ਬੱਸ ਸਟੈਂਡ ਵਿਖੇ ਵਿਸ਼ੇਸ਼ ਕੈਂਪ ਦੌਰਾਨ 176 ਵਿਅਕਤੀ ਕਰਵਾਇਆ ਕੋਵਿਡ ਟੀਕਾਕਰਨ
ਪਰਦੀਪ ਕਸਬਾ ,ਸੰਗਰੂਰ, 12 ਜਨਵਰੀ: 2022
ਰਿਜਨਲ ਟਰਾਂਸਪੋਰਟ ਅਥਾਰਟੀ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਪੀ. ਆਰ. ਟੀ. ਸੀ. ਬੱਸ ਸਟੈਂਡ ਅਤੇ ਵਰਕਸ਼ਾਪ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਵਾਇਆ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣਾਂ 2022 ਦੌਰਾਨ ਵਰਤੀਆਂ ਜਾਣ ਵਾਲੀਆਂ ਬੱਸਾਂ ਅਤੇ ਗੱਡੀਆਂ ਦੇ ਡਰਾਈਵਰ ਤੇ ਕੰਡਕਟਰਾਂ ਦੀ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਈ ਗਈ।
ਇਸ ਮੌਕੇ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਸ਼੍ਰੀ ਰਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਸ਼੍ਰੀ ਲਤੀਫ਼ ਅਹਿਮਦ ਦੀ ਅਗਵਾਈ ਹੇਠ ਇਸ ਵਿਸ਼ੇਸ਼ ਕੈਂਪ ਵਿਚ ਕੁੱਲ 176 ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਾਇਆ ਗਿਆ, ਜਿਸ ਵਿਚ 148 ਨੂੰ ਕੋਵੀਸ਼ੀਲਡ ਅਤੇ 28 ਨੂੰ ਕੋਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਡਰਾਇਵਰਾਂ ਤੇ ਕੰਡਕਟਰਾਂ ਦੇ ਨਾਲ-ਨਾਲ ਸਵਾਰੀਆਂ ਨੇ ਵੀ ਕੋਵਿਡ ਵੈਕਸੀਨ ਲਗਵਾਈ। ਉਨ੍ਹਾਂ ਆਮ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਵਿਡ ਤੋਂ ਬਚਣ ਲਈ ਵੈਕਸੀਨ ਹੀ ਇਕੋ ਇਕ ਕਾਰਗਾਰ ਹਥਿਆਰ ਹੈ। ਇਸ ਲਈ ਕੋਵਿਡ ਦੇ ਵੱਧ ਦੇ ਰਹੇ ਖ਼ਤਰੇ ਨੂੰ ਵੇਖਦਿਆਂ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਤੁਰੰਤ ਲਗਵਾ ਲੈਣੀ ਚਾਹੀਦੀ ਹੈ। ਉਨ੍ਹਾਂ ਸਾਰੀਆਂ ਬੱਸ ਕੰਪਨੀਆਂ ਤੇ ਸਕੂਲ ਬੱਸ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਡਰਾਈਵਰ, ਕੰਡਕਟਰ ਅਤੇ ਹੈਲਪਰਾਂ ਦੇ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਨੂੰ ਤਰਜੀਹ ਦੇਣ।
ਇਸ ਦੇ ਨਾਲ ਹੀ ਦਫਤਰੀ ਸਟਾਫ ਵੱਲੋਂ ਟੀਕਾਕਰਨ ਲਈ ਆਏ ਵਿਅਕਤੀਆਂ ਨੂੰ ਸਵੀਪ ਮੁਹਿੰਮ ਤਹਿਤ ਵੋਟਾਂ ਦੀ ਅਹਿਮੀਅਤ ਅਤੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਪ੍ਰਤੀ ਵੀ ਜਾਗਰੂਕ ਕੀਤਾ ਗਿਆ । ਇਸ ਸਮੇਂ ਸ਼੍ਰੀ ਮਨਿੰਦਰ ਸਿੰਘ ਸਿੱਧੂ ਜੀ. ਐਮ., ਪੀ. ਆਰ. ਟੀ. ਸੀ ਅਤੇ ਸਟਾਫ ਹਾਜਰ ਸੀ।