ਕੋਵਿਡ ਪਾਜਿਟਿਵ ਆਉਣ ਵਾਲੇ ਵੋਟਰ ਪੋਸਟਲ ਬੈਲੇਟ ਪੇਪਰ ਨਾਲ ਵੀ ਪਾ ਸਕਣਗੇ ਵੋਟਾਂ

Advertisement
Spread information

ਕੋਵਿਡ ਪਾਜਿਟਿਵ ਆਉਣ ਵਾਲੇ ਵੋਟਰ ਪੋਸਟਲ ਬੈਲੇਟ ਪੇਪਰ ਨਾਲ ਵੀ ਪਾ ਸਕਣਗੇ ਵੋਟਾਂ
-ਹਰ ਪੋਲਿੰਗ ਬੂਥ ‘ਤੇ ਵਲੰਟੀਅਰ ਵਹੀਲ ਚੇਅਰ ਸਮੇਤ ਰਹਿਣਗੇ ਤਾਇਨਾਤ
-ਏ.ਡੀ.ਸੀ. ਚੋਣਾਂ ਨੂੰ ਸਭ ਦੀ ਪਹੁੰਚ ‘ਚ ਬਣਾਉਣ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ


ਰਾਜੇਸ਼ ਗੌਤਮ, ਪਟਿਆਲਾ, 19 ਜਨਵਰੀ: 2022
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਯੋਗ ਵੋਟਰ ਦੀ ਵੋਟ ਪੁਆਉਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 13 ਤੋਂ 17 ਫਰਵਰੀ ਤੱਕ ਕੋਵਿਡ ਪਾਜਿਟਿਵ ਆਉਣ ਵਾਲੇ ਵੋਟਰ, ਹਸਪਤਾਲ ‘ਚ ਦਾਖਲ ਕੋਰੋਨਾ ਮਰੀਜ ਅਤੇ ਖ਼ੁਦ ਵੋਟ ਪਾਉਣ ਲਈ ਨਾ ਜਾ ਸਕਣ ਵਾਲੇ ਦਿਵਿਆਂਗ ਜਨਾਂ ਸਮੇਤ 80 ਸਾਲ ਤੋਂ ਵਧੇਰੇ ਉਮਰ ਵਾਲੇ ਨਾਗਰਿਕਾਂ ਨੂੰ ਪੋਸਟਲ ਬੈਲੇਟ ਪੇਪਰ ਜਾਰੀ ਕੀਤੇ ਜਾਣਗੇ।
ਏ.ਡੀ.ਸੀ. ਸ. ਥਿੰਦ ਨੇ ਸਪੱਸ਼ਟ ਕੀਤਾ ਕਿ ਪਰੰਤੂ 18, 19 ਅਤੇ 20 ਫਰਵਰੀ ਨੂੰ ਪਾਜਿਟਿਵ ਆਉਣ ਵਾਲੇ ਕੋਵਿਡ ਮਰੀਜਾਂ ਲਈ ਇਹ ਪ੍ਰਬੰਧ ਨਹੀਂ ਹੋਵੇਗਾ ਅਤੇ ਜਿਹੜੇ ਹੋਰ ਕੋਵਿਡ ਪਾਜਿਟਿਵ ਖ਼ੁਦ ਆਪਣੀ ਵੋਟ ਪਾਉਣ ਲਈ ਬੂਥ ‘ਤੇ ਜਾਣਾ ਚਾਹੁਣਗੇ ਉਹ ਵੋਟਾਂ ਵਾਲੇ ਦਿਨ ਆਖਰੀ ਘੰਟੇ ਸ਼ਾਮ 5 ਤੋਂ 6 ਵਜੇ ਤੱਕ ਪੋਲਿੰਗ ਬੂਥ ‘ਤੇ ਜਾ ਕੇ ਪੂਰਾ ਇਹਤਿਆਤ ਵਰਤਦੇ ਹੋਏ ਆਪਣੀ ਵੋਟ ਪਾ ਸਕਣਗੇ।
ਵਿਧਾਨ ਸਭਾ ਚੋਣਾਂ-2022 ਨੂੰ ਸਭ ਦੀ ਪਹੁੰਚ ‘ਚ ਬਣਾਉਣ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਸੀਨੀਅਰ ਸਿਟੀਜਨਸ ਅਤੇ ਦਿਵਿਆਂਗ ਜਨਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੰਮ ਲਈ ਗ਼ੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਹਰ ਬੂਥ ‘ਤੇ ਵਲੰਟੀਅਰਾਂ ਸਮੇਤ ਵਹੀਲ ਚੇਅਰ ਦਾ ਪ੍ਰਬੰਧ ਕਰਨ ਸਮੇਤ ਮਾਸਕ ਅਤੇ ਸੈਨੇਟਾਈਜਰ ਵੀ ਮੁਹੱਈਆ ਕਰਵਾਏ ਜਾਣਗੇ।
ਮੀਟਿੰਗ ‘ਚ ਮੌਜੂਦ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਏ.ਡੀ.ਸੀ. ਸ. ਥਿੰਦ ਨੇ ਕਿਹਾ ਕਿ ਜ਼ਿਲ੍ਹੇ ‘ਚ 34 ਹਜ਼ਾਰ ਸੀਨੀਅਰ ਸਿਟੀਜਨ ਵੋਟਰ ਤੇ 12061 ਦਿਵਿਆਂਗ ਜਨ ਵੋਟਰ ਹਨ, ਇਨ੍ਹਾਂ ‘ਚੋਂ ਜੇਕਰ ਕੋਈ ਆਪਣੀ ਵੋਟ ਪਾਉਣ ਬੂਥ ‘ਤੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਹੈ, ਇਸ ਲਈ ਵੀ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੋਲਣ ਅਤੇ ਸੁਨਣ ਤੋਂ ਅਸਮਰਥ ਵੋਟਰਾਂ ਲਈ ਸਾਇਨ ਲੈਂਗੂਏਜ ਦੇ ਫਲੈਕਸ ਲਗਾਏ ਜਾਣਗੇ ਜਦਕਿ ਦੇਖਣ ਤੋਂ ਅਸਮਰਥ ਨਾਗਰਿਕਾਂ ਲਈ ਵੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਐਨ.ਐਸ.ਐਸ. ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਵੀ ਸਹਿਯੋਗ ਕਰਨਗੇ ਅਤੇ ਹਰ ਬੂਥ ‘ਤੇ ਚੋਣ ਮਿੱਤਰ ਵੀ ਤਾਇਨਾਤ ਰਹਿਣਗੇ।
ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇ ਨੋਡਲ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਮੋਨੀਟਰਿੰਗ ਕਮੇਟੀ ਵੱਲੋਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਹੋਏ ਦਿਵਿਆਂਗ ਜਨਾਂ ਤੇ ਸੀਨੀਅਰ ਸਿਟੀਜਨਸ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਉਚੇਚੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹੇ ‘ਚੋਂ ਸਟੇਟ ਆਈਕਨ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਕਿਰਨ, ਸਾਈਕਲਿਸਟ ਜਗਵਿੰਦਰ ਸਿੰਘ, ਪਟਿਆਲਾ ਡੈਫ ਸੁਸਾਇਟੀ ਦੇ ਪ੍ਰਧਾਨ ਜਗਦੀਪ ਸਿੰਘ, 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਹੈਲਪਏਜ ਸੰਸਥਾ ਦੇ ਲਖਵਿੰਦਰ ਸਰੀਨ, ਕਰਨਲ ਕਰਮਿੰਦਰਾ ਸਿੰਘ, ਕਰਨਲ ਜੇ.ਐਸ. ਥਿੰਦ, ਏ.ਐਸ. ਔਲਖ, ਸੁਸ਼ਮਿਤਾ ਸਿੱਧੂ, ਸੁਸਮਾ ਵਿਸਾਲ, ਰੋਜੀ ਸਰੀਨ, ਯਾਦਵਿੰਦਰ ਸਿੰਘ, ਏ.ਈ.ਟੀ.ਸੀ. ਮਨੋਹਰ ਸਿੰਘ, ਡੀ.ਡੀ.ਪੀ.ਓ. ਰੂਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ, ਸਮੇਤ ਸੀ.ਡੀ.ਪੀ.ਓਜ ਅਤੇ ਹੋਰ ਅਧਿਕਾਰੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!