ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ’ਚ ਇਨਕਲਾਬੀ ਕੇਂਦਰ
- ਪੰਜਾਬ ਚਲਾਏਗਾ ਰਾਜ ਬਦਲੋ-ਸਮਾਜ ਬਦਲੋ ਮੁਹਿੰਮ-ਖੰਨਾ, ਦੱਤ
ਰਵੀ ਸੈਣ,ਬਰਨਾਲਾ 27 ਜਨਵਰੀ 2022
ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ” ਮੁਹਿੰਮ ਪੂਰੀ ਵਿਉਂਤ ਬੱਧ ਢੰਗ ਨਾਲ ਚਲਾਈ ਜਾਵੇਗੀ। ਇਸ ਮੁਹਿੰਮ ਦੇ ਵੱਖੋ ਵੱਖ ਪਹਿਲੂਆਂ ਸਬੰਧੀ ਵਿਚਾਰ ਚਰਚਾ ਕਰਨ ਲਈ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਥੀ ਕੰਵਲਜੀਤ ਖੰਨਾ ਨੇ ਦੱਸਿਆ ਕਿ ਪਾਰਲੀਮਾਨੀ/ਵਿਧਾਨ ਸਭਾਈ ਚੋਣਾਂ ਦੇ ਬੀਤੇ 75 ਸਾਲ ਦੇ ਇਤਿਹਾਸ ਉੱਪਰ ਭਖਵੀਂ ਬਹਿਸ ਵਿਚਾਰ ਚਰਚਾ ਹੋਈ ਕਿ ਕਿਵੇਂ ਹਰ ਰੰਗ ਦੀ ਪਾਰਲੀਮਾਨੀ ਪਾਰਟੀ ਵੱਲੋਂ ਵਾਰ-ਵਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਤੇ ਲਾਰੇ ਅਤੇ ਸਬਜ਼ਬਾਗ ਦਿਖਾਏ ਜਾਂਦੇ ਹਨ। ਪਰ ਹਕੂਮਤੀ ਗੱਦੀ ਸਾਂਭਣ ਤੋਂ ਬਾਅਦ ਉਹੀ ਵਾਅਦੇ ਲਾਰੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣ ਜਾਂਦੇ ਰਹੇ ਹਨ। ਸਿੱਟਾ ਇਹ ਨਿੱਕਲਿਆ ਹੈ ਕਿ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਹੈ। ਅਮੀਰ ਤੇ ਗਰੀਬ ਦਾ ਪਾੜਾ ਆਏ ਦਿਨ ਵਧ ਰਿਹਾ ਹੈ। ਹਕੂਮਤੀ ਗੱਦੀ ਉੱਪਰ ਕਿਸੇ ਵੀ ਰੰਗ ਦੀ ਪਾਰਲੀਮਾਨੀ ਪਾਰਟੀ ਕਬਜ਼ਾ ਕਰ ਲਵੇ, ਉਸ ਨੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਿਆਂ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਹੀ ਸੇਵਾ ਕੀਤੀ ਹੈ ਅਤੇ ਅਜਿਹਾ ਹੀ ਇੱਕ ਵਾਰ ਫਿਰ ਧੋਖੇ ਭਰੀ ਖੇਡ ਖੇਡਣ ਲਈ ਮੈਦਾਨ ਵਿੱਚ ਹਾਜਰ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਉੱਪਰਲੇ 1% ਅਮੀਰ ਘਰਾਣੇ ਮੁਲਕ ਦੇ 74% ਪੈਦਾਵਾਰ ਦੇ ਹਿੱਸੇ ਉੱਪਰ ਕਬਜ਼ਾ ਜਮਾਈ ਬੈਠੇ ਹਨ। ਜਦ ਕਿ ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਉੱਚੀ ਦਰ ਤੇ ਪਹੁੰਚ ਗਈ ਹੈ। ਰੁਜਗਾਰ ਮਿਲਣ ਦੀ ਥਾਂ ਰੁਜ਼ਗਾਰ ਖੁੱਸ ਰਿਹਾ ਹੈ। ਪੰਜਾਬ ਸਿਰ 3 ਲੱਖ ਕਰੋੜ ਰੁ. ਦੀ ਕਰਜ਼ੇ ਦੀ ਪੰਡ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਮੂੰਹ ਚਿੜਾ ਰਹੀ ਹੈ। ਸਾਢੇ ਤਿੰਨ ਲੱਖ ਤੋਂ ਵਧੇਰੇ ਕਿਸਾਨ ਖੁਦਕੁਸ਼ੀਆਂ ਕਰਨ ਵੱਲ ਧੱਕ ਦਿੱਤੇ ਗਏ ਹਨ। ਅਜਿਹੀ ਹਾਲਤ ਵਿੱਚ ਇਨਕਲਾਬੀ ਕੇਂਦਰ ਸਮਝਦਾ ਹੈ ਕਿ ਵੋਟ ਪਰਚੀ ਲੋਕਾਂ ਦੇ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ, ਸਗੋਂ ਇਸ ਵੋਟ ਪ੍ਰਬੰਧ ਤੋਂ ਭਲੇ ਦੀ ਝਾਕ ਛੱਡਦਿਆਂ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਣਾ ਵਧੇਰੇ ਢੁੱਕਵਾਂ ਹੈ। ਇਸ ਸਮੇਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ, ਜਸਵੰਤ ਜੀਰਖ ਨੇ ਕਿਹਾ ਆਪਣੇ ਕਾਡਰ ਨੂੰ ਇਸ ਵੋਟ ਪ੍ਰਬੰਧ ਨੂੰ ਸਮਝਣ ਲਈ ਅਤੇ ਬੀਤੇ ਇਤਿਹਾਸ ਵਿੱਚ ਲੋਕ ਮਸਲਿਆਂ ਦੇ ਹੱਲ ਲਈ ਚੱਲੀਆਂ ਇਤਿਹਾਸਕ ਬਗਾਵਤਾਂ ਦੇ ਰੂਬਰੂ ਹੋਣ ਲਈ ਇਨਕਲਾਬੀ ਕੇਂਦਰ ਪੰਜਾਬ ਅਤੇ ਸੀਪੀਆਈ ਐਮਐਲ ਨਿਊ ਡੈਮੋਕ੍ਰੇਸੀ ਵੱਲੋਂ ਫਰਬਰੀ ਦੇ ਪਹਿਲੇ ਹਫ਼ਤੇ ਜਿਲ੍ਹਾ ਪੱਧਰੀਆਂ ਵਿਸ਼ਾਲ ਕਨਵੈਨਸ਼ਨਾਂ ਕਰਨ ਤੋਂ ਬਾਅਦ ਪੰਦਰਾ ਰੋਜਾ ਪਿੰਡਾਂ, ਕਸਬਿਆਂ, ਸ਼ਹਿਰਾਂ ਅੰਦਰ ਘਰ ਘਰ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਦਹਿ ਹਜਾਰਾਂ ਦੀ ਗਿਣਤੀ ਵਿੱਚ ਛਪਿਆ “ਰਾਜ ਬਦਲੋ-ਸਮਾਜ ਬਦਲੋ” ਪੈਂਫਲਟ ਅਤੇ ਲੀਫਲੈੱਟ ਵੰਡਿਆ ਜਾਵੇਗਾ। ਇਸ ਮੀਟਿੰਗ ਵਿੱਚ ਜਾ ਰਜਿੰਦਰ ਪਾਲ ਅਤੇ ਡਾ ਸੁਖਵਿੰਦਰ ਨੇ ਵੀ ਵਿਚਾਰ ਰੱਖੇ।