ਨਸ਼ਿਆਂ ਦਾ ਧੰਦਾ ਕਰਦੇ ਦੋਸ਼ੀ ਮੌਕੇ ਤੇ ਕੀਤੇ ਕਾਬੂ
ਬਰਨਾਲਾ, ਰਘਬੀਰ ਹੈਪੀ,22 ਜਨਵਰੀ 2022
ਥਾਣਾ ਸ਼ਹਿਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦ ਸੂਚਨਾ ਦੇ ਆਧਾਰ ‘ਤੇ ਇਕ ਮੋਟਰਸਾਈਕਲ ਨੌਜਵਾਨ ਨੂੰ 250 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਪੁਲਿਸ ਪਾਰਟੀ ਨਾਲ ਨਹਿਰ ਬੱਸ ਸਟੈਂਡ ਸ਼ਹਿਣਾ ਵਿਖੇ ਮੌਜੂਦ ਸੀ ਤਾਂ ਕਿਸੇ ਖਾਸ ਨੇ ਸੂਚਨਾ ਦਿੱਤੀ ਕਿ ਸਲਮਾਨ ਖਾਨ ਸੈਟੂ ਪੁੱਤਰ ਭੋਲਾ ਖਾਨ ਵਾਸੀ ਤੂਤੜਾ ਪੱਤੀ ਨੇੜੇ ਸੁਸਾਇਟੀ ਸ਼ਹਿਣਾ ਬਾਹਰੋ ਅਫੀਮ ਲਿਆ ਕੇ ਪਿੰਡ ਸ਼ਹਿਣਾ ਤੇ ਇਸਦੇ ਆਸਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੇ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ‘ਤੇ ਸਵਾਰ ਹੋ ਕੇ ਬਾਹਰੋ ਅਫੀਮ ਲੈ ਕੇ ਆ ਰਿਹਾ ਹੈ। ਜੇਕਰ ਪਿੰਡ ਵਿਧਾਤਾ ਵਾਲੀ ਸਾਈਡ ਪਟੜੀ ‘ਤੇ ਨਾਕਾਬੰਦੀ ਕੀਤੀ ਜਾਵੇ ਤਾਂ ਸਲਮਾਨ ਖਾਨ ਸੈਟੂ ਤੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਵਿਧਾਤਾ ਵਾਲੀ ਸਾਈਡ ਪਟੜੀ ‘ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ‘ਤੇ ਆ ਰਹੇ ਸਲਮਾਨ ਖਾਨ ਸੈਟੂ ਤੋਂ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਮੁਕੱਦਮਾ ਨੰਬਰ 04 ਧਾਰਾ 18,25/ 61/85 ਐੱਨਡੀਪੀਐੱਸ ਐਕਟ ਤਹਿਤ ਦਰਜ ਕਰਕੇ ਮਾਮਲਾ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੂੰ ਸੌਪਿਆ ਗਿਆ ਹੈ। ਇਸ ਮੌਕੇ ਮੁੱਖ ਮੁਨਸ਼ੀ ਜਸਪਾਲ ਸਿੰਘ ਸਿੱਧੂ, ਅਮਰਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।