ਖਤਰੇ ਦਾ ਘੁੱਗੂ ਬੋਲ ਗਿਆ ! ਮੋਬਾਇਲ ਮਿਲਾਉਣ ਤੇ ਜੁਆਬ ਮਿਲਦੈ ਫੋਨ ਦੀ ਸਵਿੱਚ ਆਫ
ਹਰਿੰਦਰ ਨਿੱਕਾ, ਬਰਨਾਲਾ 20 ਜਨਵਰੀ 2022
ਰੇਤ ਮਾਫੀਆ ਤੇ ਗੈਰਕਾਨੂੰਨੀ ਖਣਨ ਨਾਲ ਸਬੰਧਿਤ ਕੇਸਾਂ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕੁੜਿੱਕੀ ‘ਚ ਫਸੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰੋਂ ਲੰਘੇ ਦਿਨੀਂ , ਮਾਰੇ ਛਾਪਿਆਂ ਵਿੱਚ 8 ਕਰੋੜ ਰੁਪਏ ਦੀ ਨਗਦੀ ਦਾ ਸੇਕ ਹੁਣ ਬਰਨਾਲਾ ਜਿਲ੍ਹੇ ਅੰਦਰ ਵੀ ਪਹੁੰਚ ਗਿਆ ਹੈ। ਜਿਲ੍ਹੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਧੇਰੇ ਕਰੀਬੀ ਬਣ ਕੇ ਵਿਚਰਦਾ ਰਿਹਾ ਮਹਿਲ ਕਲਾਂ ਇਲਾਕੇ ਦਾ ਵੱਡਾ ਸਿੱਖਿਆ ਵਪਾਰੀ ਵੀ ਅਚਾਣਕ ਰੂਪੋਸ਼ ਹੋ ਗਿਆ ਹੈ। ਚੰਨੀ ਦੀ ਸੱਜੀ ਬਾਂਹ ਦੇ ਤੌਰ ਤੇ ਖੁਦ ਨੂੰ ਲੋਕਾਂ ਦਰਮਿਆਨ ਪੇਸ਼ ਕਰਨ ਵਾਲੇ ਇਸ ਵਿਅਕਤੀ ਦਾ ਮੋਬਾਇਲ ਫੋਨ ਵੀ ਸਵਿੱਚ ਆਫ ਆ ਰਿਹਾ ਹੈ। ਅਜਿਹਾ ਘਟਨਾਕ੍ਰਮ ਸਾਹਮਣੇ ਆਉਣ ਤੋਂ ਬਾਅਦ ਜਿਲ੍ਹੇ ਦੀ ਅਫਸਰਸ਼ਾਹੀ ਅਤੇ ਹਲਕੇ ਦੇ ਲੋਕਾਂ ਵਿੱਚ ਤਰਾਂ ਤਰਾਂ ਦੀਆਂ ਅਫਵਾਹਾਂ ਦਾ ਬਜ਼ਾਰ ਵੀ ਗਰਮ ਹੋ ਗਿਆ ਹੈ। ਬਹੁਤੇ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਉਕਤ ਸਿੱਖਿਆ ਵਪਾਰੀ ਵੀ ਈ.ਡੀ. ਦੇ ਰਾਡਾਰ ਤੇ ਆਇਆ ਹੋਇਆ ਹੈ। ਇਲਾਕੇ ਦੇ ਲੋਕਾਂ ਅੰਦਰ ਤਾਂ ਇਹ ਵੀ ਚਰਚਾ ਹੈ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਹੀ ਇਹ ਵਪਾਰੀ ਆਗੂ ਆਪਣੇ ਆਪ ਨੂੰ ਚੰਨੀ ਦਾ ਨੁਮਾਇੰਦਾ ਕਹਿ ਕੇ ਹੀ ਲੋਕਾਂ ਵਿੱਚ ਆਪਣੀ ਭੱਲ ਬਣਾ ਕੇ ਰੱਖਦਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਲ੍ਹੇ ਦੇ ਵੱਡੇ ਵੱਡੇ ਅਧਿਕਾਰੀ ਤੇ ਕਾਂਗਰਸ ਪਾਰਟੀ ਦੇ ਟਿਕਟੀਏ ਆਗੂ ਵੀ ਉਕਤ ਵਪਾਰੀ ਦੀ ਚੌਂਕੀ ਭਰਦੇ ਰਹੇ ਹਨ। ਜਦੋਂ ਚੰਨੀ ਬਣ ਕੇ ਇਲਾਕੇ ਵਿੱਚ ਵਿਚਰਦੇ ਰਹੇ ਇਸ ਸਿੱਖਿਆ ਵਪਾਰੀ ਦਾ ਪੱਖ ਜਾਣਨ ਲਈ, ਮੋਬਾਇਲ ਤੇ ਸੰਪਰਕ ਕਰਨਾ ਚਾਹਿਆ ਤਾਂ, ਉਸ ਦਾ ਫੋਨ ਬੰਦ ਆ ਰਿਹਾ ਹੈ।
ਭਲਾਂ ਕੀ ਐ ਈ.ਡੀ. ?
ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਾਂ ਡਾਇਰੈਕਟੋਰੇਟ ਜਨਰਲ ਆਫ ਇਕਨਾਮਿਕ ਇਨਫੋਰਸਮੈਂਟ ਯਾਨੀ ED , ਭਾਰਤ ਸਰਕਾਰ ਦੇ ਵਿੱਤ ਮੰਤਰਾਲੇ , ਮਾਲ ਵਿਭਾਗ ਦੇ ਅਧੀਨ ਇੱਕ ਵਿਸ਼ੇਸ਼ ਵਿੱਤੀ ਜਾਂਚ ਏਜੰਸੀ ਹੈ, ਜਿਸ ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ।