਰ ਵਿਧਾਨ ਸਭਾ ਚੋਣ ਅਤੇ ਇੱਕ ਵਾਰ ਲੋਕ ਸਭਾ ਲੜ ਚੁੱਕੇ ਦਰਬਾਰਾ ਸਿੰਘ ਗੁਰੂ ਨੇ ਆਪਣੇ ਸਾਥੀਆਂ ਸਣੇ ਅਕਾਲੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ। ਇਸ ਮੌਕੇ ਦਰਬਾਰਾ ਸਿੰਘ ਗੁਰੂ ਤੋਂ ਇਲਾਵਾ ਸਾਬਕਾ ਐਮਪੀ ਧਰਮਵੀਰ ਗਾਂਧੀ ਨੇ ਵੀ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਨੀ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਮੰਚ ਤੋਂ ਲੱਗਦੇ ਨਾਅਰਿਆਂ ਦਾ ਜੁਆਬ ਸਿਰਫ ਮੁੱਠੀ ਭਰ ਅੱਗੇ ਬੈਠੇ ਆਗੂ ਹੀ ਜੁਆਬ ਦਿੰਦੇ ਰਹੇ। ਚੰਨੀ ਦੀ ਚੋਣ ਮੁਹਿੰਮ ਦੀ ਕਮਾਂਡ ਸੰਭਾਲ ਰਹੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਢਿੱਲਵਾਂ ਫੇਰੀ ਮੌਕੇ ਗੈਰਹਾਜਰੀ ਦੇ ਵੀ ਲੋਕ ਸਿਆਸੀ ਮਾਇਨੇ ਕੱਢਦੇ ਰਹੇ। ਲੋਕਾਂ ਦਾ ਕਹਿਣਾ ਸੀ ਕਿ ਇਸ ਥਾਂ ਦਰਬਾਰਾ ਸਿੰਘ ਗੁਰੂ ਦੇ ਸ਼ਾਮਿਲ ਹੋਣ ਕਾਰਣ ਹੀ ਮੁਹੰਮਦ ਸਦੀਕ ਨਹੀਂ ਪਹੁੰਚੇ। ਯਾਦ ਰਹੇ ਕਿ ਮੁਹੰਮਦ ਸਦੀਕ ਨੇ ਹੀ ਭਦੌੜ ਹਲਕੇ ਤੋਂ ਦਰਬਾਰਾ ਸਿੰਘ ਗੁਰੂ ਨੂੰ ਭਾਰੀ ਅੰਤਰ ਨਾਲ ਹਰਾ ਦਿੱਤਾ ਸੀ। ਬਾਅਦ ਵਿੱਚ ਗੁਰੂ ਨੇ ਸਦੀਕ ਦੀ ਚੋਣ , ਕਥਿਤ ਤੌਰ ਦੇ ਗਲਤ ਜਾਤੀ ਸਰਟੀਫਿਕੇਟ ਬਣਾਏ ਜਾਣ ਦਾ ਦੋਸ਼ ਲਾ ਕੇ ਰੱਦ ਕਰਨ ਲਈ ਸਦੀਕ ਨੂੰ ਉੱਚ ਅਦਾਲਤਾਂ ਦੇ ਚੱਕਰ ਲਾਉਣ ਨੂੰ ਮਜਬੂਰ ਕਰ ਦਿੱਤਾ ਸੀ।