ਵਿਧਾਨ ਸਭਾ ਚੋਣਾਂ ਨੇੜੇ, ਪਰ ਨਹੀਂ ਦਿਸ ਰਹੀਆਂ ਸਰਗਰਮੀਆਂ
- ਦਰਜਨ ਤੋਂ ਵੱਧ ਉਮੀਦਵਾਰ ਚੋਣਾਂ ਵਿੱਚ ਲੈਣਗੇ ਹਿੱਸਾ
ਮਹਿਲ ਕਲਾਂ 20ਜਨਵਰੀ 2022 (ਪਾਲੀ ਵਜੀਦਕੇ,ਗੁਰਸੇਵਕ ਸਿੰਘ ਸਹੋਤਾ)
20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਜ਼ੋਰ ਹੈ। ਵੱਖੋ ਵੱਖ ਪਾਰਟੀਆਂ ਦੇ ਸਮਰਥਕ ਆਪੋ ਆਪਣੀ ਪਾਰਟੀ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੇ ਹਨ। ਪਰ ਸਚਾਈ ਇਹ ਹੈ ਕਿ ਜਿਥੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ,ਸੰਯੁਕਤ ਸਮਾਜ ਮੋਰਚੇ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਥੇਬੰਦੀਆਂ ਦੇ ਆਗੂ ਮੰਨਣ ਤੋਂ ਇਨਕਾਰੀ ਹੋਏ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ/ਬਸਪਾ ਗੱਠਜੋਡ਼ ਵੱਲੋਂ ਮਹਿਲ ਕਲਾਂ ਤੋਂ ਚਮਕੌਰ ਸਿੰਘ ਵੀਰ,ਹਲਕਾ ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ ਅਤੇ ਹਲਕਾ ਭਦੌੜ ਤੋਂ ਸਤਨਾਮ ਸਿੰਘ ਰਾਹੀ ਚੋਣ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪਹਿਲਾਂ ਦੋਵੇਂ ਵਿਧਾਇਕਾਂ ਨੂੰ ਫਿਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ,ਉੱਥੇ ਇੱਕ ਨਵੇਂ ਚਿਹਰੇ ਹਲਕਾ ਭਦੌੜ ਤੋਂ ਲਾਭ ਸਿੰਘ ਉਗੋਕੇ ਹੋਣਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਾਰੇ ਹੀ ਉਮੀਦਵਾਰਾਂ ਵੱਲੋਂ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਭਾਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਪੂਰੀ ਸਿਆਸੀ ਹਵਾ ਹੋਣ ਕਰਕੇ ਕਾਫੀ ਖੁਸ਼ ਸੀ ਪਰ ਇਸ ਵਾਰ ਸਿਆਸੀ ਸਮੀਕਰਨ ਆਮ ਆਦਮੀ ਪਾਰਟੀ ਦੇ ਅਨੁਕੂਲ ਦਿਖਾਈ ਨਹੀਂ ਦੇ ਰਹੇ। ਹੋਰਨਾਂ ਪਾਰਟੀਆਂ ਵਾਂਗ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕਾ ਮਹਿਲ ਕਲਾਂ ਅੰਦਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ਼ੀ ਨਹੀਂ ਦਿਖਾਈ ਦੇ ਰਹੀ। ਭਾਵੇਂਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਨੁੱਕੜ ਮੀਟਿੰਗਾਂ ਜਾਰੀ ਹਨ ਪਰ ਲੋਕਾਂ ਦੀ ਹਵਾ ਕਿਸ ਪਾਸੇ ਵਗੇਗੀ ਇਹ ਸਿੱਧ ਨਹੀਂ ਹੋ ਰਿਹਾ। ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਿਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਹੋਣਗੇ,ਉਥੇ ਅੱਧੀ ਦਰਜਨ ਦੇ ਕਰੀਬ ਆਜ਼ਾਦ ਉਮੀਦਵਾਰਾਂ ਦੇ ਹੋਣ ਦੀ ਸੰਭਾਵਨਾ ਵੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਬਾਬਾ ਸੁਖਵਿੰਦਰ ਸਿੰਘ ਟਿੱਬਾ ਵੀ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਚ ਚੋਣ ਮੀਟਿੰਗਾਂ ਕਰ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਲਈ ਜਿੱਤ ਦਾ ਰਾਹ ਪੱਧਰਾ ਕਰਨ ਵਾਲੇ ਸ਼ੇਰਪੁਰ ਦੇ ਆਗੂ ਤੇਜਾ ਸਿੰਘ ਆਜ਼ਾਦ ਇਸ ਵਾਰ ਪੰਡੋਰੀ ਦੇ ਵਿਰੁੱਧ ਦਿਖਾਈ ਦੇ ਰਹੇ ਹਨ ਅਤੇ ਖੁਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਪਿਛਲੀਆਂ ਚੋਣਾਂ ਵਿੱਚ ਆਪ ਦੇ ਹਮਾਇਤੀ ਰਹੇ ਕੁਝ ਪੰਥਕ ਆਗੂ ਵੀ ਇਸ ਵਾਰ ਕੇਜਰੀਵਾਲ ਖ਼ਿਲਾਫ਼ ਵਿਰੋਧ ਦਾ ਝੰਡਾ ਚੁੱਕੀ ਫਿਰ ਰਹੇ ਹਨ,ਤੇ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਤੇ ਕੇਜਰੀਵਾਲ ਤੋਂ ਆਪਣਾ ਪੱਖ ਪੁੱਛ ਰਹੇ ਹਨ। ਕਾਂਗਰਸ ਪਾਰਟੀ ਨੇ ਉਮੀਦਵਾਰ ਨੂੰ ਲੈ ਕੇ ਆਪਣਾ ਪੱਤਾ ਅਜੇ ਨਹੀਂ ਖੁੱਲ੍ਹਿਆ। ਕਾਂਗਰਸ ਪਾਰਟੀ ਵੱਲੋਂ ਦਾਅਵੇਦਾਰੀ ਜਤਾਉਣ ਵਾਲੇ ਕਾਂਗਰਸੀ ਆਗੂ ਚੋਣ ਦਾ ਐਲਾਨ ਹੁੰਦਿਆਂ ਹੀ ਘਰਾਂ ਵਿੱਚ ਵੜ ਗਏ। ਸੰਯੁਕਤ ਸਮਾਜ ਮੋਰਚਾ ਜੇਕਰ ਕਿਸੇ ਨੌਜਵਾਨ ਆਗੂ ਨੂੰ ਟਿਕਟ ਦਿੰਦਾ ਹੈ ਤਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਸਿਆਸੀ ਯੁੱਧ ਦੇਖਣ ਵਾਲਾ ਹੋਵੇਗਾ ਪਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਲਈ ਜਿੱਤ ਲਈ ਇਸ ਵਾਰ ਵੱਡਾ ਸੰਘਰਸ਼ ਕਰਨਾ ਪਵੇਗਾ।