ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਮਨਾਇਆ ਜਾਵੇਗਾ ਸਮਾਰੋਹ
ਪਰਦੀਪ ਕਸਬਾ , ਸੰਗਰੂਰ, 24 ਜਨਵਰੀ:2022
ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਪੁਲਿਸ ਲਾਈਨ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਰੋਹ ਦੇ ਸਬੰਧ ਵਿੱਚ ਅੱਜ ਅੰਤਿਮ ਰਿਹਰਸਲ ਹੋਈ ਜਿਸ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਲਿਸ ਲਾਈਨ ਵਿਖੇ ਹੀ ਸਥਿਤ ਸ਼ਹੀਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਮਹਿਮਾਨ ਵੱਲੋਂ ਕੌਮੀ ਝੰਡੇ ਦੀ ਰਸਮ ਤੋਂ ਬਾਅਦ ਵੱਖ ਵੱਖ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਜਿਸ ਤਹਿਤ ਪਰੇਡ ਕਮਾਂਡਰ ਡੀ.ਐਸ.ਪੀ ਦਿੜ੍ਹਬਾ ਸ਼੍ਰੀ ਪ੍ਰਿਥੀ ਸਿੰਘ ਚਹਿਲ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀਆਂ ਚਾਰ ਟੁਕੜੀਆਂ ਤੇ ਹੋਮਗਾਰਡਜ਼ ਦੀ ਇੱਕ ਟੁਕੜੀ ਦੇ ਨਾਲ ਨਾਲ ਅਕਾਲ ਅਕੈਡਮੀ ਚੀਮਾ ਦੀ ਬੈਂਡ ਟੁਕੜੀ ਨੇ ਹਿੱਸਾ ਲਿਆ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਟੀਮ ਨੇ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਕੀਤੀ।
ਬਾਅਦ ਵਿੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਜਲ ਸਪਲਾਈ ਤੇ ਸੈਨੀਟਸ਼ਨ, ਸਮਾਜਿਕ ਸੁਰੱਖਿਆ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਪੂਰੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਗਗਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।