ਦਲਿਤ ਹੋਣ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਨੇ ਨਹੀਂ ਦਲਿਤਾਂ ਦੀ ਬਾਂਹ-ਕੌਂਸਲਰ ਮੁੰਦਰੀ
ਹਰਿੰਦਰ ਨਿੱਕਾ, ਬਰਨਾਲਾ, 1 ਫਰਵਰੀ 2022
ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਮਨੀਸ਼ ਬਾਂਸਲ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਅੰਦਰੋ ਅੰਦਰੀ ਧੁੱਖ ਰਹੀ ਬਗਾਵਤ ਦੀ ਅੱਗ ਉਦੋਂ ਬਾਹਰ ਆ ਗਈ। ਜਦੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਧੜੇ ਨਾਲ ਸਬੰਧਤ ਨਗਰ ਕੌਂਸਲ ਧਨੌਲਾ ਦੇ ਤਿੰਨ ਕੌਂਸਲਰ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਕੌਂਸਲਰਾਂ ਨੂੰ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਹਲੀ ਨਾਲ ਸੱਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼ਾਮਲ ਕਰਵਾਇਆ।
ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ’ਚ ਲੰਘੀ ਕੱਲ੍ਹ ਕੇਵਲ ਸਿੰਘ ਢਿੱਲੋਂ ਦੇ ਘਰ ਸੱਦੇ ਇਕੱਠ ਵਿਚ ਮੰਚ ਤੋਂ ਸੰਬੋਧਨ ਕਰਨ ਵਾਲੇ ਸੁਖਵਿੰਦਰ ਸਿੰਘ ਮੁੰਦਰੀ, ਬਲਭੱਦਲ ਵਿਚ ਗੋਲਾ ਅਤੇ ਭਗਵਾਨ ਦਾਸ ਭਾਨਾ ਪ੍ਰਮੁੱਖ ਹਨ। ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਉਕਤ ਆਗੂਆਂ ਦਾ ਪਾਰਟੀ ਵਿਚ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਦੂਸਰੀਆਂ ਪਾਰਟੀਆਂ ਵਿਚ ਬੈਠੇ ਚੰਗੇ ਆਗੂਆਂ ਲਈ ਹਮੇਸ਼ਾਂ ਖੁੱਲ੍ਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਬਦਲਾਅ ਅਤੇ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ।
ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿਚ ਚੱਲ ਰਹੀ ਦਾਦੇ-ਪੋਤੇ ਵਾਲੀ ਰਾਜਨੀਤੀ ਤੋਂ ਖਫ਼ਾ ਹੋ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਕਾਂਗਰਸ ਵਿਚ ਮਿਹਨਤ ਕਰਨ ਵਾਲੇ ਵਰਕਰਾਂ ਦੀ ਕੋਈ ਕਦਰ ਨਹੀਂ ਅਤੇ ਮਨੀਸ਼ ਬਾਂਸਲ ਨੂੰ ਦਿੱਤੀ ਟਿਕਟ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੈਰਾਸ਼ੂਟ ਰਾਹੀਂ ਉਮੀਦਵਾਰ ਮੈਦਾਨ ਵਿਚ ਉਤਾਰਿਆ ਹੈ।
ਇੱਕ ਸਵਾਲ ਦੇ ਜਵਾਬ ਵਿਚ ਕੌਂਸਲਰ ਮੁੰਦਰੀ ਨੇ ਕਿਹਾ ਕਿ ਅਸੀਂ ਬੇਸ਼ੱਕ ਕੱਲ੍ਹ ਤੱਕ ਕੇਵਲ ਸਿੰਘ ਢਿੱਲੋਂ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ ਲੇਕਿਨ ਹੁਣ ਉਨ੍ਹਾਂ ਦੇ ਚੋਣ ਮੈਦਾਨ ਵਿਚ ਲਾਂਭੇ ਹੋ ਜਾਣ ਕਰ ਕੇ ਆਪਣਾ ਵੱਖਰਾ ਰਾਜਨੀਤਕ ਰਾਹ ਚੁਣ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਲਿਤ ਹੋਣ ਦੇ ਬਾਵਜੂਦ ਕਦੇ ਵੀ ਦਲਿਤਾਂ ਦੀ ਬਾਂਹ ਨਹੀਂ ਫੜੀ। ਚੰਨੀ ਵਲੋਂ ਕੀਤੇ ਗਏ ਐਲਾਨ ਦੇ ਬਾਵਜੂਦ ਲੋਕਾਂ ਨੂੰ ਵੱਡੇ-ਵੱਡੇ ਬਿਜਲੀ ਦੇ ਬਿੱਲ ਆ ਗਏ, ਲਾਲ ਲਕੀਨ ਅੰਦਰ ਮਾਲਕਾਨਾ ਹੱਕ ਦੇਣ ਸਬੰਧੀ ਕੋਈ ਨੋਟੀਫਿਕੇਸ਼ਨ ਨਗਰ ਕੌਂਸਲ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਸਬੰਧੀ ਕੋਈ ਅਮਲ ਹੀ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਹਰਗੋਬਿੰਦਰ ਸਿੰਘ ਬੱਗਾ, ਐਡਵੋਕੇਟ ਧੀਰਜ ਕੁਮਾਰ, ਨਿਰਮਲ ਸਿੰਘ ਜਾਗਲ, ਕੌਂਸਲਰ ਰੁਪਿੰਦਰ ਸਿੰਘ ਸ਼ੀਤਲ, ਕੌਂਸਲਰ ਮਲਕੀਤ ਸਿੰਘ, ਸੰਜੀਵ ਸ਼ਰਮਾ ਹਰੀਓਮ ਆਦਿ ਆਗੂ ਹਾਜ਼ਰ ਸਨ।